ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ, ਬੱਸ ਅੱਡਾ ਅਤੇ ਪੈਵੇਲੀਅਨ ਮਾਲ ਵਿਖੇ ਪ੍ਰਬੰਧਾਂ ਦਾ ਜਾਇਜ਼ਾ -ਸਾਰੇ ਸਰਕਾਰੀ ਵਿਭਾਗਾਂ ਨੂੰ ਜ਼ਰੂਰੀ ਹਦਾਇਤਾਂ ਜਾਰੀ
-ਨੋਵਲ ਕੋਰੋਨਾ ਵਾਇਰਸ (ਕੋਵਿਡ-19)—– ਕਿਸੇ ਨਾਲ ਹੱਥ ਨਾ ਮਿਲਾਓ, ਕਿਸੇ ਨੂੰ ਗਲਵੱਕੜੀ ਨਾ ਪਾਓ, ਖੁੱਲੇ ਵਿੱਚ ਨਾ ਥੁੱਕੋ,
-ਜ਼ਿਲ•ਾ ਲੁਧਿਆਣਾ ਵਿੱਚ ਹਾਲੇ ਤੱਕ ਕੋਈ ਵੀ ਪਾਜ਼ੀਟਿਵ ਮਾਮਲਾ ਸਾਹਮਣੇ ਨਹੀਂ ਆਇਆ-ਡਿਪਟੀ ਕਮਿਸ਼ਨਰ
ਲੁਧਿਆਣਾ, 18 ਮਾਰਚ (ਨਿਊਜ਼ ਪੰਜਾਬ )-ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਬਿਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਸਥਾਨਕ ਸਿਵਲ ਹਸਪਤਾਲ, ਮੁੱਖ ਬੱਸ ਅੱਡਾ ਅਤੇ ਪੈਵੇਲੀਅਨ ਮਾਲ ਵਿਖੇ ਅਗਾਂਊ ਰੋਕਥਾਮ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ•ਾਂ ਨਾਲ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਵੀ ਹਾਜ਼ਰ ਸਨ।
ਸਿਵਲ ਹਸਪਤਾਲ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਾਰਕਿੰਗ ਕੋਲ ਮਰੀਜ਼ਾਂ ਦੀ ਸਹੂਲਤ ਲਈ ਹੈੱਲਪ ਡੈੱਸਕ ਸਥਾਪਤ ਕੀਤਾ ਜਾਵੇ ਤਾਂ ਜੋ ਸ਼ੱਕੀ ਮਰੀਜ਼ਾਂ ਨੂੰ ਇਧਰ ਉਧਰ ਭਟਕਣਾ ਨਾ ਪਵੇ। ਇਸ ਮੌਕੇ ਉਨ•ਾਂ ਆਈਸੋਲੇਸ਼ਨ ਰੂਮ, ਫਲੂ ਕਾਰਨਰ ਦਾ ਵੀ ਦੌਰਾ ਕੀਤਾ। ਉਨ•ਾਂ ਹਦਾਇਤ ਕੀਤੀ ਕਿ ਪੂਰੇ ਹਸਪਤਾਲ ਵਿੱਚ ਸਫਾਈ ਦਾ ਪੁਖ਼ਤਾ ਪ੍ਰਬੰਧ ਰੱਖਿਆ ਜਾਵੇ। ਸਿਵਲ ਹਸਪਤਾਲ ਆਉਣ ਵਾਲੇ ਹਰੇਕ ਮਰੀਜ਼ ਲਈ ਹੈਂਡ ਸੈਨੇਟਾਈਜ਼ਰ ਅਤੇ ਸਾਬਣ ਦਾ ਪ੍ਰਬੰਧ ਰੱਖਿਆ ਜਾਵੇ।
ਬੱਸ ਅੱਡੇ ਦਾ ਦੌਰਾ ਕਰਦਿਆਂ ਸ੍ਰੀ ਅਗਰਵਾਲ ਨੇ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਨੂੰ ਹਦਾਇਤ ਕੀਤੀ ਕਿ ਬੱਸ ਸਟੈਂਡ ਵਿੱਚ ਆਉਣ ਅਤੇ ਜਾਣ ਵਾਲੀ ਹਰੇਕ ਬੱਸ ਅਤੇ ਬੱਸ ਅੱਡੇ ਦੇ ਹਰੇਕ ਕੋਨੇ ਵਿੱਚ ਸਪਰੇਅ ਕਰਾਉਣਾ ਯਕੀਨੀ ਬਣਾਇਆ ਜਾਵੇ। ਉਨ•ਾਂ ਜਨਤਕ ਪਖ਼ਾਨਿਆਂ ਦਾ ਵੀ ਜਾਇਜ਼ਾ ਲਿਆ ਅਤੇ ਪਖਾਨਾ ਵਰਤਣ ਵਾਲੇ ਲੋਕਾਂ ਲਈ ਵੀ ਸਾਬਣ ਆਦਿ ਦਾ ਪ੍ਰਬੰਧ ਕਰਨ ਬਾਰੇ ਕਿਹਾ ਗਿਆ। ਜਨਰਲ ਮੈਨੇਜਰ ਨੇ ਇਸ ਸੰਬੰਧੀ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।
