ਪੰਜਾਬ ਖੇਡ ਵਿਭਾਗ ਦੀ ਡਿਜੀਟਲ ਪਹਿਲ, ਰਾਣਾ ਸੋਢੀ ਵੱਲੋਂ ਮੋਬਾਈਲ ਐਪ “ਖੇਡੋ ਪੰਜਾਬ” ਜਾਰੀ

ਨਿਊਜ਼ ਪੰਜਾਬ 
ਚੰਡੀਗੜ੍ਹ, 18 ਜੂਨ:
ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਖੇਡ ਵਿਭਾਗ ਅਤੇ ਪੰਜਾਬ ਰਾਜ ਦੇ ਸਮੂਹ ਖਿਡਾਰੀਆਂ ਨੂੰ ਡਿਜੀਟਲ ਪਲੇਟਫ਼ਾਰਮ ‘ਤੇ ਲਿਆਉਣ ਲਈ ਵਿਸ਼ੇਸ਼ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ।
ਰਾਣਾ ਸੋਢੀ ਨੇ ਦੱਸਿਆ ਕਿ ਖੇਡ ਵਿਭਾਗ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਵਿਭਾਗ ਨੇ ਆਪਣੀ ਪਹਿਲੀ ਮੋਬਾਈਲ ਐਪ ਲਾਂਚ ਕੀਤੀ ਹੈ। ਉਨ੍ਹਾਂ ਕਿਹਾ ਕਿ “ਖੇਡੋ ਪੰਜਾਬ” ਨਾਮੀ ਇਸ ਮੋਬਾਈਲ ਐਪ ਦੀ ਸ਼ੁਰੂਆਤ ਨਾਲ ਮੌਜੂਦਾ ਖਿਡਾਰੀ ਅਤੇ ਉਭਰਦੇ ਖਿਡਾਰੀ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਣਗੇ ਅਤੇ ਆਪਣੇ ਕੌਮਾਂਤਰੀ/ਕੌਮੀ/ਰਾਜ ਪੱਧਰ ਦੇ ਮੁਕਾਬਲੇਬਾਜ਼ਾਂ ਅਤੇ ਟੀਚਿਆਂ ਦੀ ਪਛਾਣ ਕਰਨ ਤੋਂ ਇਲਾਵਾ ਆਪਣੀ ਦਿਲਚਸਪੀ ਵਾਲੀ ਕੋਈ ਵੀ ਖੇਡ ਚੁਣ ਸਕਣਗੇ। ਉਨ੍ਹਾਂ ਕਿਹਾ ਕਿ ਇਹ ਉਦਮ ਖਿਡਾਰੀਆਂ ਵਿੱਚ ਮੁਕਾਬਲੇ ਲਈ ਉਤਸ਼ਾਹ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ।
ਰਾਣਾ ਸੋਢੀ ਨੇ ਕਿਹਾ ਕਿ ਡਿਜੀਟਲ ਪਲੇਟਫ਼ਾਰਮ ਜ਼ਰੀਏ ਖਿਡਾਰੀ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਸਥਿਤ ਸਾਰੇ ਕੋਚਿੰਗ ਸੈਂਟਰਾਂ ਅਤੇ ਵਿੰਗਾਂ ਨੂੰ ਲੱਭ ਸਕਣਗੇ। ਇਸ ਡਿਜੀਟਾਈਜ਼ੇਸ਼ਨ ਨਾਲ ਜ਼ਿਲ੍ਹਾ ਖੇਡ ਅਫ਼ਸਰਾਂ/ਕੋਚਾਂ ਦੀ ਹਾਜ਼ਰੀ, ਸਮੇਂ ਦੀ ਪਾਬੰਦੀ, ਵਧੀਆ ਖੇਡ ਪ੍ਰਦਰਸ਼ਨ ਆਦਿ ਦੀਆਂ ਸਾਰੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕੇਗੀ।  ਰਾਣਾ ਸੋਢੀ ਨੇ ਕਿਹਾ ਕਿ ਸੂਬਾ ਸਰਕਾਰ ਰਿਹਾਇਸ਼ੀ ਵਿੰਗਾਂ ਲਈ ਡਾਈਟ ਮਨੀ ਵਜੋਂ ਪ੍ਰਤੀ ਦਿਨ ਪ੍ਰਤੀ ਖਿਡਾਰੀ 200 ਰੁਪਏ ਅਤੇ ਡੇਅ ਸਕਾਲਰ ਵਿੰਗਾਂ ਲਈ ਡਾਈਟ ਮਨੀ ਵਜੋਂ ਪ੍ਰਤੀ ਖਿਡਾਰੀ ਨੂੰ 100 ਰੁਪਏ ਪ੍ਰਤੀ ਦਿਨ ਵੱਡੀ ਰਕਮ ਖ਼ਰਚ ਕਰ ਰਹੀ ਹੈ। ਹੁਣ ਖੇਡ ਵਿਭਾਗ ਦੇ ਡਿਜੀਟਲ ਪਲੇਟਫ਼ਾਰਮ ਰਾਹੀਂ ਇਸ ਸਕੀਮ ਦਾ ਵਿੱਤੀ ਅਤੇ ਪ੍ਰਬੰਧਕੀ ਨਿਯੰਤਰਣ ਆਸਾਨ ਹੋ ਜਾਵੇਗਾ।
ਰਾਣਾ ਗੁਰਮੀਤ ਸਿੰਘ ਸੋਢੀ ਨੇ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪਹਿਲਕਦਮੀ ਨੂੰ ਹਕੀਕਤ ਬਣਾਉਣ ਲਈ ਉਨ੍ਹਾਂ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਰੰਗ ਲਿਆਈ ਹੈ।
ਇਸੇ ਦੌਰਾਨ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ ਦੇ ਦੱਸਿਆ ਕਿ ਇਹ ਐਪ ਅਗਲੇ ਕੁਝ ਦਿਨਾਂ ਵਿੱਚ ਮੋਬਾਈਲ ਦੇ ਐਂਡਰਾਇਡ ਅਤੇ ਆਈ.ਓ.ਐਸ. ਵਰਜ਼ਨ ਤੋਂ ਡਾਊਨਲੋਡ ਕੀਤੀ ਜਾ ਸਕੇਗੀ।