ਐਲਰਜੀ ਵਾਲੇ ਲੋਕ,ਗਰਭਵਤੀ ਮਹਿਲਾਵਾਂ,ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਅਤੇ ਬਿਮਾਰੀਆਂ ਨਾਲ ਗ੍ਰਸਤ ਵਿਅਕਤੀ ਕੋਵਿਡ-19 ਟੀਕਾ ਲਗਵਾ ਸਕਦੇ ਹਨ ? ਡਾ. ਵੀ ਕੇ ਪਾਲ ਨੇ ਦਿੱਤੇ ਜਵਾਬ

ਨਿਊਜ਼ ਪੰਜਾਬ

ਕੋਵਿਡ-19 ਟੀਕਾਕਰਨ ਤੇ ਅਕਸਰ ਪੁੱਛੇ ਜਾਣ ਵਾਲੇ ਸਵਾਲ

ਕੀ ਐਲਰਜੀ ਵਾਲੇ ਲੋਕਾਂ ਨੂੰ ਟੀਕਾ ਲਗਾਇਆ ਜਾ ਸਕਦਾ ਹੈ?

ਕੀ ਗਰਭਵਤੀ ਮਹਿਲਾਵਾਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਜਾ ਸਕਦਾ ਹੈ?

ਕੀ ਟੀਕਾ ਲਗਵਾਉਣ ਤੋਂ ਬਾਅਦ ਮੇਰੇ ਅੰਦਰ ਲੋੜੀਂਦੀ ਮਾਤਰਾ ਵਿਚ ਐਂਟੀ ਬਾਡੀਜ਼ ਬਣ ਜਾਂਦੀਆਂ ਹਨ?

ਕੀ ਵੈਕਸਿਨ ਦੀ ਖੁਰਾਕ ਲੈਣ ਤੋਂ ਬਾਅਦ ਖੂਨ ਦੇ ਥੱਕੇ ਜੰਮਣਾ ਆਮ ਹੈ?

ਜੇਕਰ ਮੈਨੂੰ ਕੋਵਿਡ ਇਨਫੈਕਸ਼ਨ ਹੋ ਗਿਆ, ਤਾਂ ਕਿੰਨੇ ਦਿਨਾਂ ਬਾਅਦ ਮੈਨੂੰ ਟੀਕਾ ਲਗਾਇਆ ਜਾ ਸਕਦਾ ਹੈ?

ਇਹ ਕੁਝ ਅਜਿਹੇ ਸਵਾਲ ਹਨ ਜੋ ਕੋਵਿਡ ਟੀਕਾਕਰਨ ਬਾਰੇ ਲੋਕ ਅਕਸਰ ਪੁੱਛਦੇ ਹਨ। ਡਾ. ਵੀ ਕੇ ਪਾਲ, ਮੈਂਬਰ (ਸਿਹਤ), ਨੀਤੀ ਆਯੋਗ ਅਤੇ ਡਾ. ਰਣਦੀਪ ਗੁਲੇਰੀਆ, ਡਾਇਰੈਕਟਰ ਆਲ ਇੰਡੀਆ ਇੰਸਟੀਚਿਊਟ ਆਫ ਮੈਡਿਕਲ ਸਾਇੰਸਿਜ਼, ਨੇ ਐਤਵਾਰ 6 ਜੂਨ ਨੂੰ ਡੀਡੀ ਨਿਊਜ਼ ਤੇ ਇਕ ਖਾਸ ਪ੍ਰੋਗਰਾਮ ਵਿਚ ਕੋਵਿਡ-19 ਟੀਕਿਆਂ ਬਾਰੇ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਸ਼ੰਕੇ ਦੂਰ ਕਰਨ ਬਾਰੇ ਸੰਬੋਧਨ ਕੀਤਾ।

ਸਹੀ ਤੱਥਾਂ ਅਤੇ ਸੂਚਨਾਵਾਂ ਦੀ ਜਾਣਕਾਰੀ ਲਈ ਇਸ ਨੂੰ ਪੜੋ ਅਤੇ ਇਨਫੈਕੀਕਸ਼ਨ ਤੋਂ ਸੁਰੱਖਿਅਤ ਰਹੋ।

ਕੀ ਐਲਰਜੀ ਵਾਲੇ ਲੋਕਾਂ ਨੂੰ ਟੀਕਾ ਲਗਾਇਆ ਜਾ ਸਕਦਾ ਹੈ ?

