ਕੋਰੋਨਾ ਤੋਂ ਬਚਾਅ ਲਈ ਲਵਾਏ ਪਹਿਲੇ ਟੀਕੇ ਤੋਂ ਬਾਅਦ ਕਦੋਂ ਲੱਗੇਗਾ ਦੂਜਾ ਟੀਕਾ – ਆਇਆ ਨਵਾਂ ਫੈਂਸਲਾ
ਨਿਊਜ਼ ਪੰਜਾਬ
ਨਵੀ ਦਿੱਲ੍ਹੀ , 14 ਮਈ -ਕੋਵਿਡ ਵਰਕਿੰਗ ਗਰੁੱਪ ਦੀਆਂ ਸਿਫਾਰਸ਼ਾਂ ਤੋਂ ਬਾਅਦ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਸ਼ੀਲਡ ਟੀਕੇ ਦੀਆਂ ਦੋਹਾਂ ਖੁਰਾਕਾਂ ਵਿਚਾਲੇ ਅੰਤਰ 6 ਤੋਂ 8 ਹਫ਼ਤਿਆਂ ਤੋਂ ਵਧਾ ਕੇ 12 ਤੋਂ 16 ਹਫ਼ਤੇ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ l
ਡਾਕਟਰ ਐੱਨ ਕੇ ਅਰੋੜਾ ਦੀ ਪ੍ਰਧਾਨਗੀ ਹੇਠ ਕੰਮ ਕਰ ਰਹੇ ਕੋਵਿਡ ਵਰਕਿੰਗ ਗਰੁੱਪ ਨੇ ਕੋਵਿਸ਼ੀਲਡ ਟੀਕੇ ਦੀ ਪਹਿਲੀ ਤੇ ਦੂਜੀ ਖੁਰਾਕ ਵਿੱਚ ਅੰਤਰ 12 ਤੋਂ 16 ਹਫ਼ਤਿਆਂ ਨੂੰ ਵਧਾਉਣ ਦੀ ਸਿਫਾਰਸ਼ ਕੀਤੀ ਸੀ । ਇਸ ਵੇਲੇ ਕੋਵਿਸ਼ੀਲਡ ਦੀਆਂ ਦੋਹਾਂ ਖੁਰਾਕਾਂ ਵਿੱਚ ਇਹ ਅੰਤਰ 6 ਤੋਂ 8 ਹਫ਼ਤਿਆਂ ਦਾ ਹੈ ।
ਰੀਅਲ ਲਾਈਫ ਸਬੂਤਾਂ ਦੀ ਉਪਲਬੱਧਤਾ ਵਿਸ਼ੇਸ਼ ਕਰਕੇ ਬਰਤਾਨੀਆ ਤੋਂ ਮਿਲੇ ਸਬੂਤਾਂ ਦੇ ਅਧਾਰ ਤੇ ਕੋਵਿਡ 19 ਵਰਕਿੰਗ ਗਰੁੱਪ ਕੋਵਿਸ਼ੀਲਡ ਟੀਕੇ ਦੀਆਂ ਦੋਹਾਂ ਖੁਰਾਕਾਂ ਵਿਚਾਲੇ ਅੰਤਰ ਨੂੰ 12 ਤੋਂ 16 ਹਫ਼ਤਿਆਂ ਤੱਕ ਵਧਾਉਣ ਲਈ ਸਹਿਮਤ ਹੋ ਗਿਆ ਹੈ । ਕੋਵੈਕਸਿਨ ਟੀਕੇ ਦੀਆਂ ਖੁਰਾਕਾਂ ਵਿੱਚ ਕਿਸੇ ਵੀ ਬਦਲਾਅ ਦੀ ਸਿਫਾਰਸ਼ ਨਹੀਂ ਕੀਤੀ ਗਈ ਹੈ ।
ਕੋਵਿਡ ਵਰਕਿੰਗ ਗਰੁੱਪ ਵਿੱਚ ਹੇਠ ਲਿਖੇ ਮੈਂਬਰ ਹਨ :—
1. ਡਾਕਟਰ ਐੱਨ ਕੇ ਅਰੋੜਾ — ਡਾਇਰੈਕਟਰ ਆਈ ਐੱਨ ਸੀ ਐੱਲ ਈ ਐੱਨ ਟਰਸਟ
