ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਉਡਾਨ ਪ੍ਰੋਜੈਕਟ ਅਤੇ ਵਰਡ ਆਫ਼ ਦਾ ਡੇਅ ਸਬੰਧੀ ਆਨਲਾਈਨ ਮੁਲਾਂਕਣ 10 ਅਤੇ 12 ਮਈ ਨੂੰ
ਨਿਊਜ਼ ਪੰਜਾਬ
ਤਰਨਤਾਰਨ 8 ਮਈ :
ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਗੁਣਾਤਮਿਕ ਬਣਾਉਣ ਲਈ ਹਰ ਸਮੇਂ ਯਤਨਸ਼ੀਲ ਹੈ। ਇਸੇ ਲੜੀ ਤਹਿਤ ਵਿਭਾਗ ਵੱਲੋਂ ਪਿਛਲੇ ਸਮੇਂ ਦੌਰਾਨ ਵਿਦਿਆਰਥੀਆਂ ਲਈ ਉਡਾਨ ਪ੍ਰੋਜੈਕਟ ਅਤੇ ਵਰਡ ਆਫ ਦਾ ਡੇਅ ਐਕਟੀਵਿਟੀ ਤਹਿਤ ਆਮ ਗਿਆਨ, ਭੁੱਲੀ-ਵਿਸਰੀ ਦੁਰਲੱਭ ਪੰਜਾਬੀ ਸ਼ਬਦਾਵਲੀ ਅਤੇ ਰੋਜ਼ਾਨਾ ਇੱਕ ਅੰਗਰੇਜ਼ੀ ਸ਼ਬਦ ਸਬੰਧੀ ਮਹੱਤਵਪੂਰਨ ਜਾਣਕਾਰੀ ਸਲਾਈਡਾਂ ਦੇ ਰੂਪ ਵਿੱਚ ਭੇਜੀ ਜਾ ਰਹੀ ਹੈ।
ਵਿਭਾਗ ਵੱਲੋਂ ਅਜਿਹੀਆਂ ਗਤੀਵਿਧੀਆਂ ਦਾ ਸਮੇਂ-ਸਮੇਂ `ਤੇ ਮੁਲਾਂਕਣ ਵੀ ਕੀਤਾ ਜਾਂਦਾ ਹੈ । ਜਿਸ ਮੰਤਵ ਲਈ ਪਿਛਲੇ ਕੁੱਝ ਦਿਨਾਂ ਤੋਂ ਸੈਸ਼ਨ 2020-21ਦੌਰਾਨ ਭੇਜੀ ਗਈ ਸਮੁੱਚੀ ਸਮੱਗਰੀ ਦੀ ਦੁਹਰਾਈ ਵੀ ਕਰਵਾਈ ਜਾ ਰਹੀ ਸੀ।
ਇਸ ਸਬੰਧੀ ਸ਼੍ਰੀ ਸਤਿਨਾਮ ਸਿੰਘ ਬਾਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕਡਰੀ ਸਿੱਖਿਆ ਤਰਨਤਾਰਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਵੱਲੋਂ ਜਾਰੀ ਪੱਤਰ ਅਨੁਸਾਰ 10 ਮਈ, 2021 ਨੂੰ ਉਡਾਨ ਪ੍ਰੋਜੈਕਟ ਅਤੇ 12 ਮਈ,2021 ਨੂੰ ਵਰਡ ਆਫ ਦਾ ਡੇਅ (ਅੰਗਰੇਜ਼ੀ ਅਤੇ ਪੰਜਾਬੀ ) ਦਾ ਮੁਲਾਂਕਣ ਕੀਤਾ ਜਾਵੇਗਾ। ਉਡਾਨ ਪ੍ਰੋਜੈਕਟ ਅਧੀਨ ਸਲਾਈਡ ਰਾਹੀਂ ਭੇਜੇ ਗਏ ਪ੍ਰਸ਼ਨਾਂ `ਤੇ ਅਧਾਰਿਤ 20 ਅੰਕਾਂ ਦਾ ਮੁਲਾਂਕਣ ਕੀਤਾ ਜਾਵੇਗਾ।
ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਗਰੁੱਪ ਵਾਈਜ਼ 6 ਵੀਂ ਤੋਂ 8 ਵੀਂ ਜਮਾਤ , 9 ਵੀਂ ਤੋਂ 10 ਵੀਂ ਅਤੇ 11ਵੀਂ ਤੋਂ 12 ਵੀਂ ਜਮਾਤ ਦੇ ਵੱਖਰੇ-ਵੱਖਰੇ ਤਿੰਨ ਲਿੰਕ ਐੱਸ.ਐੱਸ.ਏ. ਦੀ ਸਾਈਟ `ਤੇ ਅਪਲੋਡ ਕੀਤੇ ਜਾਣਗੇ। ਜੋ ਕਿ 48 ਘੰਟੇ ਲਈ ਵਿਦਿਆਰਥੀਆਂ ਲਈ ਖੁੱਲ੍ਹੇ ਰਹਿਣਗੇ। ਵਿਦਿਆਰਥੀ ਆਪਣੀ ਸੁਵਿਧਾ ਅਨੁਸਾਰ ਇਹ ਮੁਲਾਂਕਣ ਆਨਲਾਈਨ ਮੁਕੰਮਲ ਕਰ ਸਕਣਗੇ।
ਇਸੇ ਤਰ੍ਹਾਂ ਵਰਡ ਆਫ ਦਾ ਡੇਅ ਦੇ ਮੁਲਾਂਕਣ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰਬਚਨ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 12 ਮਈ ਨੂੰ ਪਿਛਲੇ ਸਾਲ ਦੇ ਭੇਜੇ ਗਏ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੇ ਸ਼ਬਦਾਂ `ਤੇ ਅਧਾਰਿਤ 15 ਪ੍ਰਸ਼ਨਾਂ ਦੇ ਅੰਗਰੇਜ਼ੀ ਅਤੇ ਪੰਜਾਬੀ ਦੇ ਵੱਖਰੇ-ਵੱਖਰੇ ਗੂਗਲ ਲਿੰਕ ਵੀ ਵੈਬਸਾਈਟ `ਤੇ ਉਪਲੱਬਧ ਕਰਵਾਏ ਜਾਣਗੇ। ਇਸ ਲਿੰਕ ਰਾਹੀਂ ਵੀ ਵਿਦਿਆਰਥੀ ਆਪਣੀ ਸੁਵਿਧਾ ਅਨੁਸਾਰ 48 ਘੰਟਿਆਂ ਦੇ ਵਿੱਚ ਮੁਲਾਂਕਣ ਹੱਲ ਕਰ ਸਕਣਗੇ।
ਵਿਭਾਗ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਸਿੱਖਿਆ) ਅਤੇ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਦੇ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਨੂੰ ਇਹਨਾਂ ਮੁਲਾਂਕਣਾਂ ਪ੍ਰਤੀ ਉਤਸ਼ਾਹਿਤ ਕਰਕੇ ਇਹਨਾਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਸਬੰਧੀ ਮੁਲਾਂਕਣ ਲਿੰਕ ਵਿਦਿਆਰਥੀਆਂ ਤੱਕ ਪੁੱਜਦਾ ਕਰਨ ਦੀ ਸਮੁੱਚੀ ਜ਼ਿੰਮੇਵਾਰੀ ਸਕੂਲ ਮੁਖੀਆਂ ਅਤੇ ਸਕੂਲ ਅਧਿਆਪਕਾਂ ਦੀ ਹੋਵੇਗੀ।