ਡਿਪਟੀ ਕਮਿਸ਼ਨਰ ਨੇ ਉਦਯੋਗਪਤੀਆਂ ਦਾ ਵੱਡੀ ਗਿਣਤੀ ਚ ਸਿਲੰਡਰ ਪ੍ਰਸ਼ਾਸਨ ਨੂੰ ਦੇਣ ਲਈ ਧੰਨਵਾਦ ਕੀਤਾ

ਲੁਧਿਆਣਾ, 13 ਮਈ  – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਲੁਧਿਆਣਾ ਦੇ ਉਦਯੋਗਪਤੀਆਂ ਨੂੰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਵਿੱਚ ਵਰਤੋਂ ਲਈ ਆਕਸੀਜਨ ਸਿਲੰਡਰ ਸੌਂਪਣ ਦੀ ਅਪੀਲ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਕਿਉਂਕਿ ਪਿਛਲੇ 10 ਦਿਨਾਂ ਦੌਰਾਨ ਕੋਵਿਡ ਦੇ ਇਲਾਜ਼ ਲਈ ਉਨ੍ਹਾਂ ਪ੍ਰਸ਼ਾਸ਼ਨ ਨੂੰ 835 ਆਕਸੀਜ਼ਨ ਸਿਲੰਡਰ ਸਪੁਰਦ ਕੀਤੇ ਹਨ।

ਇਨ੍ਹਾਂ 835 ਸਿਲੰਡਰਾਂ ਵਿਚੋਂ 812 ਖਾਲੀ ਅਤੇ 23 ਭਰੇ ਹੋਏ ਵੀ ਹਨ। ਇਨ੍ਹਾਂ ਸਿਲੰਡਰਾਂ ਵਿਚੋਂ 605 ਹਸਪਤਾਲਾਂ ਨੂੰ ਦਿੱਤੇ ਗਏ ਹਨ ਜਿਨ੍ਹਾਂ ਵਿਚ 582 ਖਾਲੀ ਹਨ ਅਤੇ 23 ਕੋਵਿਡ-19 ਮਰੀਜ਼ਾਂ ਦੇ ਇਲਾਜ ਵਿਚ ਵਰਤੋਂ ਲਈ ਭਰੇ ਗਏ ਹਨ। ਸਟੋਰ ‘ਤੇ ਲਗਭਗ 230 ਖਾਲੀ ਸਿਲੰਡਰ ਰੱਖੇ ਗਏ ਹਨ ਜੋ ਲੋੜ ਅਨੁਸਾਰ ਵਰਤੇ ਜਾਣਗੇ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਲੁਧਿਆਣਾ ਦੇ ਉਦਯੋਗਪਤੀਆਂ ਨੂੰ ਇਸ ਭਰਵੇਂ ਹੁੰਗਾਰੇ ਅਤੇ ਇਸ ਔਖੀ ਘੜੀ ਵਿੱਚ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਜਦੋਂ ਕੋਵਿਡ-19 ਦੀ ਦੂਜੀ ਲਹਿਰ ਲੁਧਿਆਣਾ ਵਿੱਚ ਬਹੁਤ ਜ਼ਿਆਦਾ ਘਾਤਕ ਰੂਪ ਧਾਰ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਵੱਲੋਂ ਸਿਲੰਡਰਾਂ ਦੀ ਸੇਵਾ ਰਾਹੀਂ ਪਾਇਆ ਗਿਆ ਯੋਗਦਾਨ ਗੰਭੀਰ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲੰਬੇ ਸਮੇਂ ਤੱਕ ਸਹਾਈ ਸਿੱਧ ਹੋਵੇਗਾ ਕਿਉਂਕਿ ਹੁਣ ਮਰੀਜ਼ਾਂ ਨੂੰ ਦਿਨ-ਰਾਤ ਆਕਸੀਜਨ ਦੀ ਸਪਲਾਈ ਦਿੱਤੀ ਜਾ ਸਕੇਗੀ।

