ਮੁੱਖ ਮੰਤਰੀ ਵੱਲੋਂ ਸਥਿਤੀ ਦੀ ਨਾਜੁਕਤਾ ਨੂੰ ਸਮਝਣ ਅਤੇ 7 ਗੱਲਾਂ ਉਤੇ ਅਮਲ ਕਰਨ ਦੀ ਅਪੀਲ,ਪੜ੍ਹੋ ਕਿਹੜੀਆਂ ਗੱਲਾਂ

ਨਿਊਜ਼ ਪੰਜਾਬ
ਚੰਡੀਗੜ, 25 ਅਪ੍ਰੈਲ
          ਮੁਲਕ ਦੇ ਨਾਲ-ਨਾਲ ਸੂਬੇ ਵਿਚ ਕੋਵਿਡ ਕੇਸਾਂ ‘ਚ ਨਿਰੰਤਰ ਵਾਧੇ ਦੇ ਮੱਦੇਨਜਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਗੈਰ-ਜਰੂਰੀ ਸਫਰ ਕਰਨ ਅਤੇ ਸਥਾਨਕ ਆਵਾਜਾਈ ਤੋਂ ਸੰਜਮ ਵਰਤਣ ਦੀ ਅਪੀਲ ਕੀਤੀ ਹੈ ਤਾਂ ਕਿ ਇਸ ਵਾਇਰਸ ਉਤੇ ਕਾਬੂ ਪਾਉਣ ਅਤੇ ਇਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
 ਇਸ ਬਾਰੇ ਹੋਰ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਦੇਸ਼ ਵਿਚ ਕੋਵਿਡ-19 ਦੀ ਸਥਿਤੀ ਬਾਰੇ ਡੂੰਘੀ ਚਿੰਤਾ ਜਾਹਰ ਕਰਦੇ ਹੋਏ ਲੋਕਾਂ ਨੂੰ ਵਧੇਰੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ,”ਅਸੀਂ ਆਪਣੇ ਸੂਬੇ ਵਿਚ ਹਾਲਾਤ ਕਾਬੂ ਤੋਂ ਬਾਹਰ ਨਿਕਲਣ ਨਹੀਂ ਦੇ ਸਕਦੇ। ਇਸ ਵੇਲੇ ਸੂਬੇ ਵਿਚ ਰੋਜਾਨਾ ਦੇ ਆਧਾਰ ਉਤੇ 5500-6000 ਕੇਸ ਆ ਰਹੇ ਹਨ ਅਤੇ ਪਿਛਲੇ ਇਕ ਹਫਤੇ ਵਿਚ ਪਾਜੇਟੀਵਿਟੀ ਦਰ 10 ਫੀਸਦੀ ਤੋਂ ਵੱਧ ਹੈ। ਅਜਿਹੇ ਸਮੇਂ ਵਿਚ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਮਹਾਂਮਾਰੀ ਖਿਲਾਫ ਇਕਜੁੱਟ ਹੋਈਏ।“
ਮੁੱਖ ਮੰਤਰੀ ਨੇ ਕਿਹਾ,” ਇਹ ਪੁਖਤਾ ਸਬੂਤ ਹਨ ਕਿ ਸਮਾਜਿਕ ਮੇਲ-ਜੋਲ ਵਾਇਰਸ ਫੈਲਾਉਣ ਦਾ ਅਹਿਮ ਜਰੀਆ ਬਣਦਾ ਹੈ। ਇਸ ਕਰਕੇ ਸਾਡੇ ਸਾਰਿਆਂ ਲਈ ਇਹ ਬਹੁਤ ਜਰੂਰੀ ਹੈ ਕਿ ਗੈਰ-ਜਰੂਰੀ ਕੰਮਾਂ ਲਈ ਸਫਰ ਕਰਨ ਅਤੇ ਘਰਾਂ ਤੋਂ ਬਾਹਰ ਨਿਕਲਣ ਤੋਂ ਸੰਜਮ ਵਰਤਿਆ ਜਾਵੇ। ਭਾਵੇਂ ਪਿੰਡਾਂ ਵਿਚ ਹੋਈਏ ਜਾਂ ਸ਼ਹਿਰਾਂ ਵਿਚ, ਕੋਵਿਡ ਲਹਿਰ ਦੇ ਦੌਰਾਨ ਅਸੀਂ ਜਰੂਰੀ ਕੰਮਾਂ ਲਈ ਹੀ ਆਪਣੇ ਘਰਾਂ ਤੋਂ ਬਾਹਰ ਨਿਕਲੀਏ ਅਤੇ ਆਪਣੇ-ਆਪ ਨੂੰ ਘਰਾਂ ਵਿਚ ਸੁਰੱਖਿਅਤ ਰਹਿਣ ਲਈ ਤਰਜੀਹ ਦੇਈਏ।“
