ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੈਂਟਰ ਸਕੂਲ ਕੈਰੋਂ ਵਿਖੇ ਪਾਈ ਫੇਰੀ ਸਕੂਲ ਮੁਖੀਆਂ ਨੂੰ ਦਾਖ਼ਲਾ ਮੁਹਿੰਮ ਸਬੰਧੀ ਕੀਤਾ ਉਤਸ਼ਾਹਿਤ
ਨਿਊਜ਼ ਪੰਜਾਬ
ਤਰਨ ਤਾਰਨ, 26 ਅਪ੍ਰੈਲ :
ਸਿੱਖਿਆ ਵਿਭਾਗ ਪੰਜਾਬ ਵੱਲੋਂ ਪੂਰੇ ਸੂਬੇ ਵਿੱਚ ਚਲਾਈ ਜਾ ਰਹੀ ਦਾਖਲਾ ਮੁਹਿੰਮ ਤਹਿਤ ਤਰਨਤਾਰਨ ਜ਼ਿਲ੍ਹੇ ਵਿੱਚ ਕੈਰੋਂ ਸੈਂਟਰ ਦੇ ਸਾਰੇ ਸਕੂਲ ਮੁਖੀ ਸਾਹਿਬਾਨ ਨਾਲ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਸੈਕੰਡਰੀ ਸਿੱਖਿਆ ਅਫਸਰ ਸ੍ਰ ਸਤਨਾਮ ਸਿੰਘ ਬਾਠ, ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਫਸਰ ਸ੍ਰੀ ਰਜੇਸ਼ ਕੁਮਾਰ ਅਤੇ ਬੀਪੀਈਓ ਜਸਵਿੰਦਰ ਸਿੰਘ ਉਚੇਚੇ ਤੌਰ ‘ਤੇ ਸ਼ਾਮਿਲ ਹੋਏ।
ਸਮੂਹ ਅਧਿਆਪਕ ਸਾਹਿਬਾਨ ਨੂੰ ਸੰਬੋਧਨ ਕਰਦੇ ਹੋਏ ਸੀ੍ਰ ਸਤਨਾਮ ਸਿੰਘ ਬਾਠ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਅਤੇ ਸੈਕੰਡਰੀ ਸਕੂਲਾਂ ਦਾ ਆਪਸ ਵਿੱਚ ਨਹੁੰ ਮਾਸ ਦਾ ਰਿਸ਼ਤਾ ਹੈ । ਪ੍ਰਾਇਮਰੀ ਸਕੂਲਾਂ ਤੋਂ ਪੜ੍ਹ ਕੇ ਹੀ ਬੱਚੇ ਸੈਕੰਡਰੀ ਸਕੂਲਾਂ ਵਿੱਚ ਪਹੁੰਚਦੇ ਹਨ। ਇਸ ਲਈ ਡੋਰ ਟੂ ਡੋਰ ਚਲਾਈ ਜਾ ਰਹੀ ਦਾਖਲਾ ਮੁਹਿੰਮ ਵਿੱਚ ਸਾਰੇ ਅਧਿਆਪਕ ਇਕੱਠੇ ਹੋ ਕੇ ਹਿੱਸਾ ਲੈਣ ਤਾਂ ਜੋ ਇਸ ਮੁਹਿੰਮ ਨੂੰ ਹੋਰ ਸਫਲ ਬਣਾਇਆ ਜਾ ਸਕੇ।
ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਫਸਰ ਸ੍ਰੀ ਰਾਜੇਸ਼ ਕੁਮਾਰ ਨੇ ਆਪਣੇ ਸੰਬੋਧਨ ਵਿਚ ਸਮੂਹ ਅਧਿਆਪਕ ਸਾਹਿਬਾਨ ਨੂੰ ਸਕੂਲਾਂ ਵਿਚ ਹੋਏ ਵਧੀਆ ਕੰਮਾਂ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ । ਉਹਨਾਂ ਵੱਲੋਂ ਸੈਂਟਰ ਹੈੱਡ ਟੀਚਰ ਗੁਰਕਿਰਪਾਲ ਸਿੰਘ ਨੂੰ ਸੈੈਂਟਰ ਸਕੂਲ ਕੈਰੋਂ ਦੀ ਬਿਹਤਰੀਨ ਅਗਵਾਈ ਕਰਦੇ ਦਾਖ਼ਲਾ ਮੁਹਿੰਮ 2021 ਦੌਰਾਨ
ਜ਼ਿਲੇ ਦੇ ਸਿਖ਼ਰਲੇ ਪੰਜ ਕਲੱਸਟਰਾਂ ਵਿੱਚ ਲਿਆ ਖੜ੍ਹਾ ਕਰਨ ਤੇ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਸਕੂਲ ਦੇ ਸੁੰਦਰੀਕਰਨ ਕਾਰਜਾਂ ਨੂੰ ਵੇਖ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਵਿਸ਼ਵਾਸ ਦਵਾਇਆ ਕਿ ਜ਼ਿਲ੍ਹਾ ਦਫ਼ਤਰ ਵੱਲੋਂ ਹਰ ਸਕੂਲ ਨੂੰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ । ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਨੌਸ਼ਹਿਰਾ ਪੰਨੂੰਆਂ ਸ੍ਰ ਜਸਵਿੰਦਰ ਸਿੰਘ ਨੇ ਸਮੂਹ ਅਧਿਆਪਕ ਸਾਹਿਬਾਨ ਨੂੰ ਡੋਰ ਟੂ ਡੋਰ ਮੁਹਿੰਮ ਨੂੰ ਹੋਰ ਤੇਜ਼ ਕਰਨ ਤੇ ਬਲ ਦਿੱਤਾ ਅਤੇ ਨਾਲ ਹੀ ਆਨਲਾਈਨ ਸਿੱਖਿਆ ਉੱਤੇ ਵੀ ਪੂਰਾ ਧਿਆਨ ਦੇਣ ਲਈ ਕਿਹਾ
ਇਸ ਉਪਰੰਤ ਸੈਂਟਰ ਕੈਰੋਂ ਦੇ ਸੀ ਐੱਚ ਟੀ ਸ੍ਰ ਗੁਰਕਿਰਪਾਲ ਸਿੰਘ ਨੇ ਸੈਂਟਰ ਸਕੂਲ ਵਿਚ ਪਹੁੰਚੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਹੋਇਆਂ ਦੱਸਿਆ ਕਿ ਪਿਛਲੇ ਸਾਲ ਵੀ ਸੈਂਟਰ ਕੈਰੋਂ ਦੇ ਸਮੂਹ ਸਕੂਲਾਂ ਦਾ ਨਵਾਂ ਦਾਖ਼ਲਾ 22 ਪ੍ਰਤੀਸ਼ਤ ਵੱਧ ਰਿਹਾ ਸੀ ਅਤੇ ਨਾਲ ਹੀ ਵਿਸ਼ਵਾਸ ਦਵਾਇਆ ਕਿ ਇਸ ਵਾਰ ਵੀ ਸੈਂਟਰ ਕੈਰੋਂ ਅਧੀਨ ਆਉਂਦੇ ਸਾਰੇ ਸਕੂਲਾਂ ਵਿੱਚ ਹੀ 20% ਤੋਂ ਵੱਧ ਨਵੇਂ ਦਾਖਲਾ ਦਾ ਟੀਚਾ ਬਹੁਤ ਜਲਦ ਹਾਸਿਲ ਕਰ ਲਿਆ ਜਾਵੇਗਾ । ਇਸ ਮੀਟਿੰਗ ਵਿਚ ਸੈਂਟਰ ਕੈਰੋਂ ਦੇ ਸਾਰੇ ਸਕੂਲਾਂ ਦੇ ਮੁੱਖ ਅਧਿਆਪਕ ਅਤੇ ਅਧਿਆਪਕ ਸਾਹਿਬਾਨ ਹਾਜ਼ਰ ਸਨ ।