ਸਥਾਨਕ ਪੈਵੇਲੀਅਨ ਮਾਲ ਵਿਖੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਕਿ ਮਾਲ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਲਈ ਹੈਂਡ ਸੈਨੇਟਾਈਜ਼ਰ ਅਤੇ ਸਾਬਣ ਦਾ ਪ੍ਰਬੰਧ ਰੱਖਿਆ ਜਾਵੇ। ਮਾਲ ਦੇ ਹਰੇਕ ਕੋਨੇ ਵਿੱਚ ਦਵਾਈ ਦਾ ਸਪਰੇਅ ਲਗਾਤਾਰ ਕਰਵਾਉਣਾ ਯਕੀਨੀ ਬਣਾਇਆ ਜਾਵੇ। ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦਾ ਹਾਲੇ ਤੱਕ ਕੋਈ ਵੀ ਪਾਜ਼ੀਟਿਵ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਸ੍ਰੀ ਅਗਰਵਾਲ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਵਿੱਚ ਲੱਛਣ ਪਾਏ ਜਾਂਦੇ ਹਨ ਤਾਂ ਉਨ•ਾਂ ਨੂੰ ਉਨ•ਾਂ ਦੇ ਘਰਾਂ ਵਿੱਚ ਵੀ ‘ਆਈਸੋਲੇਟ’ ਕੀਤਾ ਜਾ ਸਕਦਾ ਹੈ। ਬਿਮਾਰੀ ਦੇ ਇਲਾਜ ਲਈ ਕੋਈ ਵੀ ਵਿਸ਼ੇਸ਼ ਦਵਾਈ ਲੈਣ ਦੀ ਲੋੜ ਨਹੀਂ ਹੈ। ਮਰੀਜ਼ ਆਪਣੇ ਘਰ ਵਿੱਚ 14 ਜਾਂ ਵਧੇਰੇ ਦਿਨ ਅਲੱਗ ਤੌਰ ‘ਤੇ ਰਹਿ ਕੇ ਆਰਾਮ ਨਾਲ ਠੀਕ ਹੋ ਸਕਦਾ ਹੈ। ਉਨ•ਾਂ ਪੁਲਿਸ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਵਿਅਕਤੀ ਜਾਂਚ ਕਰਾਉਣ ਵਿੱਚ ਸਹਿਯੋਗ ਨਹੀਂ ਕਰਦਾ ਤਾਂ ਉਸ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ ਸਗੋਂ ਉਹ ਜਿੱਥੇ ਵੀ ਮਿਲਦਾ ਹੈ ਉਥੇ ਹੀ ਉਸਦੀ ਜਾਂਚ ਆਦਿ ਕਰਾ ਕੇ ‘ਆਈਸੋਲੇਟ’ ਕਰਨ ਦੀ ਕਾਰਵਾਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਜਾਵੇ।
ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਸਿਹਤ ਸਲਾਹਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਿਆ ਜਾ ਸਕੇ।
