ਹੁਣ 2 ਸਾਲ ਬੈਨ ਰਹੇਗਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ

ਵਾਸ਼ਿੰਗਟਨ, 5 ਜੂਨ  :

ਫੇਸਬੁੱਕ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਦੋ ਸਾਲ ਦੇ ਲਈ ਮੁਅੱਤਲ ਕਰ ਦਿੱਤੇ ਹਨ। ਦੋ ਸਾਲ ਦਾ ਸਮਾਂ 7 ਜਨਵਰੀ 2021 ਤੋਂ ਗਿਣਿਆ ਜਾਵੇਗਾ। ਉਸੇ ਦਿਨ ਪਹਿਲੀ ਵਾਰ ਟਰੰਪ ਦਾ ਅਕਾਊਂਟ ਮੁਅੱਤਲ ਕੀਤਾ ਗਿਆ ਸੀ। ਫੇਸਬੁੱਕ ਦੇ ਵਾਈਸ ਪ੍ਰੈਜ਼ੀਡੈਂਟ ਨਿਕ ਕਲੇਗ ਨੇ ਬਲਾਗ ਪੋਸਟ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ।

ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ 6 ਜਨਵਰੀ ਨੂੰ ਅਮਰੀਕੀ ਸੰਸਦ ਕੈਪਿਟਲ ਹਿਲ ਦੇ ਬਾਹਰ ਹਿੰਸਾ ਹੋਈ ਸੀ। ਇਸ ਦੌਰਾਨ ਟਰੰਪ ’ਤੇ ਅਪਣੇ ਸਮਰਥਕਾਂ ਨੂੰ ਭੜਕਾਉਣ ਦਾ ਦੋਸ਼ ਲੱਗਾ ਸੀ। ਇਸੇ ਦੇ ਚਲਦਿਆਂ ਅਗਲੇ ਦਿਨ ਯਾਨੀ 7 ਜਨਵਰੀ ਨੂੰ ਫੇਸਬੁੱਕ ਸਣੇ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਟਰੰਪ ਖ਼ਿਲਾਫ਼ ਕਾਰਵਾਈ ਕੀਤੀ ਸੀ। ਫੇਸਬੁੱਕ ਦੀ ਹੀ ਕੰਪਨੀ ਇੰਸਟਾਗਰਾਮ ਨੇ ਵੀ ਟਰੰਪ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਸੀ। ਟਵਿਟਰ ਪਹਿਲਾਂ ਹੀ ਟਰੰਪ ਨੂੰ ਹਮੇਸ਼ਾ ਦੇ ਲਈ ਬੈਨ ਕਰ ਚੁੱਕਾ ਹੈ।

ਜਨਵਰੀ ਵਿੱਚ ਸੋਸ਼ਲ ਮੀਡੀਆ ਕੰਪਨੀਆਂ ਦੀ ਕਾਰਵਾਈ ਤੋਂ ਬਾਅਦ ਟਰੰਪ ਦਾ ਜਵਾਬ ਵੀ ਆਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਗਲੀ ਵਾਰ ਉਹ ਸੋਸ਼ਲ ਮੀਡੀਆ ਕੰਪਨੀਆਂ ਦੇ ਸੀਈਓਜ਼ ਨੂੰ ਡਿਨਰ ’ਤੇ ਨਹੀਂ ਬੁਲਾਉਣਗੇ। ਟਰੰਪ ਨੇ ਕਿਹਾ ਸੀ ਕਿ ਫੇਸਬੁੱਕ ਦੇ ਦੇ ਸੀਈਓ ਜ਼ੁਕਰਬਰਗ ਅਤੇ ਉਨ੍ਹਾਂ ਦੀ ਪਤਨੀ ਦੇ ਨਾਲ ਹੁਣ ਵਾਈਟ ਹਾਉਸ ਵਿੱਚ ਡਿਨਰ ਨਹੀਂ ਹੋਵੇਗਾ। ਉਨ੍ਹਾਂ ਨਾਲ ਸਿਰਫ ਬਿਜ਼ਨੈਸ ਦੀ ਗੱਲ ਹੋਵੇਗੀ। ਇਸ ਤੋਂ ਬਾਅਦ ਜ਼ੁਕਰਬਰਗ ਨੇ ਇੱਕ ਪੋਸਟ ਵਿੱਚ ਲਿਖਿਆ ਸੀ ਕਿ ਰਾਸ਼ਟਰਪਤੀ ਨੂੰ ਸਾਡੀ ਸਰਵਿਸਿਜ਼ ਦਾ ਇਸਤੇਮਾਲ ਕਰਨ ਦੇਣਾ ਇਸ ਸਮੇਂ ਬਹੁਤ ਵੱਡਾ ਖ਼ਤਰਾ ਹੈ।