ਡਾ. ਪਾਲ – ਜੇਕਰ ਕਿਸੇ ਨੂੰ ਐਲਰਜੀ ਦੀ ਗੰਭੀਰ ਸਮੱਸਿਆ ਹੈ ਤਾਂ ਡਾਕਟਰੀ ਸਲਾਹ ਤੋਂ ਬਾਅਦ ਹੀ ਕੋਵਿਡ ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਹਾਲਾਂਕਿ ਜੇਕਰ ਇਹ ਕੇਵਲ ਮਾਮੂਲੀ ਐਲਰਜੀ ਜਿਵੇਂ ਕਿ ਆਮ ਸਰਦੀ, ਚਮਡ਼ੀ ਦੀ ਐਲਰਜੀ ਆਦਿ ਦਾ ਸਵਾਲ ਹੈ, ਤਾਂ ਟੀਕਾ ਲੈਣ ਵਿਚ ਸੰਕੋਚ ਨਹੀਂ ਕਰਨਾ ਚਾਹੀਦਾ।

ਡਾ. ਗੁਲੇਰੀਆ – ਐਲਰਜੀ ਦੀ ਪਹਿਲੇ ਤੋਂ ਦਵਾਈ ਲੈਣ ਵਾਲਿਆਂ ਨੂੰ ਇਨ੍ਹਾਂ ਨੂੰ ਰੋਕਣਾ ਨਹੀਂ ਚਾਹੀਦਾ, ਟੀਕਾ ਲਗਵਾਉਣ ਸਮੇਂ ਨਿਯਮਤ ਰੂਪ ਨਾਲ ਦਵਾਈ ਲੈਂਦੇ ਰਹਿਣਾ ਚਾਹੀਦਾ ਹੈ। ਇਹ ਵੀ ਜਾਣਨਾ ਮਹੱਤਵਪੂਰਨ ਹੈ ਕਿ ਟੀਕਾਕਰਨ ਕਾਰਣ ਪੈਦਾ ਹੋਣ ਵਾਲੀ ਐਲਰਜੀ ਦੇ ਪ੍ਰਬੰਧਨ ਲਈ ਸਾਰੇ ਟੀਕਾਕਰਨ ਵਾਲੀਆਂ ਥਾਵਾਂ ਤੇ ਵਿਵਸਥਾ ਕੀਤੀ ਗਈ ਹੈ। ਇਸ ਲਈ ਅਸੀਂ ਸਲਾਹ ਦੇਂਦੇ ਹਾਂ ਕਿ ਜੇਕਰ ਤੁਹਾਨੂੰ ਗੰਭੀਰ ਐਲਰਜੀ ਹੈ, ਤਾਂ ਵੀ ਤੁਸੀਂ ਦਵਾਈ ਲੈਂਦੇ ਰਹੋ ਅਤੇ ਜਾ ਕੇ ਟੀਕਾਕਰਨ ਕਰਵਾਓ।

ਕੀ ਗਰਭਵਤੀ ਮਹਿਲਾਵਾਂ ਕੋਵਿਡ-19 ਦਾ ਟੀਕਾ ਲਗਵਾ ਸਕਦੀਆਂ ਹਨ?

ਡਾ. ਪਾਲ – ਸਾਡੇ ਮੌਜੂਦਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਰਭਵਤੀ ਮਹਿਲਾਵਾਂ ਨੂੰ ਟੀਕਾ ਨਹੀਂ ਲਗਾਇਆ ਜਾਣਾ ਚਾਹੀਦਾ। ਇਸ ਦਾ ਕਾਰਣ ਇਹ ਹੈ ਕਿ ਡਾਕਟਰਾਂ ਅਤੇ ਵਿਗਿਆਨਕ ਸਮੂਹਾਂ ਵਲੋਂ ਟੀਕਾ ਪਰੀਖਣਾਂ ਤੋਂ ਉਪਲਬਧ ਅੰਕਡ਼ਿਆਂ ਦੇ ਆਧਾਰ ਤੇ ਅਜੇ ਗਰਭਵਤੀ ਮਹਿਲਾਵਾਂ ਦੇ ਟੀਕਾਕਰਨ ਦੀ ਸਿਫਾਰਿਸ਼ ਕਰਨ ਦਾ ਫੈਸਲਾ ਨਹੀਂ ਲਿਆ ਜਾ ਸਕਦਾ। ਹਾਲਾਂਕਿ ਭਾਰਤ ਸਰਕਾਰ ਨਵੀਂ ਵਿਗਿਆਨਕ ਜਾਣਕਾਰੀ ਦੇ ਆਧਾਰ ਤੇ ਕੁਝ ਦਿਨਾਂ ਵਿਚ ਇਸ ਸਥਿਤੀ ਨੂੰ ਸਪਸ਼ਟ ਕਰੇਗੀ।