ਦੱਸਣਯੋਗ ਹੈ ਕਿ ਸਿਹਤ ਸਲਾਹ ਵਿੱਚ ਦੱਸਿਆ ਗਿਆ ਕਿ ਕਿਸੇ ਨਾਲ ਹੱਥ ਨਾ ਮਿਲਾਓ, ਕਿਸੇ ਨੂੰ ਗਲਵੱਕੜੀ ਨਾ ਪਾਓ, ਖੁੱਲੇ ਵਿੱਚ ਨਾ ਥੁੱਕੋ, ਜਿਸ ਵਿਅਕਤੀ ਨੂੰ ਬੁਖਾਰ ਹੈ ਉਸਨੂੰ ਭੀੜ ਵਿੱਚ ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਜਿਸ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਉਸ ਵਿਅਕਤੀ ਤੋਂ ਲਗਭਗ 1 ਮੀਟਰ ਦੀ ਦੂਰੀ ਰੱਖੋ। ਜੇਕਰ ਕਿਸੇ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਤਾਂ ਉਸ ਨੂੰ ਆਪਣਾ ਮੂੰਹ ਮਾਸਕ ਜਾਂ ਰੁਮਾਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। ਜਿਸ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਉਸ ਨੂੰ ਲਾਜਮੀ ਤੌਰ ਤੇ ਨਜਦੀਕੀ ਸਰਕਾਰੀ ਹਸਪਤਾਲ ਵਿੱਚ ਰਿਪੋਰਟ ਕਰਨੀ ਚਾਹੀਦੀ ਹੈ।
ਜੇਕਰ ਕਿਸੇ ਵਿਅਕਤੀ ਨੇ ਪਿਛਲੇ 14 ਦਿਨਾਂ ਦੌਰਾਨ ਚੀਨ, ਨੇਪਾਲ ਦੀ ਯਾਤਰਾ ਕੀਤੀ ਹੋਵੇ ਤਾਂ ਉਸ ਨੂੰ 14 ਦਿਨਾਂ ਲਈ ਘਰ ਵਿੱਚ ਅਲੱਗ ਰੱਖਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਭੀੜ ਵਾਲੇ ਸਥਾਨ ‘ਤੇ ਨਹੀਂ ਜਾਣਾ ਚਾਹੀਦਾ। ਸਿਹਤਮੰਦ ਵਿਅਕਤੀ ਜਿਸਨੂੰ ਖੰਘ, ਬੁਖਾਰ ਨਹੀਂ ਹੈ, ਨੂੰ ਮਾਸਕ ਦੀ ਜਰੂਰਤ ਨਹੀਂ ਹੈ। ਉਨ•ਾਂ ਦੱਸਿਆ ਕਿ ਕੋਈ ਵੀ ਸੰਕੇਤ ਅਤੇ ਲੱਛਣ (ਖਾਂਸੀ, ਬੁਖਾਰ ਜਾਂ ਸਾਹ ਲੈਣ ਵਿੱਚ ਮੁਸ਼ਕਲ) ਵਾਲੇ ਸੂਬਾ ਪੱਧਰੀ ਹੈੱਲਪਲਾਈਨ ਨੰਬਰ 104, ਜ਼ਿਲ•ਾ ਲੁਧਿਆਣਾ ਲਈ ਹੈਲਪਲਾਈਨ ਨੰਬਰ 0161-2444193 ਜਾਂ ਡਾ: ਦਿਵਜੋਤ ਸਿੰਘ ਨੂੰ 9041274030 ਜਾਂ ਡਾਕਟਰ ਰਮੇਸ਼ ਕੁਮਾਰ ਨੂੰ 9855716180 ‘ਤੇ ਕਾਲ ਕਰ ਸਕਦੇ ਹਨ।
ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਬਿਮਾਰੀ ਇਲਾਜ਼ਯੋਗ ਹੈ ਅਤੇ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ•ਾਂ ਕਿਹਾ ਕਿ ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ। ਜੇਕਰ ਭਵਿੱਖ ਵਿੱਚ ਜ਼ਿਲ•ਾ ਲੁਧਿਆਣਾ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਵੀ ਹੈ ਤਾਂ ਜ਼ਿਲ•ਾ ਪ੍ਰਸਾਸ਼ਨ ਵੱਲੋਂ ਇਸ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ।