ਦਫਤਰ ਸਿਵਲ ਸਰਜਨ ਲੁਧਿਆਣਾ ਵਿਖੇ ਕੀਤਾ ਕੈਂਸਰ ਸੈੱਲ ਸਥਾਪਿਤ

ਯੋਗ ਵਿਅਕਤੀ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਫੰਡ ਦਾ ਲਾਭ ਲੈ ਸਕਦੇ ਹਨ -ਸਿਵਲ ਸਰਜਨ

ਲੁਧਿਆਣਾ, 18 ਮਾਰਚ ( ਰਾਜਿੰਦਰ ਸਿੰਘ -ਨਿਊਜ਼ ਪੰਜਾਬ )- ਕੈਂਸਰ ਦੀ ਬਿਮਾਰੀ ਦੇ ਇਲਾਜ ਲਈ ਸਿਹਤ ਵਿਭਾਗ ਹਰ ਸੰਭਵ ਉਪਰਾਲਾ ਕਰ ਰਿਹਾ ਹੈ। ਇਸ ਬਿਮਾਰੀ ਤੋਂ ਬਚਾਓ ਸਬੰਧੀ ਅਤੇ ਇਲਾਜ ਸਬੰਧੀ ਹਰ ਸਿਹਤ ਕਰਮਚਾਰੀ ਆਮ ਜਨਤਾ ਤੱਕ ਪਹੁੰਚ ਕਰ ਰਿਹਾ ਤਾਂ ਕਿ ਪੰਜਾਬ ਸਰਕਾਰ ਦੀ ਮੁਫਤ ਇਲਾਜ ਸਕੀਮ ਬਾਰੇ ਹਰ ਕਿਸੇ ਨੂੰ ਜਾਣਕਾਰੀ ਹੋ ਸਕੇ ਅਤੇ ਲੋੜਵੰਦ ਵਿਅਕਤੀ ਇਸ ਸਕੀਮ ਦਾ ਫਾਇਦਾ ਉਠਾ ਸਕੇ।
ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਮਨੂੰ ਵਿਜ ਨੇ ਜਾਣਕਾਰੀ ਦਿੱਤੀ ਕਿ ਕੈਂਸਰ ਦੀ ਬਿਮਾਰੀ ਦਾ ਇਲਾਜ ਲੁਧਿਆਣੇ ਦੇ ਤਿੰਨ ਮੁੱਖ ਹਸਪਤਾਲਾਂ ਡੀ.ਐਮ.ਸੀ., ਸੀ.ਐਮ.ਸੀ. ਅਤੇ ਓਸਵਾਲ ਕੈਂਸਰ ਹਸਪਤਾਲ ਵਿੱਚ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਫੰਡ ਅਧੀਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਦਫਤਰ ਲੁਧਿਆਣਾ ਵਿੱਚ ਇੱਕ ਕੈਂਸਰ ਸੈੱਲ ਸਥਾਪਿਤ ਕੀਤਾ ਹੋਇਆ ਹੈ ਜਿਸ ਦੇ ਇੰਚਾਰਜ ਡਾ. ਪੁਨੀਤ ਸਿੱਧੂ ਇਸ ਬਿਮਾਰੀ ਦੇ ਇਲਾਜ ਲਈ ਆਈਆਂ ਅਰਜ਼ੀਆਂ ਦਾ ਨਿਪਟਾਰਾ ਕਰਦੇ ਹਨ।
ਡਾ. ਮੈਡਮ ਸਿੱਧੂ ਨੇ ਦੱਸਿਆ ਕਿ ਇੱਕ ਵੱਖ ਪੰਜਾਹ ਹਜ਼ਾਰ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਦਾ ਪੀੜਤ ਮਰੀਜ਼ ਲਾਭ ਲੈ ਸਕਦੇ ਹਨ ਜੋ ਕਿ ਪੰਜਾਬ ਦੇ ਵਾਸੀ ਹਨ। ਪ੍ਰੰਤੂ ਇਸ ਸਕੀਮ ਤਹਿਤ ਸਰਕਾਰੀ ਮੁਲਾਜ਼ਮ, ਪੈਨਸ਼ਨ, ਈ.ਐਸ.ਆਈ. ਲਾਭ ਪਾਤਰੀ ਅਤੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਅਤੇ ਇਨ੍ਹਾਂ ਦੇ ਆਧਾਰਿਤ ਇਸ ਸਕੀਮ ਅਧੀਨ ਆਪਣਾ ਇਲਾਜ ਨਹੀਂ ਕਰਵਾ ਸਕਦੇ ਕਿਉਂਕਿ ਉਨ੍ਹਾਂ ਦਾ ਇਲਾਜ ਪਹਿਲਾਂ ਹੀ ਇਨ੍ਹਾਂ ਸਕੀਮਾਂ ਤਹਿਤ ਮੁਫਤ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਸਾਡੀ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਇਸ ਸਕੀਮ ਦੀ ਜਾਣਕਾਰੀ ਲੈ ਸਕਦਾ ਜਾਂ ਫਿਰ ਸਿਵਲ ਸਰਜਨ ਦਫਤਰ ਦੇ ਕੈਂਸਰ ਸੈੱਲ ਨਾਲ ਸੰਪਰਕ ਕਰ ਸਕਦਾ। ਘਰ ਬੈਠੇ ਕੋਈ ਵੀ ਵਿਅਕਤੀ ਪੰਜਾਬ ਸਰਕਾਰ ਦੀ ਵੈੱਡ ਸਾਈਟ  www.pbhealth.gov.in   ‘ਤੇ ਲਾਗ ਆਨ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਸਿਵਲ ਸਰਜਨ ਡਾ. ਬੱਗਾ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਸਿੱਧੇ ਤੌਰ ‘ਤੇ ਇਲਾਜ ਕਰ ਰਹੇ ਡਾਕਟਰ ਰਾਹੀਂ ਇਸ ਸਕੀਮ ਅਧੀਨ ਫਾਇਦਾ ਲੈ ਸਕਦਾ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਲੋੜਵੰਦ ਵਿਅਕਤੀ ਇਸ ਸਕੀਮ ਦਾ ਲਾਭ ਜ਼ਰੂਰ ਲੈਣ।