ਪੰਜਾਬ ਯੁਵਕ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਨੇ ਸੂਬੇ ਵਿੱਚ 200 ਤੋਂ ਵੱਧ ਸਫਲਤਾਪੂਰਵਕ ਟੀਕਾਕਰਣ ਕੈਂਪ ਲਾਏ: ਸੁਖਵਿੰਦਰ ਸਿੰਘ ਬਿੰਦਰਾ
ਨਿਊਜ਼ ਪੰਜਾਬ
ਚੰਡੀਗੜ/ਲੁਧਿਆਣਾ, 22 ਜੂਨ:
ਪੰਜਾਬ ਯੁਵਕ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਦੱਸਿਆ ਕਿ ਬੋਰਡ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ 200 ਤੋਂ ਵੱਧ ਟੀਕਾਕਰਣ ਕੈਂਪ ਲਾਏ ਹਨ। ਉਨਾਂ ਦੱਸਿਆ ਕਿ ਇਹ ਕੈਂਪ ਹਜ਼ਾਰਾਂ ਯੂਥ ਕਲੱਬਾਂ ਸਮੇਤ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰਾਂ ਅਤੇ ਜ਼ਿਲਾ ਖੇਡ ਅਫਸਰਾਂ ਦੇ ਸਰਗਰਮ ਸਹਿਯੋਗ ਨਾਲ ਲਗਾਏ ਗਏ ।
ਅੱਜ ਇੱਥੇ ਗੁਰੂ ਨਾਨਕ ਸਟੇਡੀਅਮ ਵਿਖੇ ਖਿਡਾਰੀਆਂ ਲਈ ਇੱਕ ਵਿਸ਼ੇਸ਼ ਟੀਕਾਕਰਣ ਕੈਂਪ ਦਾ ਉਦਘਾਟਨ ਕਰਦਿਆਂ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਜ਼ਿਲੇ ਵਿੱਚ ਕੋਵਿਡ ਦੀ ਸੰਭਾਵੀ ਤੀਜੀ ਲਹਿਰ ਨਾਲ ਨਜਿੱਠਣ ਲਈ ਹਰੇਕ ਯੋਗ ਵਿਅਕਤੀ ਨੂੰ ਜੀਵਨ ਰੱਖਿਅਕ ਟੀਕਾ ਲਗਵਾਉਣ ਨੂੰ ਯਕੀਨੀ ਬਣਾਉਣ ਲਈ ਕੋਵਿਡ ਟੀਕਾਕਰਣ ਕੈਂਪ ਲਾਏ ਜਾ ਰਹੇ ਹਨ।
ਉਨਾਂ ਕਿਹਾ ਕਿ ਬੋਰਡ ਅਗਲੇ 2 ਮਹੀਨਿਆਂ ਦੌਰਾਨ ਲੁਧਿਆਣਾ ਵਿੱਚ 10 ਲੱਖ ਲੋਕਾਂ ਦੇ ਟੀਕਾਕਰਣ ਨੂੰ ਯਕੀਨੀ ਬਣਾਏਗਾ। ਉਹਨਾਂ ਇਲਾਕਾ ਨਿਵਾਸੀਆਂ ਨੂੰ ਪੰਜ ਮਹੀਨਿਆਂ ਅੰਦਰ 10 ਲੱਖ ਦਾ ਅੰਕੜਾ ਪਾਰ ਕਰਨ ਲਈ ਵਧਾਈ ਦਿੱਤੀ।
ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੇ 18 ਸਾਲ ਤੋਂ ਵੱਧ ਉਮਰ ਵਰਗ ਦੀ ਆਬਾਦੀ ਲਈ ਟੀਕੇ ਦੇ ਲੋੜੀਂਦੇ ਭੰਡਾਰ ਅਤੇ ਉਪਲਬਧਤਾ ਨੂੰ ਯਕੀਨੀ ਬਣਾਇਆ ਹੈ ਅਤੇ ਹੁਣ ਨੌਜਵਾਨਾਂ ਨੂੰ ਇਸ ਟੀਕਾਕਰਣ ਮੁਹਿੰਮ ਵਿਚ ਵਧ-ਚੜਕੇ ਹਿੱਸਾ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਪ੍ਰਭਾਵੀ ਢੰਗ ਨਾਲ ਕੋਵਿਡ ਦਾ ਮੁਕਾਬਲਾ ਕੀਤਾ ਜਾ ਸਕੇ।
ਸ੍ਰੀ ਬਿੰਦਰਾ ਨੇ ਨੌਜਵਾਨ ਯੋਧਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਟੀਕਾ ਲਗਾਉਣ ਲਈ ਹੋਰਨਾਂ ਨੂੰ ਪੇ੍ਰਰਿਤ ਕਰਨ ਤਾਂ ਜੋ ਰੋਗ ਪ੍ਰਤੀਰੋਧਕ ਸ਼ਕਤੀ ਵਧਾਈ ਜਾ ਸਕੇ , ਜਿਸ ਨਾਲ ਵਾਇਰਸ ਦੀ ਸੰਚਾਰ ਲੜੀ ਨੂੰ ਤੋੜ ਕੇ ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕੀਤੀ ਜਾ ਸਕੇ।
ਉਹਨਾਂ ਨੇ ਨੌਜਵਾਨਾਂ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਖੁਦ , ਆਪਣੇ ਪਰਿਵਾਰਾਂ ਅਤੇ ਆਪਣੇ ਆਂਢ-ਗੁਆਂਢ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਵਿਡ-19 ਦੀ ਰੋਕਥਾਮ ਸਬੰਧੀ ਟੀਕਾਕਰਣ ਕਰਵਾਉਣ ਲਈ ਪ੍ਰਣ ਲੈਣ ਲਈ ਵੀ ਕਿਹਾ। ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਰਾਜ ਦੇ ਸਮੂਹ ਨੌਜਵਾਨ ਖੁਦ ਹੀ ਟੀਕਾ ਲਗਵਾਉਣ ਲਈ ਪ੍ਰੇਰਿਤ ਹੋ ਰਹੇ ਹਨ। ਉਨਾਂ ਕਿਹਾ ਕਿ ਪੀ.ਵਾਈ.ਡੀ.ਬੀ. ਸਾਰੇ ਯੋਗ ਵਿਅਕਤੀਆਂ ਨੂੰ ਕੋਵਿਡ-19 ਟੀਕੇ ਦੀ ਖੁਰਾਕ ਦੇਣ ਲਈ ਠੋਸ ਯਤਨ ਕਰ ਰਹੀ ਹੈ ਅਤੇ ਵੱਧ ਤੋਂ ਵੱਧ ਯੋਗ ਲੋਕਾਂ ਦੇ ਜਲਦੀ ਟੀਕਾ ਲਗਾਏ ਜਾਣ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਜ਼ਿਲਾ ਖੇਡ ਅਫਸਰ ਰਵਿੰਦਰ ਸਿੰਘ, ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਤੋਂ ਇਲਾਵਾ ਕਈ ਹੋਰ ਵੀ ਹਾਜ਼ਰ ਸਨ।