ਇਹ ਵੇਖਿਆ ਗਿਆ ਹੈ ਕਿ ਗਰਭਵਤੀ ਮਹਿਲਾਵਾਂ ਲਈ ਕਈ ਕੋਵਿਡ-19 ਟੀਕੇ ਸੁਰੱਖਿਅਤ ਪਾਏ ਜਾ ਰਹੇ ਹਨ, ਸਾਨੂੰ ਉਮੀਦ ਹੈ ਕਿ ਸਾਡੇ ਦੋ ਟੀਕਿਆਂ ਲਈ ਵੀ ਰਸਤਾ ਖੁਲ੍ਹ ਜਾਣਾ ਚਾਹੀਦਾ ਹੈ। ਅਸੀਂ ਜਨਤਾ ਨੂੰ ਥੋੜਾ ਹੌਂਸਲਾ ਰੱਖਣ ਲਈ ਬੇਨਤੀ ਕਰਦੇ ਹਾਂ, ਖਾਸ ਤੌਰ ਤੇ ਇਹ ਵੇਖਦੇ ਹੋਏ ਕਿ ਟੀਕੇ ਬਹੁਤ ਘੱਟ ਸਮੇਂ ਵਿਚ ਵਿਕਸਤ ਕੀਤੇ ਗਏ ਹਨ ਅਤੇ ਗਰਭਵਤੀ ਮਹਿਲਾਵਾਂ ਨੂੰ ਆਮ ਤੌਰ ਤੇ ਸੁਰੱਖਿਆ ਚਿੰਤਾਵਾਂ ਕਾਰਣ ਪਹਿਲੇ ਪਰੀਖਣ ਵਿਚ ਸ਼ਾਮਿਲ ਨਹੀਂ ਕੀਤਾ ਜਾ ਰਿਹਾ।

ਡਾ. ਗੁਲੇਰੀਆ – ਕਈ ਦੇਸ਼ਾਂ ਨੇ ਗਰਭਵਤੀ ਮਹਿਲਾਵਾਂ ਲਈ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਦੇ ਐਫਡੀਏ ਨੇ ਫਾਈਜ਼ਰ ਅਤੇ ਮਾਡਰਨਾ ਦੇ ਟੀਕਿਆਂ ਨੂੰ ਇਸ ਲਈ ਮਨਜ਼ੂਰੀ ਦੇ ਦਿੱਤੀ ਹੈ। ਕੋ-ਵੈਕਸਿਨ ਅਤੇ ਕੋਵੀਸ਼ੀਲ਼ਡ ਨਾਲ ਸੰਬੰਧਤ ਅੰਕੜੇ ਵੀ ਜਲਦੀ ਆਉਣਗੇ, ਕੁਝ ਡੇਟਾ ਪਹਿਲਾਂ ਤੋਂ ਹੀ ਉਪਲਬਧ ਹੈ ਅਤੇ ਸਾਨੂੰ ਉਮੀਦ ਹੈ ਕਿ ਕੁਝ ਦਿਨਾਂ ਵਿਚ, ਅਸੀਂ ਪੂਰੇ ਲੋੜੀਂਦੇ ਅੰਕੜੇ ਪ੍ਰਾਪਤ ਕਰਨ ਅਤੇ ਭਾਰਤ ਵਿਚ ਵੀ ਗਰਭਵਤੀ ਮਹਿਲਾਵਾਂ ਦੇ ਟੀਕਾਕਰਨ ਨੂੰ ਮਨਜ਼ੂਰੀ ਦੇਣ ਵਿਚ ਸਫਲ ਹੋਵਾਂਗੇ।

ਕੀ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਕੋਵਿਡ-19 ਟੀਕਾ ਲਗਵਾ ਸਕਦੀਆਂ ਹਨ ?

