ਦਾਖ਼ਲਾ ਮੁਹਿੰਮ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਸਕੂਲਾਂ ਵਿੱਚ ਪ੍ਰੇਰਨਾਦਾਇਕ ਫੇਰੀ

ਨਿਊਜ਼ ਪੰਜਾਬ 

ਤਰਨਤਾਰਨ, 10 ਮਈ :
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਹਰ ਬੱਚੇ ਤੱਕ ਉੱਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਹਿੱਤ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਦੇ ਉਦੇਸ਼ ਨਾਲ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ, ਸ਼੍ਰੀ ਰਾਜੇਸ਼ ਕੁਮਾਰ ਅਤੇ ਸ਼੍ਰੀ ਪਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ,ਜਿਸ ਤਹਿਤ ਡੀਈਓ ਐਲੀਮੈਂਟਰੀ ਤਰਨਤਾਰਨ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਚੁਤਾਲਾ, ਸਰਕਾਰੀ ਪ੍ਰਾਇਮਰੀ ਸਕੂਲ ਪਿੱਦੀ ਵਿਖੇ ਪਹੁੰਚ ਕੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਮੁਹਿੰਮਾਂ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਉਹਨਾਂ ਵੱਲੋਂ ਸਕੂਲ ਮੁਖੀ ਅਤੇ ਅਧਿਆਪਕ ਸਾਹਿਬਾਨ ਨੂੰ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਦਾਖ਼ਲਾ ਮੁਹਿੰਮ ਸਬੰਧੀ ਪ੍ਰਚਾਰ ਕਰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਸਰਕਾਰੀ ਸਕੂਲਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ। ਵਿਦਿਆਰਥੀਆਂ ਦੀਆਂ ਸਮਾਂ ਸਾਰਣੀ ਅਨੁਸਾਰ ਜੂਮ ਜਮਾਤਾਂ ਲਗਾਈਆਂ ਜਾਣ ਅਤੇ ਇਹਨਾਂ ਜਮਾਤਾਂ ਦੌਰਾਨ ਸਮੇਂ ਸਮੇਂ ਤੇ ਕੋਵਿਡ 19 ਤੋਂ ਬਚਾਅ ਲਈ ਹਦਾਇਤਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇ।
ਇਸੇ ਤਰ੍ਹਾਂ ਸ਼੍ਰੀ ਪਰਮਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਤਰਨਤਾਰਨ ਨੇ ਸਰਕਾਰੀ ਪ੍ਰਾਇਮਰੀ ਸਕੂਲ ਭੋਜੀਆਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਾਕੀਪੁਰ ਵਿਖੇ ਪਹੁੰਚ ਕੇ ਚੱਲ ਰਹੇ ਕੰਮਾਂ ਦਾ ਅਚਨਚੇਤ ਨਿਰੀਖਣ ਕੀਤਾ। ਡਿਪਟੀ ਡੀਈਓ ਤਰਨਤਾਰਨ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਿਭਾਗ ਵੱਲੋਂ ਸਮੇਂ ਸਮੇਂ ਤੇ ਆ ਰਹੀਆਂ ਹਦਾਇਤਾਂ ਹਰ ਪ੍ਰੋਜੈਕਟ ਵਿੱਚ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਇਸ ਵਿਜਟ ਦੇ ਦੌਰਾਨ ਉਨ੍ਹਾਂ ਵੱਲੋ, ਦਾਖ਼ਲਾ ਮੁਹਿੰਮ 2021 “ਈਚ ਵੰਨ ਬਰਿੰਗ ਵੰਨ” ਸਮਾਰਟ ਸਕੂਲ ਮੁਹਿੰਮ, ਸੋਹਣੇ ਸਕੂਲ ਸੋਹਣਾ ਫਰਨੀਚਰ, ਆਨਲਾਈਨ ਸਿੱਖਿਆ ਸਬੰਧੀ ਸਕੂਲ ਮੁਖੀਆਂ ਅਤੇ ਸਟਾਫ਼ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਸ਼੍ਰੀ ਰਾਜੇਸ਼ ਕੁਮਾਰ, ਡੀਈਓ ਐਲੀਮੈਂਟਰੀ ਤਰਨਤਾਰਨ ਵੱਲੋਂ ਸਕੂਲ ਮੁਖੀ ਸਾਹਿਬਾਨ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸੁਣ ਕੇ ਮੌਕੇ ਤੇ ਨਿਪਟਾਰਾ ਕੀਤਾ ਅਤੇ ਸਿੱਖਿਆ ਦੇ ਮਿਆਰ, ਸਕੂਲੀ ਬੁਨਿਆਦੀ ਢਾਂਚੇ ਨੂੰ ਸ਼ਾਨਦਾਰ ਬਣਾਉਣ ਨੂੰ ਲੈਕੇ ਕੀਤੇ ਜਾ ਰਹੇ ਉਪਰਾਲਿਆਂ ਲਈ ਉਹਨਾਂ ਦੀ ਪ੍ਰਸੰਸਾ ਅਤੇ ਹੌਂਸਲਾ ਅਫਜ਼ਾਈ ਕੀਤੀ।
ਸ਼੍ਰੀ ਪਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਵੱਲੋਂ ਇਸ ਮੌਕੇ ਸਮੂਹ ਸਕੂਲ ਮੁਖੀ ਤੇ ਸਟਾਫ਼ ਨੂੰ ਕੋਵਿਡ ਦੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਸਕੂਲ ਅਧਿਆਪਕ ਕੋਰੋਨਾ ਮਹਾਂਮਾਰੀ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਜੁੜੇ ਰੱਖਣ ਲਈ ਸਮਾਂ ਸਾਰਣੀ ਅਨੁਸਾਰ ਜ਼ੂਮ ਜਮਾਤਾਂ ਲਗਾਉਣਾ ਯਕੀਨੀ ਬਣਾਉਣ।
ਇਸ ਮੌਕੇ ਸ਼੍ਰੀ ਪ੍ਰੇਮ ਸਿੰਘ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਕਿਹਾ ਸਕੂਲ ਮੁਖੀ ਸਾਹਿਬਾਨ,  ਕੋਵਿਡ 19 ਮਹਾਂਮਾਰੀ ਤੋਂ ਬਚਾਅ ਲਈ ਦੱਸੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਤਰਨਤਾਰਨ ਦੇ ਸਮਾਰਟ ਸਕੂਲ ਪ੍ਰੋਜੈਕਟ ਨੂੰ ਲੋਕਾਂ ਤੱਕ ਪਹੁੰਚਾਉਣ, ਅਤੇ ਦਾਖਲਿਆਂ ਸਬੰਧੀ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ ਰਾਹੀਂ ਵੀ ਪ੍ਰਚਾਰ ਪ੍ਰਸਾਰ ਕਰਨ।