ਉਨ੍ਹਾਂ ਦੱਸਿਆ ਕਿ ਕੋਵਿਡ ਪੋਜ਼ਟਿਵ ਮਾਮਲਿਆਂ ਵਿੱਚ ਹੋ ਰਹੇ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਆਕਸੀਜ਼ਨ ਦੀ ਮੰਗ ਵੱਧਣਾ ਵੀ ਸੁਭਾਵਿਕ ਹੈ ਜਿਸ ਲਈ ਅਧਿਕਾਰੀ ਇਸਦੀ ਪੂਰਤੀ ਲਈ ਅਣਥੱਕ ਮਿਹਨਤ ਕਰ ਰਹੇ ਹਨ ਕਿ ਕੋਈ ਵੀ ਹਸਪਤਾਲ ਆਕਸੀਜਨ ਦੀ ਘਾਟ ਦਾ ਸਾਹਮਣਾ ਨਾ ਕਰੇ।

ਉਨ੍ਹਾਂ ਦੱਸਿਆ ਕਿ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ) ਅਤੇ ਵੇਲਟੈਕ ਇਕਿਊਪਮੈਂਟ ਐਂਡ ਇਨਫਰਾਸਟਰਕਚਰ (ਡਬਲਯੂ.ਈ.ਆਈ) ਦੇ ਕਰਮਚਾਰੀ, ਲੁਧਿਆਣਾ ਅਤੇ ਪੰਜਾਬ ਦੇ ਨੇੜਲੇ ਜ਼ਿਲ੍ਹਿਆਂ ਦੇ ਹਸਪਤਾਲਾਂ ਦੁਆਰਾ ਮੈਡੀਕਲ ਆਕਸੀਜਨ ਦੀ ਗਗਨਚੁੰਬੀ ਮੰਗ ਨੂੰ ਪੂਰਾ ਕਰਨ ਲਈ ਦਿਨ-ਰਾਤ ਡਿਊਟੀ ਕਰਕੇ ਆਪਣਾ ਫਰਜ਼ ਨਿਭਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਉਦਯੋਗਪਤੀਆਂ ਨੇ ਮੁਸੀਬਤ ਦੀ ਇਸ ਘੜੀ ਵਿੱਚ ਲੋਕਾਂ ਦਾ ਸਹਿਯੋਗ ਕਰਕੇ ਪੰਜਾਬੀਆਂ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਉਦਯੋਗਾਂ/ਫੈਕਟਰੀਆਂ ਨਾਲ ਤਾਲਮੇਲ ਕਰਕੇ ਤੁਰੰਤ ਖਾਲੀ ਪਏ ਸਿਲੰਡਰਾਂ ਨੂੰ ਆਕਸੀਜਨ ਨਾਲ ਭਰਿਆ ਜਾਵੇ।

ਜ਼ਿਕਰਯੋਗ ਹੈ ਕਿ 2 ਮਈ, 2021 ਨੂੰ ਸ੍ਰੀ ਸ਼ਰਮਾ ਨੇ ਗਲਾਡਾ ਦੇ ਮੁੱਖ ਪ੍ਰਬੰਧਕ ਪਰਮਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਬਣਾਈ ਸੀ, ਜਿਸ ਵਿੱਚ ਏ.ਡੀ.ਸੀ.ਪੀ. ਸ. ਜਸਕਰਨ ਸਿੰਘ ਤੇਜਾ, ਪੀ.ਪੀ.ਸੀ.ਬੀ. ਦੇ ਐਸ.ਈ. ਸ੍ਰੀ ਸੰਦੀਪ ਬਹਿਲ, ਪੀ.ਪੀ.ਸੀ.ਬੀ. ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਮਨੋਹਰ ਲਾਲ, ਡਿਪਟੀ ਡਾਇਰੈਕਟਰ ਫੈਕਟਰੀਆਂ ਸ. ਐਸ.ਐਸ. ਭੱਟੀ, ਸਹਾਇਕ ਲੇਬਰ ਕਮਿਸ਼ਨਰ ਸ. ਬਲਜੀਤ ਸਿੰਘ ਤੋਂ ਇਲਾਵਾ ਪੰਜ ਹੋਰ ਅਧਿਕਾਰੀ ਇਸ ਦੇ ਮੈਂਬਰ ਹਨ।