ਡਾ. ਪਾਲ – ਇਸ ਬਾਰੇ ਹਾਲਾਂ ਬਹੁਤ ਸਪਸ਼ਟ ਦਿਸ਼ਾ ਨਿਰਦੇਸ਼ ਹੈ ਕਿ ਟੀਕਾ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਲਈ ਬਿਲਕੁਲ ਸੁਰੱਖਿਅਤ ਹੈ। ਕਿਸੇ ਵੀ ਤਰ੍ਹਾਂ ਦੇ ਡਰ ਦੀ ਕੋਈ ਲੋੜ ਨਹੀਂ ਹੈ। ਟੀਕਾਕਰਨ ਤੋਂ ਪਹਿਲਾਂ ਜਾਂ ਬਾਅਦ ਵਿਚ ਦੁੱਧ ਛੁਡਾਉਣ ਦੀ ਕੋਈ ਲੋੜ ਨਹੀਂ ਹੈ।

ਕੀ ਟੀਕਾ ਲਗਵਾਉਣ ਤੋਂ ਬਾਅਦ ਮੇਰੇ ਅੰਦਰ ਲੋੜੀਂਦੇ ਐਂਟੀਬਾਡੀਜ਼ ਬਣ ਜਾਂਦੇ ਹਨ ?

ਡਾ. ਗੁਲੇਰੀਆ – ਇਹ ਸਮਝਣਾ ਮਹੱਤਵਪੂਰਨ ਹੈ ਕਿ ਸਾਨੂੰ ਟੀਕਿਆਂ ਦੀ ਪ੍ਰਭਾਵਸ਼ੀਲਤਾ ਦਾ ਪਤਾ ਸਿਰਫ ਉਸ ਤੋਂ ਪੈਦਾ ਹੋਣ ਵਾਲੀਆਂ ਐਂਟੀਬਾਡੀਜ਼ ਦੀ ਮਾਤਰਾ ਤੋਂ ਨਹੀਂ ਕਰਨਾ ਚਾਹੀਦਾ। ਟੀਕੇ ਕਈ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕਰਦੇ ਹਨ ਜਿਵੇਂ ਐਂਟੀਬਾਡੀਜ਼, ਸੈੱਲ-ਮੈਡਿਏਟਿਡ ਇਮਿਊਨਿਟੀ ਅਤੇ ਮੈਮਰੀ ਸੈੱਲ (ਜੋ ਸਾਨੂੰ ਇਨਫੈਕਸ਼ਨ ਹੋਣ ਤੇ ਵਾਧੂ ਐਂਟੀਬਾਡੀਜ਼ ਪੈਦਾ ਕਰਦੇ ਹਨ)। ਇਸ ਤੋਂ ਇਲਾਵਾ ਹੁਣ ਤੱਕ ਜੋ ਐਫਿਕੇਸੀ ਰਿਜ਼ਲਟਸ ਸਾਹਮਣੇ ਆਏ ਹਨ ਉਹ ਪਰੀਖਣ ਅਧਿਐਨਾਂ ਤੇ ਆਧਾਰਤ ਹਨ, ਜਿਥੇ ਹਰੇਕ ਟ੍ਰਾਇਲ ਦਾ ਅਧਿਐਨ ਡਿਜ਼ਾਈਨ ਕੁਝ ਵੱਖਰਾ ਹੈ।