ਇਸ ਸਮੇਂ ਸ਼ਹਿਰਾਂ ਵਿੱਚ ਬਿਮਾਰੀ ਦਾ ਪ੍ਰਭਾਵ ਵਧੇਰੇ ਹੈ ਅਤੇ ਸਹਿਰਾਂ ਅਤੇ ਪਿੰਡਾਂ ਦਰਮਿਆਨ ਸਫਰ ਅਤੇ ਸਮਾਜਿਕ ਮੇਲ-ਜੋਲ ਘਟਾ ਕੇ ਪੇਂਡੂ ਖੇਤਰ ਵਿੱਚ ਇਸ ਦੇ ਫੈਲਾਅ ਨੂੰ ਰੋਕਣਾ ਜ਼ਰੂਰੀ ਹੈ। ਉਨਾਂ ਅੱਗੇ ਕਿਹਾ ਕਿ ਸਥਾਨਕ ਲੋਕਾਂ ਵਿਚ ਦਿਸ਼ਾ-ਨਿਰਦੇਸਾਂ ਦੀ ਪਾਲਣਾ ਨੂੰ ਯਕੀਨੀ ਬਣਾ ਕੇ ਗ੍ਰਾਮ ਪੰਚਾਇਤਾਂ ਅਤੇ ਸਹਿਰੀ ਸਥਾਨਕ ਸੰਸਥਾਵਾਂ ਆਪਣੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਇਸ ਬਿਮਾਰੀ ਦੀ ਰੋਕਥਾਮ ਵਿਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।
ਭਾਵੁਕ ਅਪੀਲ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ, “ਮੈਂ ਆਪਣੇ ਸਾਰੇ ਸਾਥੀ ਪੰਜਾਬੀਆਂ ਨੂੰ ਸਥਿਤੀ ਦੀ ਨਾਜੁਕਤਾ ਨੂੰ ਸਮਝਣ ਅਤੇ ਹੇਠ ਲਿਖੀਆਂ 7 ਗੱਲਾਂ ਉਤੇ ਅਮਲ ਕਰਨ ਦੀ ਅਪੀਲ ਕਰਦਾ ਹਾਂ:
ਪਹਿਲਾ, ਬਿਨਾਂ ਕਿਸੇ ਜ਼ਰੂਰੀ ਕੰਮ ਦੇ ਆਪਣੇ ਘਰ ਤੋਂ ਬਾਹਰ ਜਾਣ ਤੋਂ ਪਰਹੇਜ਼ ਕਰੋ;
ਦੂਜਾ, ਬਿਮਾਰੀ ਦੇ ਲੱਛਣ ਵਿਖਾਈ ਦੇਣ ’ਤੇ ਖੁਦ ਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਤੋਂ ਵੱਖ ਕਰ ਲਓ;
ਤੀਜਾ, ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਆਪਣੀ ਜਾਂਚ ਕਰਾਓ;
ਚੌਥਾ, ਹਲਕੇ ਜਾਂ ਦਰਮਿਆਨੇ ਲੱਛਣਾਂ ਦੇ ਮਾਮਲੇ ਵਿਚ ਡਾਕਟਰੀ ਸਲਾਹ ਲਓ ਅਤੇ ਘਰ ਵਿੱਚ ਇਕਾਂਤਵਾਸ ਰਹੋ ਅਤੇ ਗੰਭੀਰ ਲੱਛਣ ਵਿਖਾਈ ਦੇਣ ’ਤੇ ਸਰਕਾਰੀ ਜਾਂ ਨਿੱਜੀ ਸਿਹਤ ਸਹੂਲਤ ਵਿੱਚ ਦਾਖ਼ਲ ਹੋਵੋ;
ਪੰਜਵਾਂ, ਡਾਕਟਰਾਂ ਦੀ ਸਲਾਹ ਅਨੁਸਾਰ ਦਵਾਈਆਂ ਦੀ ‘ਫਤਿਹ ਹੋਮ ਕਿੱਟ’ ਵਰਤੋ ਅਤੇ ਘਰ ਤੋਂ ਸਾਡੀਆਂ ਸਿਹਤ ਟੀਮਾਂ ਨਾਲ ਸੰਪਰਕ ਕਰੋ;
ਛੇਵਾਂ, ਬਿਨਾਂ ਕਿਸੇ ਦੇਰੀ ਦੇ ਨਜਦੀਕੀ ਟੀਕਾਕਰਨ ਵਾਲੀ ਥਾਂ ਉਤੇ ਜਾ ਕੇ ਟੀਕਾ ਲਗਵਾਓ;
ਸੱਤਵਾਂ, ਨਿਯਮਤ ਤੌਰ ’ਤੇ ਮਾਸਕ ਪਹਿਨੋ, ਹੱਥ ਧੋਵੋ ਅਤੇ ਨਿਰਧਾਰਤ ਸਮਾਜਿਕ ਦੂਰੀ ਬਣਾ ਕੇ ਰੱਖੋ।