ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਚੁਕਾਈ ਅਤੇ ਅਨਲੋਡਿੰਗ ਦਾ ਜਾਇਜ਼ਾ ਲੈਣ ਲਈ ਭਿੱਖੀਵਿੰਡ ਵਿਖੇ ਬਣੇ ਗੋਦਾਮਾਂ ਦਾ ਦੌਰਾ

ਨਿਊਜ਼ ਪੰਜਾਬ 

ਤਰਨ ਤਾਰਨ, 27 ਅਪ੍ਰੈਲ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਅੱਜ ਮੰਡੀਆਂ ਵਿੱਚੋਂ ਖਰੀਦ ਕੀਤੀ ਗਈ ਕਣਕ ਦੀ ਚੁਕਾਈ ਅਤੇ ਅਨਲੋਡਿੰਗ ਦਾ ਜਾਇਜ਼ਾ ਲੈਣ ਲਈ ਭਿੱਖੀਵਿੰਡ ਵਿਖੇ ਬਣੇ ਗੋਦਾਮਾਂ ਦਾ ਦੌਰਾ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਸੁਖਜਿੰਦਰ ਸਿੰਘ ਅਤੇ ਜ਼ਿਲ੍ਹਾ ਮੈਨੇਜਰ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਸ਼੍ਰੀਮਤੀ ਜੀ. ਕੇ. ਬੋਪਾਰਾਏ ਤੋਂ ਇਲਾਵਾ ਹੋਰ ਅਧਿਕਾਰੀ ਵੀ ਉਹਨਾਂ ਦੇ ਨਾਲ ਸਨ।
ਇਸ ਮੌਕੇ ਉਹਨਾਂ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੰੁ ਅਪੀਲ ਕੀਤੀ ਕਿ ਮੰਡੀਆਂ ਵਿੱਚੋਂ ਖਰੀਦ ਕੀਤੀ ਗਈ ਕਣਕ ਦੀ ਚੁਕਾਈ ਨਾਲੋਂ-ਨਾਲ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਕਣਕ ਦੀ ਆਮਦ ਵਿੱਚ ਕੋਈ ਦਿੱਕਤ ਨਾ ਆਵੇ। ਇਸ ਮੌਕੇ ਉਹਨਾਂ ਸਬੰਧਤਿ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਗੋਦਾਮਾਂ ਵਿੱਚ ਕਣਕ ਦੇ ਭਰੇ ਟਰੱਕਾਂ ਦੀ ਅਨਲੋਡਿੰਗ ਸੁਚੱਜੇ ਢੰਗ ਨਾਲ ਕਰਾਉਣ ਲਈ ਢੁਕਵੀਂ ਵਿਵਸਥਾ ਬਣਾਈ ਜਾਵੇ ਤਾਂ ਜੋ ਸਮੇਂ ਸਿਰ ਕਣਕ ਦੀ ਅਨਲੋਡਿੰਗ ਹੋ ਸਕੇ ਅਤੇ ਟਰੱਕਾਂ ਨੂੰ ਅਨਲੋਡਿੰਗ ਕਰਨ ਵਿੱਚ ਜ਼ਿਆਦਾ ਉਡੀਕ ਨਾ ਕਰਨੀ ਪਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਨਿਰਵਿਘਨ ਅਤੇ ਸੁਚਾਰੂ ਤਰੀਕੇ ਨਾਲ ਚੱਲ ਰਹੀ ਹੈ।ਉਹਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਆਪਣੀ ਫਸਲ ਸੁਕਾ ਕੇ ਲਿਆਉਣ ਤਾਂ ਜੋ ਜਲਦੀ ਤੋਂ ਜਲਦੀ ਖਰੀਦ ਹੋ ਸਕੇ। ਉਹਨਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨ ਤੇ ਮਜ਼ਦੂਰ ਕੋਵਿਡ-19 ਦੇ ਚੱਲਦਿਆਂ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਜ਼ਰੂਰ ਕਰਨ ਤਾਂ ਜੋ ਇਸ ਭਿਆਨਕ ਮਹਾਂਮਾਰੀ ਤੋਂ ਬਚਿਆਂ ਜਾ ਸਕੇ।