ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਕੌਮਾਂਤਰੀ ਗੱਤਕਾ ਦਿਵਸ 21 ਜੂਨ ਨੂੰ

ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਕੌਮਾਂਤਰੀ ਗੱਤਕਾ ਦਿਵਸ 21 ਜੂਨ ਨੂੰ
• ਇਸਮਾਕ ਐਵਾਰਡਾਂ ਲਈ ਹੋਣਗੇ ਆਨਲਾਈਨ ਗੱਤਕਾ ਮੁਕਾਬਲੇ
• ਜੇਤੂਆਂ ਨੂੰ ਇਨਾਮਾਂ ਤੇ ਟਰਾਫੀਆਂ ਨਾਲ ਕੀਤਾ ਜਾਵੇਗਾ ਸਨਮਾਨਿਤ

ਚੰਡੀਗੜ 19 ਜੂਨ : ਵਿਸ਼ਵ ਗੱਤਕਾ ਫੈਡਰੇਸ਼ਨ (ਰਜਿ.), ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਰਜਿ.) (ਇਸਮਾਕ) ਅਤੇ ਗਲੋਬਲ ਮਿਡਾਸ ਫਾਊਂਡੇਸ਼ਨ ਵੱਲੋਂ 21 ਜੂਨ ਨੂੰ ਵੱਖ-ਵੱਖ ਥਾਂਵਾਂ ’ਤੇ 7ਵਾਂ ਕੌਮਾਂਤਰੀ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਨਿਰੋਲ ਸ਼ਸ਼ਤਰ ਸਿੱਖ ਵਿੱਦਿਆ ਦਾ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਵਿੱਚੋਂ ਇੱਕ ਲੜਕੇ ਤੇ ਇੱਕ ਲੜਕੀਆਂ ਸਮੇਤ ਇੱਕ ਗੱਤਕਾ ਖਿਡਾਰੀ/ਖਿਡਾਰਨ ਨੂੰ ਇਸਮਾਕ ਵੱਲੋਂ 2,100/2,100 ਰੁਪਏ ਤੇ 1,100 ਰੁਪਏ ਦੇ ‘ਇਸਮਾਕ ਐਵਾਰਡਾਂ’ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਇਸਮਾਕ ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਇਸਮਾਕ ਵੱਲੋਂ ਇਹ ਐਵਾਰਡ ਹਰ ਸਾਲ ਕੌਮਾਂਤਰੀ ਗੱਤਕਾ ਦਿਵਸ ਦੇ ਮੌਕੇ ਦਿੱਤੇ ਜਾਇਆ ਕਰਨਗੇ। ਉਨਾਂ ਕਿਹਾ ਕਿ ਇਸਮਾਕ ਐਵਾਰਡਾਂ ਵਿੱਚ ਦੇਸ਼-ਵਿਦੇਸ਼ ਦੀਆਂ ਗੱਤਕਾ ਟੀਮਾਂ ਆਨਲਾਈਨ ਭਾਗ ਲੈ ਸਕਦੀਆਂ ਹਨ। ਹਰੇਕ ਟੀਮ ਵਿੱਚ 5 ਤੋਂ 8 ਖਿਡਾਰੀ/ਖਿਡਾਰਨਾਂ ਹੋਣ ਅਤੇ ਉਮਰ 10 ਤੋਂ 25 ਸਾਲ ਤੱਕ ਹੋਵੇ।
ਉਨਾਂ ਕਿਹਾ ਕਿ ਟੀਮਾਂ ਵੱਲੋਂ ਬਾਣੇ ਵਿੱਚ ਆਪਣੀ ਵੀਡੀਓ ਬਣਾ ਕੇ 21 ਜਾਂ 22 ਜੂਨ ਨੂੰ ਸ਼ਾਮ 5 ਵਜੇ ਤੱਕ ਈਮੇਲ ISMACouncil@gmail.com ਉਤੇ ਰਾਹੀਂ ਭੇਜੀ ਜਾਵੇ। ਉਪਰੰਤ ਇਸਮਾਕ ਦੀ ਆਫੀਸ਼ੀਅਲ ਕਮੇਟੀ ਵੱਲੋਂ ਸਾਰੀਆਂ ਵੀਡੀਓਜ਼ ਵਿੱਚ ਟੀਮਾਂ ਦੇ ਸ਼ਸ਼ਤਰ ਪ੍ਰਦਰਸ਼ਨ ਨੂੰ ਨਿਯਮਾਂ ਮੁਤਾਬਿਕ ਘੋਖਣ ਉਪਰੰਤ ਜੇਤੂ ਟੀਮਾਂ ਤੇ ਬਿਹਤਰ ਖਿਡਾਰੀ/ਖਿਡਾਰਨ ਦਾ ਐਲਾਨ ਕੀਤਾ ਜਾਵੇਗਾ ਜਿੰਨਾਂ ਨੂੰ ਵਿਸ਼ੇਸ ਸਮਾਗਮ ਦੌਰਾਨ ਨਗਦ ਇਨਾਮਾਂ ਅਤੇ ਇਸਮਾਕ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।
ਸ. ਗਰੇਵਾਲ, ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਸ਼ਸ਼ਤਰ ਪ੍ਰਦਰਸਨ ਦੌਰਾਨ ਟੀਮ ਵੱਲੋਂ ਬਣਾਈ ਵੀਡੀਓ 3 ਤੋਂ 5 ਮਿੰਟ ਦੀ ਹੋਵੇ ਅਤੇ ਇਸਮਾਕ ਦੀ ਗੱਤਕਾ ਨਿਯਮਾਂਵਲੀ ਅਨੁਸਾਰ ਸਿਰਫ਼ ਪ੍ਰਵਾਨਿਤ ਸ਼ਸ਼ਤਰ ਹੀ ਵਰਤੇ ਜਾਣ। ਉਨਾਂ ਕਿਹਾ ਕਿ ਸ਼ਸ਼ਤਰ ਪ੍ਰਦਰਸਨ ਦੌਰਾਨ ਕਿਸੇ ਵੀ ਤਰਾਂ ਦੀ ਕੋਈ ਵੀ ਬਾਜ਼ੀਗਿਰੀ ਜਾਂ ਸਟੰਟਬਾਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਇਸਮਾਕ ਐਵਾਰਡਾਂ ਲਈ ਈਮੇਲ ਰਾਹੀਂ ਵੀਡਿਓ ਭੇਜਣ ਵੇਲੇ ਈਮੇਲ ਵਿੱਚ ਅਖਾੜੇ ਦਾ ਪਤਾ, ਮੋਬਾਈਲ ਨੰਬਰ ਤੇ ਈ-ਮੇਲ ਆਦਿ ਸਮੇਤ ਗੱਤਕੇਬਾਜਾਂ ਦੇ ਨਾਮ ਵੀ ਉਮਰ ਸਮੇਤ ਭੇਜੇ ਜਾਣ। ਇੰਨਾਂ ਇਨਾਮਾਂ ਬਾਰੇ ਹੋਰ ਵੇਰਵੇ ਇਸਮਾਕ ਦੀ ਵੈਬਸਾਈਟ www.ISMAA.net ਤੋਂ ਆਨਲਾਈਨ ਦੇਖੇ ਜਾ ਸਕਦੇ ਹਨ।