ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਨੇ ਵਿਆਪਕ ਰਾਜ ਨਿਰਯਾਤ (Export) ਯੋਜਨਾ ਕੀਤੀ ਪੇਸ਼
ਨਿਊਜ਼ ਪੰਜਾਬ
ਚੰਡੀਗੜ੍ਹ, 13 ਮਈ
ਪੰਜਾਬ ਵਿੱਚ ਸਥਾਨਕ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਕਾਰੋਬਾਰ ਕਰਨ ਵਿੱਚ ਅਸਾਨੀ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਰਾਜ ਨਿਰਯਾਤ ਯੋਜਨਾ ਉਲੀਕੀ ਗਈ ਹੈ।
ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦੇਸ਼ ਭਰ ਵਿੱਚ ਕਿਸੇ ਵੀ ਸੂਬੇ ਵੱਲੋਂ ਸ਼ੁਰੂ ਕੀਤੀ ਆਪਣੀ ਕਿਸਮ ਦੀ ਵਿਲੱਖਣ ਪਹਿਲਕਦਮੀ ਨੂੰ ਹਰੀ ਝੰਡੀ ਦਿੱਤੀ ਜੋ ਕਿ ਹਰੇਕ ਜ਼ਿਲ੍ਹੇ ਤੋਂ ਜ਼ਿਲ੍ਹੇ, ਉਤਪਾਦ ਤੋਂ ਉਤਪਾਦ ਅਤੇ ਜਾਰੀ ਕਰਨ ਦੇ ਢੰਗ ਦੇ ਤੌਰ ‘ਤੇ ਵੱਖਰੀ ਹੋਵੇਗੀ।
ਰਾਜ ਨਿਰਯਾਤ ਯੋਜਨਾ 2021-26 ਨੂੰ ਅੰਤਮ ਰੂਪ ਦੇਣ ਲਈ ਸੂਬਾ ਪੱਧਰੀ ਨਿਰਯਾਤ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਮਹਾਜਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜ਼ਿਲ੍ਹਾ ਨੂੰ ਐਕਸਪੋਰਟ ਹੱਬ ਬਣਾਉਣ ਸਬੰਧੀ ਯੋਜਨਾ ਅਤੇ ਇੱਕ ਜ਼ਿਲ੍ਹਾ ਇਕ ਉਤਪਾਦ ਯੋਜਨਾ ਨੂੰ ਲਾਗੂ ਕਰਨ ਲਈ ਪੰਜਾਬ ਰਾਜ ਨਿਰਯਾਤ ਯੋਜਨਾ 2021-26 ਤਿਆਰ ਕੀਤੀ ਗਈ ਹੈ। ਇਹ ਯੋਜਨਾ ਸੂਬੇ ਨੂੰ ਨਿਰਯਾਤ ਲਈ ਪ੍ਰਮੁੱਖ ਕੇਂਦਰ ਬਣਾਉਣ ਅਤੇ ਨਿਰਯਾਤ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਸਥਾਨਕ ਉਤਪਾਦਾਂ ਨੂੰ ਉਤਸ਼ਾਹਤ ਕਰਨ ਅਤੇ ਕੇਂਦਰ ਤੇ ਸੂਬੇ ਦੀਆਂ ਵੱਖ ਵੱਖ ਯੋਜਨਾਵਾਂ ਨਾਲ ਤਾਲਮੇਲ ਬਣਾਉਣ ਦੇ ਨਾਲ ਨਾਲ ਸਪਲਾਈ ਚੇਨ ਵਿੱਚ ਕੁਸ਼ਲਤਾ ਲਿਆਵੇਗੀ ਅਤੇ ਨਿਰਯਾਤ ਢਾਂਚੇ, ਉਤਪਾਦਾਂ ਅਤੇ ਮਾਰਕੀਟ ਵਿਭਿੰਨਤਾ ਵਿੱਚ ਵਾਧਾ ਕਰੇਗੀ।
ਮੁੱਖ ਸਕੱਤਰ ਨੇ ਪੰਜਾਬ ਰਾਜ ਨਿਰਯਾਤ ਯੋਜਨਾ ਤਿਆਰ ਕਰਨ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਇਸ ਨਾਲ ਸੂਬੇ ਨੂੰ ਇਹ ਫੈਸਲਾ ਲੈਣ ਵਿੱਚ ਸਹਾਇਤਾ ਮਿਲੇਗੀ ਕਿ ਕਿਹੜੇ ਮੁੱਦਿਆਂ ਨੂੰ ਪਹਿਲ ਦੇ ਅਧਾਰ ‘ਤੇ ਚੁੱਕਣ ਦੀ ਜ਼ਰੂਰਤ ਹੈ ਅਤੇ ਕਿਹੜੇ ਉਪਾਅ ਤੁਰੰਤ ਲੋੜੀਂਦੇ ਹਨ।
ਪੰਜਾਬ ਰਾਜ ਨਿਰਯਾਤ ਯੋਜਨਾ ਵਿੱਚ ਉਨ੍ਹਾਂ ਉਤਪਾਦਾਂ ਨੂੰ ਸਪੱਸ਼ਟ ਤੌਰ ‘ਤੇ ਸੂਚੀਬੱਧ ਕੀਤਾ ਗਿਆ ਹੈ ਜਿਨ੍ਹਾਂ ‘ਤੇ ਸੂਬੇ ਨੂੰ ਮਾਣ ਹੈ ਅਤੇ ਹੋਰ ਉਤਪਾਦ ਜੋ ਸੂਬੇ ਲਈ ਲਾਹੇਬੰਦ ਸਾਬਤ ਹੋਣਗੇ। ਉਨ੍ਹਾਂ ਕਿਹਾ, ” ਇਹ ਮਾਣ ਵਾਲੀ ਗੱਲ ਹੈ ਕਿ ਇਸ ਯੋਜਨਾ ਨੂੰ ਰਿਕਾਰਡ ਸਮੇਂ ‘ਚ ਅੰਤਮ ਰੂਪ ਦੇਣ ਤੋਂ ਬਾਅਦ ਪੰਜਾਬ ਇਸ ਨੂੰ ਅਪਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।’
ਮੁੱਖ ਸਕੱਤਰ ਨੇ ਕਿਹਾ ਕਿ “ਐਕਸਪੋਰਟ ਐਨਾਲਿਸਿਸ ਐਂਡ ਐਕਸਪੋਰਟ ਵਿਜ਼ਨ- ਪੰਜਾਬ 2021-26” ਯੋਜਨਾ ਸੂਬੇ ਦਾ ਇੱਕ ਨਵੀਨਤਮ ਅਭਿਆਸ ਹੈ ਜਿਸ ਵਿੱਚ ਨਿਰਯਾਤ ਦੀ ਸੰਭਾਵਨਾ ਨੂੰ ਵੇਖਦਿਆਂ ਜ਼ਿਲ੍ਹੇ ਤੋਂ ਜ਼ਿਲ੍ਹੇ, ਉਤਪਾਦ ਤੋਂ ਉਤਪਾਦ ਅਤੇ ਜਾਰੀ ਕਰਨ ਦੇ ਵੱਖਰੇ ਢੰਗ ਦੇ ਤੌਰ ‘ਤੇ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ ਅਤੇ ਉਮੀਦ ਹੈ ਕਿ ਇਹ ਸੂਬੇ ਵਿਚ ਨਿਰਯਾਤ ਨੂੰ ਉਤਸ਼ਾਹਤ ਕਰਨ ਲਈ ਨੀਤੀ ਅਤੇ ਯੋਜਨਾਵਾਂ ਬਣਾਉਣ ਵਿਚ ਸਹਾਇਤਾ ਕਰੇਗਾ।
ਇਹ ਯੋਜਨਾ ਡੀ.ਜੀ.ਐਫ.ਟੀ., ਲੁਧਿਆਣਾ ਵੱਲੋਂ ਉਦਯੋਗ ਅਤੇ ਵਣਜ ਵਿਭਾਗ ਦੇ ਸਹਿਯੋਗ ਨਾਲ ਸੂਬੇ ਦੇ ਨਿਰਯਾਤ ਖੇਤਰ ਵਿੱਚਲੇ ਸਾਰੇ ਭਾਈਵਾਲਾਂ ਦੀ ਸਰਗਰਮ ਸ਼ਮੂਲੀਅਤ ਦੇ ਨਾਲ ਜ਼ਿਲ੍ਹਿਆਂ ਵਿੱਚ ਵੱਖ-ਵੱਖ ਸਲਾਹਕਾਰ ਮੀਟਿੰਗਾਂ ਤੋਂ ਬਾਅਦ ਤਿਆਰ ਕੀਤੀ ਗਈ ਹੈ।
ਰਾਜ ਨਿਰਯਾਤ ਯੋਜਨਾ ਵਿੱਚ ਸਾਰੇ 22 ਜ਼ਿਲ੍ਹਾ ਪੱਧਰੀ ਨਿਰਯਾਤ ਯੋਜਨਾਵਾਂ ਸ਼ਾਮਲ ਹਨ ਅਤੇ ਹਰੇਕ ਜ਼ਿਲ੍ਹੇ ਤੋਂ ਨਿਰਯਾਤ ਦੀਆਂ ਸੰਭਾਵਤ ਵਸਤਾਂ ਦੀ ਪਛਾਣ ਕੀਤੀ ਗਈ ਹੈ ਜਿਸ ਵਿੱਚ ਚੌਲ, ਹੌਜ਼ਰੀ, ਸਾਈਕਲ, ਸ਼ਹਿਦ, ਟੈਰੀ ਤੌਲੀਏ, ਫਾਰਮਾਸਿਊਟੀਕਲ, ਟਰੈਕਟਰ ਦੇ ਹਿੱਸੇ, ਸੂਤੀ, ਸੂਤ, ਖੇਤੀ ਉਪਕਰਣ, ਕਿੰਨੂ, ਬੇਕਰੀ ਉਤਪਾਦ ਅਤੇ ਮਨੋਰੰਜਨ ਸੇਵਾਵਾਂ ਸ਼ਾਮਲ ਹਨ।
ਮੌਜੂਦਾ ਸਮੇਂ ਨਿਰਯਾਤ ਵਿਚ ਯੋਗਦਾਨ ਲਈ ਪੰਜਾਬ ਦੇਸ਼ ਭਰ ਵਿੱਚੋਂ 13ਵੇਂ ਸਥਾਨ ‘ਤੇ ਹੈ। ਪੰਜਾਬ ਤੋਂ ਕੁੱਲ ਨਿਰਯਾਤ ਭਾਰਤ ਦੇ ਕੁੱਲ ਨਿਰਯਾਤ ਦਾ ਸਿਰਫ 2 ਫ਼ੀਸਦੀ ਹੈ।
ਯੋਜਨਾ ਵਿਚ ਨਿਰਯਾਤ ਦੀ ਸੰਭਾਵਨਾ ਦੇ ਸੰਬੰਧ ਵਿਚ ਸਾਰੇ ਜ਼ਿਲ੍ਹਿਆਂ ਅਤੇ ਸੂਬੇ ਦੇ ਐਸ.ਡਬਲਯੂ.ਓ.ਟੀ. ਨਿਰੀਖਣ ਨੂੰ ਦਰਸਾਇਆ ਗਿਆ ਹੈ ਅਤੇ ਇਸ ਵਿੱਚ ਨਿਰਯਾਤ ਨੂੰ ਉਤਸ਼ਾਹਿਤ ਕਰਨ ਅਤੇ ਇਸ ਦੇ ਵਾਧੇ ਲਈ ਇਕ ਰੂਪ-ਰੇਖਾ ਵੀ ਸ਼ਾਮਲ ਹੈ।