ਹੁਣ ਤੱਕ ਉਪਲਬਧ ਅੰਕੜੇ ਸਪਸ਼ਟ ਰੂਪ ਨਾਲ ਇਹ ਦਰਸਾਉਂਦੇ ਹਨ ਕਿ ਸਾਰੇ ਟੀਕਿਆਂ ਦੇ ਪ੍ਰਭਾਵ – ਭਾਵੇਂ ਕੋ-ਵੈਕਸੀਨ ਜਾਂ ਕੋਵਿਸ਼ੀਲਡ ਹੋਵੇ ਜਾਂ ਸਪੂਤਨਿਕ-ਵੀ ਹੋਵੇ, ਘੱਟ ਜਾਂ ਵੱਧ ਬਰਾਬਰ ਹਨ। ਇਸ ਲਈ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਟੀਕਾ ਜਾਂ ਉਹ ਟੀਕਾ, ਜੋ ਵੀ ਟੀਕਾ ਤੁਹਡੇ ਖੇਤਰ ਵਿਚ ਉਪਲਬਧ ਹੈ, ਕਿਰਪਾ ਕਰਕੇ ਅੱਗੇ ਵਧੋ ਅਤੇ ਆਪਣਾ ਟੀਕਾਕਰਨ ਕਰਵਾਓ ਤਾਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਸੁਰੱਖਿਅਤ ਰਹੇ।

ਡਾ. ਪਾਲ – ਕੁਝ ਲੋਕ ਟੀਕਾਕਰਨ ਤੋਂ ਬਾਅਦ ਐਂਟੀਬਾੱਡੀ ਟੈਸਟ ਕਰਵਾਉਣ ਲਈ ਸੋਚਣ ਲਗਦੇ ਹਨ। ਪਰ ਇਸ ਦੀ ਜ਼ਰੂਰਤ ਨਹੀਂ ਕਿਉਂਕਿ ਸਿਰਫ ਐਂਟੀਬਾੱਡੀ ਕਿਸੇ ਵਿਅਕਤੀ ਦੀ ਇਮਿਊਨਿਟੀ ਦਾ ਸੰਕੇਤ ਨਹੀਂ ਦੇਂਦੀ। ਅਜਿਹਾ ਟੀ-ਸੈੱਲਜ਼ ਜਾਂ ਮੈਮਰੀ ਸੈੱਲ ਦੇ ਕਾਰਣ ਹੁੰਦਾ ਹੈ, ਜਦੋਂ ਅਸੀਂ ਟੀਕਾ ਲਗਵਾਉਂਦੇ ਹਾਂ ਤਾਂ ਇਨ੍ਹਾਂ ਵਿਚ ਕੁਝ ਤਬਦੀਲੀਆਂ ਹੁੰਦੀਆਂ ਹਨ, ਇਹ ਮਜ਼ਬੂਤ ਹੋ ਜਾਂਦੇ ਹਨ ਅਤੇ ਪ੍ਰਤੀਰੋਧਕ ਸਮਰੱਥਾ ਪ੍ਰਾਪਤ ਕਰ ਲੈਂਦੇ ਹਨ ਅਤੇ ਟੀ-ਸੈੱਲਾਂ ਦੇ ਐਂਟੀਬਾੱਡੀ ਪਰੀਖਣ ਤੋਂ ਪਤਾ ਨਹੀਂ ਲਗਦਾ ਕਿਉਂਕਿ ਉਹ ਬੋਨ ਮੈਰੋ ਵਿਚ ਪਾਏ ਜਾਂਦੇ ਹਨ। ਇਸ ਲਈ ਸਾਡੀ ਅਪੀਲ ਹੈ ਕਿ ਟੀਕਾਕਰਨ ਤੋਂ ਪਹਿਲਾਂ ਜਾਂ ਬਾਅਦ ਵਿਚ ਐਂਟੀਬਾੱਡੀ ਟੈਸਟ ਦੀ ਟੈਂਡੈਂਸੀ ਵਿਚ ਨਹੀਂ ਪੈਣਾ ਚਾਹੀਦਾ। ਜੋ ਟੀਕਾ ਮੌਜੂਦ ਹੈ ਉਹ ਲਗਵਾਓ, ਦੋਵੇਂ ਖੁਰਾਕਾਂ ਸਹੀ ਸਮੇਂ ਤੇ ਲਓ ਅਤੇ ਕੋਵਿਡ ਅਨੁਕੂਲ ਆਚਰਣ ਦਾ ਪਾਲਣ ਕਰੋ। ਨਾਲ ਹੀ ਲੋਕਾਂ ਨੂੰ ਇਹ ਗਲਤ ਧਾਰਨਾ ਵੀ ਨਹੀਂ ਬਣਾਉਣੀ ਚਾਹੀਦੀ ਕਿ ਜੇਕਰ ਤੁਹਾਨੂੰ ਕੋਵਿਡ-19 ਹੋ ਚੁੱਕਾ ਹੈ ਤਾਂ ਵੈਕਸੀਨ ਦੀ ਲੋੜ ਨਹੀਂ ਹੈ।

ਕੀ ਵੈਕਸੀਨ ਦੀ ਖੁਰਾਕ ਲੈਣ ਤੋਂ ਬਾਅਦ ਖੂਨ ਦੇ ਥੱਕੇ ਬਣਨਾ ਆਮ ਹੈ?

