ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋਂ ਦਾਖ਼ਲਾ ਮੁਹਿੰਮ ਨੂੰ ਲੈ ਕੇ “ਸਰਕਾਰੀ ਸਕੂਲ, ਬਿਹਤਰੀਨ ਸਕੂਲ” ਕੈਲੰਡਰ ਜਾਰੀ

ਨਿਊਜ਼ ਪੰਜਾਬ 

ਤਰਨਤਾਰਨ, 19 ਮਈ :
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ਨੂੰ ਉਤਸ਼ਾਹ ਦੇਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਜ਼ਿਲ੍ਹਾ ਤਰਨਤਾਰਨ ਦੇ ਸਰਕਾਰੀ ਸਕੂਲਾਂ ਦੇ ਸਮਾਰਟ ਸਰਕਾਰੀ ਸਕੂਲਾਂ ਵਜੋਂ ਹੋ ਰਹੇ ਪਰਿਵਰਤਨ ਨੂੰ ਦਰਸਾਉਂਦਾ “ਸਰਕਾਰੀ ਸਕੂਲ ਬਿਹਤਰੀਨ ਸਕੂਲ” ਕੈਲੰਡਰ ਜਾਰੀ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਲਿਆਂਦੇ ਜਾ ਰਹੇ ਕ੍ਰਾਂਤੀਕਾਰੀ ਪਰਿਵਰਤਨ ਅਤੇ ਵਿਦਿਆਰਥੀਆਂ ਦੀ ਚੰਗੀ ਪੜ੍ਹਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਮਾਜ ਵੱਲੋਂ ਹਰ ਪਾਸੇ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ। ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਪਿਛਲੇ ਸਮੇਂ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਸਬੰਧੀ ਹੋਈ ਸਮੀਖਿਆ ਦੌਰਾਨ ਉਨ੍ਹਾਂ ਵੱਲੋਂ ਸਕੂਲਾਂ ਅੰਦਰ ਵਧੇ ਦਾਖ਼ਲੇ, ਬਦਲੀ ਨੀਤੀ, ਸਮਾਰਟ ਸਕੂਲ, ਬੁਨਿਆਦੀ ਢਾਂਚੇ ਲਈ ਕੀਤੇ ਗਏ ਕੰਮਾਂ ਤੇ ਤਸੱਲੀ ਪ੍ਰਗਟ ਕਰਦਿਆਂ ਸਮੂਹ ਸਕੂਲ ਮੁਖੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਬਹੁਤ ਤਾਰੀਫ਼ ਵੀ ਕੀਤੀ ਗਈ ਹੈ।
ਇਸ ਮੌਕੇ ਸ੍ਰੀ ਰਾਜੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਅਤੇ ਡਿਪਟੀ ਡੀ. ਈ. ਓ. ਸ਼੍ਰੀ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਬੇਹਤਰ ਪੜ੍ਹਾਈ ਦੇਣ ਦੇ ਮਕਸਦ ਨਾਲ਼ ਸਕੂਲ ਮੁਖੀ, ਅਧਿਆਪਕ, ਕਰਮਚਾਰੀ ਅਤੇ ਅਧਿਕਾਰੀ ਸਾਹਿਬਾਨ ਦਿਨ ਰਾਤ ਮਿਹਨਤ ਵਿੱਚ ਲੱਗੇ ਹੋਏ ਹਨ।ਕੋਵਿਡ -19 ਦੇ ਇਸ ਦੌਰ ਵਿੱਚ ਟਾਇਮ ਟੇਬਲ ਅਨੁਸਾਰ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀਆਂ ਵਿਸ਼ਾਵਾਰ ਜੂਮ ਜਮਾਤਾਂ ਲਗਾਈਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਅਤੇ ਗੁਣਾਤਮਿਕ ਸਿੱਖਿਆ ਦੇ ਪ੍ਰਚਾਰ ਲਈ ਚਲਾਈ ਮੁਹਿੰਮ ਸਬੰਧੀ ਅਧਿਆਪਕਾਂ ਵੱਲੋਂ  ਆਡੀਓ ਸੁਨੇਹੇ ਅਤੇ ਵੀਡੀਓ ਡਾਕੂਮੈਂਟਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਸਕੂਲਾਂ ਵੱਲੋਂ ਫਲੈਕਸਾਂ ਅਤੇ ਪੰਫਲੈਟ ਵੀ ਵੰਡੇ ਜਾ ਰਹੇ ਹਨ। ਕੋਵਿਡ -19 ਤੋਂ ਬਚਾਅ ਹਿੱਤ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਧਿਆਪਕਾਂ ਦੁਆਰਾ ਘਰ-ਘਰ ਜਾ ਕੇ ਮਾਪਿਆਂ ਨੂੰ ਬੱਚਿਆਂ ਦਾ ਦਾਖ਼ਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਡੀਈਓ ਐਲੀਮੈਂਟਰੀ ਤਰਨਤਾਰਨ ਸ੍ਰੀ ਰਾਜੇਸ਼ ਕੁਮਾਰ ਨੇ ਕਿਹਾ ਮੌਜੂਦਾ ਸਮੇਂ ਵਿੱਚ ਸਰਕਾਰੀ ਸਕੂਲ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ ਜਿਨ੍ਹਾਂ ਵਿੱਚ ਪ੍ਰੋਜੈਕਟਰ,ਐਲਈਡੀ, ਸਮਾਰਟ ਕਲਾਸਰੂਮ, ਆਨਲਾਈਨ ਸਟੱਡੀ, ਰੰਗਦਾਰ ਫਰਨੀਚਰ, ਸ਼ਾਨਦਾਰ ਸਕੂਲ ਬਿਲਡਿੰਗ ਅਤੇ ਵਾਤਾਵਰਨ ਆਦਿ ਪ੍ਰਮੁੱਖ ਹਨ।
ਇਸ ਮੌਕੇ ਡੀ. ਡੀ. ਪੀ. ਓ. ਸ਼੍ਰੀ ਸੰਦੀਪ ਮਲਹੋਤਰਾ, ਸ਼੍ਰੀ ਨਵਦੀਪ ਸਿੰਘ ਜ਼ਿਲ੍ਹਾ ਪੜ੍ਹੋ ਪੰਜਾਬ ਕੋਆਰਡੀਨੇਟਰ, ਸ਼੍ਰੀ ਪ੍ਰੇਮ ਸਿੰਘ ਜਿਲ੍ਹਾ ਮੀਡੀਆ ਕੋ-ਆਰਡੀਨੇਟਰ, ਸ਼੍ਰੀ ਦਿਨੇਸ਼ ਕੁਮਾਰ ਜ਼ਿਲ੍ਹਾ ਪ੍ਰਿੰਟ ਮੀਡੀਆ ਕੋਆਰਡੀਨੇਟਰ, ਸ਼੍ਰੀ ਅਨੂਪ ਸਿੰਘ ਮੈਣੀ ਸਹਾਇਕ ਕੋ-ਆਰਡੀਨੇਟਰ ਪੜ੍ਹੋ ਪੰਜਾਬ ਵੀ ਮੌਜੂਦ ਸਨ।