ਕੋਰੋਨਾ ਪਾਜ਼ੇਟਿਵ ਮਹਿਲਾ ਦੀ ਕਰਵਾਇਆ ਗਿਆ ਸੁਰੱਖਿਅਤ ਜਣੇਪਾ-ਸਿਵਲ ਸਰਜਨ
ਨਿਊਜ਼ ਪੰਜਾਬ
ਤਰਨ ਤਾਰਨ, 22 ਮਈ :
ਵਿਸ਼ਵ ਭਰ ਵਿੱਚ ਫੈਲੀ ਮਹਾਂਮਾਰੀ ਕੋਵਿਡ-19 ਕਾਰਨ ਜਿੱਥੇ ਸਾਰੀਆਂ ਵਿਵਸਥਾਵਾਂ ਤਹਿਸ ਨਹਿਸ ਹੋ ਰਹੀਆਂ ਹਨ, ਉਸ ਵੇਲੇ ਜਿਲ੍ਹਾਂ ਤਰਨ ਤਾਰਨ ਦੇ ਸਮੂਹ ਸਿਹਤ ਕੇਂਦਰ ਅਤੇ ਜਿਲ੍ਹਾ ਹਸਪਤਾਲ ਗਰਭਵਤੀ ਔਰਤਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ।ਇਸ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਹਰ ਤਰਾਂ ਦੀਆਂ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਆਰੰਭੇ ਯਤਨਾਂ ਤਹਿਤ ਦਿਹਾਤੀ ਸਿਹਤ ਕੇਦਰਾਂ ਨੂੰ ਮਜ਼ਬੂਤ ਕੀਤਾ ਗਿਆ ਹੈ, ਜਿਸਦਾ ਲੋਕਾਂ ਨੂੰ ਬਹੁਤ ਲਾਭ ਹੋਇਆ ਹੈ।
ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਅੱਜ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਸੁਰੱਖਿਅਤ ਜਣੇਪਾ ਕੀਤਾ ਗਿਆ।ਉਹਨਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਹਿਲਾ ਦੀ ਨਾਰਮਲ ਡਲਿਵਰੀ ਹੋਈ ਹੈ ਅਤੇ ਮਾਂ ਤੇ ਬੱਚਾਂ ਦੋਨੋਂ ਸਿਹਤਮੰਦ ਹਨ।ਇਸ ਦੇ ਨਾਲ ਹੀ ਉਨਾਂ ਨੇ ਦੱਸਿਆ ਕਿ ਮਾਂ ਅਤੇ ਬੱਚੇ ਨੂੰ ਆਇਸੋਲੇਸ਼ਨ ਵਾਰਡ ਵਿੱਚ ਵਖਰਾ ਕਮਰਾ ਦਿੱਤਾ ਗਿਆ ਹੈ।
ਇਸ ਸਬੰਧੀ ਗਾਇਨੀਕੋਲਜਿਸਟ ਡਾ. ਇਬਾਦਤ ਨੇ ਦੱਸਿਆ ਕਿ ਕੋਵਿਡ-19 ਪਾਜ਼ੇਟਿਵ ਗਰਭਵਤੀ ਮਹਿਲਾ ਦਾ ਜਣੇਪਾ ਕਰਵਾਉਣਾ, ਕਿਸੇ ਚੁਣੋਤੀ ਤੋ ਘੱਟ ਨਹੀਂ ਸੀ, ਹਸਪਤਾਲ ਦੇ ਨਰਸਿੰਗ ਸਟਾਫ ਤੇ ਹੋਰ ਅਮਲੇ ਨੇ ਇਸ ਮੁਸ਼ਕਿਲ ਦੀ ਘੜੀ ਵਿੱਚ ਆਪਣਾ ਫਰਜ਼ ਬਖੂਬੀ ਨਿਭਾਇਆ। ਇਸ ਅਵਸਰ ‘ਤੇ ਕੁਲਵੰਤ ਕੌਰ ਨਰਸਿੰਗ ਸਿਸਟਰ, ਸੰਨਦੀਪ ਕੌਰ ਸਟਾਫ਼ ਨਰਸ ਅਤੇ ਹੋਰ ਸਟਾਫ਼ ਮੋਜੂਦ ਸੀ।