ਡਾ. ਪਾਲ – ਇਹੇ ਜਿਹੇ ਕੁਝ ਪੇਚੀਦਾ ਮਾਮਲੇ ਸਾਹਮਣੇ ਆਏ ਹਨ, ਖਾਸ ਤੌਰ ਤੇ ਐਸਟ੍ਰਾ-ਜੈਨਿਕਾ ਵੈਕਸੀਨ ਦੇ ਸੰਬੰਧ ਵਿਚ। ਇਹ ਪੇਚੀਦਗੀ ਯੂਰਪ ਵਿਚ ਹੋਈ, ਜਿਥੇ ਜੋਖਿਮ ਉਨ੍ਹਾਂ ਦੀ ਜੀਵਨ ਸ਼ੈਲੀ, ਸਰੀਰ ਅਤੇ ਜੀਨੈਟਿਕ ਸੰਰਚਨਾ ਕਾਰਣ ਨੌਜਵਾਨ ਆਬਾਦੀ ਵਿਚ ਕੁਝ ਹੱਦ ਤੱਕ ਮੌਜੂਦ ਪਾਈ ਗਈ। ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਭਾਰਤ ਵਿਚ ਇਨ੍ਹਾਂ ਅੰਕੜਿਆਂ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਹੈ ਅਤੇ ਵੇਖਿਆ ਹੈ ਕਿ ਖੂਨ ਦੇ ਥੱਕੇ ਜੰਮਣ ਦੀਆਂ ਅਜਿਹੀਆਂ ਘਟਨਾਵਾਂ ਤਕਰੀਬਨ ਨਾਂ ਦੇ ਬਰਾਬਰ ਹਨ, ਇਸ ਲਈ ਇਸ ਬਾਰੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਯੂਰਪੀ ਦੇਸ਼ਾਂ ਵਿਚ ਇਹ ਪੇਚੀਦਗੀਆਂ ਸਾਡੇ ਦੇਸ਼ ਦੇ ਮੁਕਾਬਲੇ ਤਕਰੀਬਨ 30 ਗੁਣਾ ਵੱਧ ਪਾਈਆਂ ਗਈਆਂ ਹਨ।

ਡਾ. ਗੁਲੇਰੀਆ – ਇਹ ਪਹਿਲਾਂ ਵੀ ਵੇਖਿਆ ਗਿਆ ਹੈ ਕਿ ਸਰਜਰੀ ਤੋਂ ਬਾਅਦ ਖੂਨ ਦੇ ਥੱਕੇ ਜੰਮਣਾ ਭਾਰਤੀ ਆਬਾਦੀ ਵਿਚ ਅਮਰੀਕਾ ਅਤੇ ਯੂਰਪੀ ਆਬਾਦੀ ਦੇ ਮੁਕਾਬਲੇ ਘੱਟ ਹੁੰਦਾ ਹੈ। ਵੈਕਸੀਨ ਪ੍ਰੇਰਿਤ ਥਰੋਮਬੋਸਿਜ਼ ਜਾਂ ਥਰੋਮਬੋਸਾਈਟੋਪੀਨੀਆ ਨਾਂ ਦਾ ਇਹ ਸਾਈਡ ਇਫੈਕਟ ਭਾਰਤ ਵਿਚ ਬਹੁਤ ਦੁਰਲਭ ਹੈ, ਜੋ ਯੂਰਪ ਦੇ ਮੁਕਾਬਲੇ ਬਹੁਤ ਘੱਟ ਅਨੁਪਾਤ ਵਿਚ ਪਾਇਆ ਜਾਂਦਾ ਹੈ। ਇਸ ਲਈ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਇਸ ਲਈ ਉਪਚਾਰ ਵੀ ਮੌਜੂਦ ਹੈ, ਜੋ ਕਿ ਜਲਦੀ ਡਾਇਗਨੋਜ਼ ਹੋਣ ਤੋਂ ਬਾਅਦ ਅਪਣਾਇਆ ਜਾ ਸਕਦਾ ਹੈ।