2. ਡਾਕਟਰ ਰਾਕੇਸ਼ ਅੱਗਰਵਾਲ — ਡਾਇਰੈਕਟਰ ਤੇ ਡੀਨ , ਜੀ ਆਈ ਪੀ ਐੱਮ ਈ ਆਰ , ਪੁਡੁਚੇਰੀ
3. ਡਾਕਟਰ ਗਗਨਦੀਪ ਕੰਗ — ਪ੍ਰੋਫੈਸਰ ਕ੍ਰਿਸਚੀਅਨ ਮੈਡੀਕਲ ਕਾਲਜ, ਵੈਲੋਰ
4. ਡਾਕਟਰ ਜੇ ਪੀ ਮੁੱਲੀਆਲ — ਰਿਟਾਇਰਡ ਪ੍ਰੋਫੈਸਰ, ਕ੍ਰਿਸਚੀਅਨ ਮੈਡੀਕਲ ਕਾਲਜ , ਵੈਲੋਰ
5. ਡਾਕਟਰ ਨਵੀਨ ਖੰਨਾ — ਗਰੁੱਪ ਲੀਡਰ , ਇੰਟਰਨੈਸ਼ਨਲ ਸੈਂਟਰ ਫਾਰ ਜੈਨੇਟਿਕ ਇੰਜੀਨੀਅਰਿੰਗ ਐਂਡ ਬਾਇਓ ਤਕਨਾਲੋਜੀ (ਆਈ ਸੀ ਜੀ ਈ ਬੀ) ਜੇ ਐੱਨ ਯੂ , ਨਵੀਂ ਦਿੱਲੀ
6. ਡਾਕਟਰ ਅਮੁਲਿਆ ਪਾਂਡਾ — ਡਾਇਰੈਕਟਰ ਨੈਸ਼ਨਲ ਇੰਸਟੀਚਿਊਟ ਆਫ ਇਮਿਊਨੋਲੋਜੀ , ਨਵੀਂ ਦਿੱਲੀ
7. ਡਾਕਟਰ ਵੀ ਜੀ ਸਮਾਨੀ — ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ (ਡੀ ਸੀ ਜੀ ਆਈ) , ਭਾਰਤ ਸਰਕਾਰ
ਕੋਵਿਡ ਵਰਕਿੰਗ ਗਰੁੱਪ ਦੀਆਂ ਸਿਫਾਰਸ਼ਾਂ ਨੂੰ ਡਾਕਟਰ ਵੀ ਕੇ ਪੌਲ , ਮੈਂਬਰ (ਸਿਹਤ) ਨੀਤੀ ਆਯੋਗ ਦੀ ਅਗਵਾਈ ਵਾਲੇ ਕੋਵਿਡ 19 ਲਈ ਟੀਕਾ ਪ੍ਰਸ਼ਾਸਨ ਬਾਰੇ ਰਾਸ਼ਟਰੀ ਮਾਹਿਰ ਗਰੁੱਪ ਨੇ ਆਪਣੀ 12 ਮਈ 2021 ਦੀ ਮੀਟਿੰਗ ਵਿੱਚ ਪ੍ਰਵਾਨ ਕਰ ਲਿਆ ਹੈ ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਵੀ ਕੋਵਿਸ਼ੀਲਡ ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਵਿਚਲੇ 12—16 ਹਫ਼ਤਿਆਂ ਦੇ ਅੰਤਰ ਨੂੰ ਵਧਾਉਣ ਬਾਰੇ ਕੋਵਿਡ ਵਰਕਿੰਗ ਗਰੁੱਪ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰ ਲਿਆ ਹੈ ।