ਜੇਕਰ ਮੈਨੂੰ ਕੋਵਿਡ ਇਨਫੈਕਸ਼ਨ ਹੋ ਗਿਆ ਹੈ, ਤਾਂ ਕਿੰਨੇ ਦਿਨਾਂ ਤੋਂ ਬਾਅਦ ਟੀਕਾ ਲਗਵਾਇਆ ਜਾ ਸਕਦਾ ਹੈ?

ਡਾ. ਗੁਲੇਰੀਆ – ਨਵੇਂ ਦਿਸ਼ਾ ਨਿਰਦੇਸ਼ਾਂ ਵਿਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਜਿਸ ਵਿਅਕਤੀ ਨੂੰ ਕੋਵਿਡ-19 ਇਨਫੈਕਸ਼ਨ ਹੋਇਆ ਹੈ, ਉਹ ਠੀਕ ਹੋਣ ਦੇ ਦਿਨ ਤੋਂ ਤਿੰਨ ਮਹੀਨੇ ਬਾਅਦ ਟੀਕਾ ਲਗਵਾ ਸਕਦਾ ਹੈ। ਅਜਿਹਾ ਕਰਨ ਨਾਲ ਸਰੀਰ ਨੂੰ ਮਜ਼ਬੂਤ ਪ੍ਰਤੀਰੋਧਕ ਸਮਰੱਥਾ ਵਿਕਸਤ ਕਰਨ ਵਿਚ ਮਦਦ ਮਿਲੇਗੀ ਅਤੇ ਟੀਕੇ ਦਾ ਅਸਰ ਵਧੀਆ ਹੋਵੇਗਾ।

ਦੋਹਾਂ ਮਾਹਰਾਂ – ਡਾ. ਪਾਲ ਅਤੇ ਡਾ. ਗੁਲੇਰੀਆ ਨੇ ਜ਼ੋਰ ਦੇ ਕੇ ਵਿਸ਼ਵਾਸ ਦਿਵਾਇਆ ਕਿ ਸਾਡੇ ਟੀਕੇ ਅੱਜ ਤੱਕ ਭਾਰਤ ਵਿਚ ਵੇਖੇ ਗਏ ਮਿਊਟੈਂਟ ਤੇ ਪ੍ਰਭਾਵੀ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਚਲ ਰਹੀਆਂ ਅਫਵਾਹਾਂ ਨੂੰ ਝੂਠੀਆਂ ਅਤੇ ਨਿਰਾਧਾਰ ਦੱਸਿਆ ਕਿ ਟੀਕਾ ਲਗਣ ਤੋਂ ਬਾਅਦ ਸਾਡਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਜਾਂ ਲੋਕ ਟੀਕਾ ਲਗਵਾਉਣ ਤੋਂ ਬਾਅਦ ਮਰ ਜਾਂਦੇ ਹਨ, ਜਿਵੇਂ ਕਿ ਗ੍ਰਾਮੀਣ ਖੇਤਰਾਂ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਕੁਝ ਲੋਕਾਂ ਦੀ ਗਲਤ ਧਾਰਨਾ ਹੈ l

ਇਸ ਤੋਂ ਇਲਾਵਾ ਕੇਂਦਰੀ ਸਿਹਤ ਮੰਤਰਾਲਾ ਨੇ ਵੀ ਅਕਸਰ ਪੁੱਛੇ ਜਾਣ ਵਾਲੇ ਹੋਰ ਪ੍ਰਸ਼ਨਾਂ ਦੇ ਵੀ ਉੱਤਰ ਦਿੱਤੇ (https://www.mohfw.gov.in/covid_vaccination/vaccination/faqs.html)

ਵੀਡੀਓ ਸੁਣਨ ਲਈ ਇਸ ਲਿੰਕ ਤੇ ਜਾਓ  https://youtu.be/RnFaV4_dLlM