ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਦਾਖਲੇ ਦੇ ਸਬੰਧ ਵਿੱਚ ਟ੍ਰਾਂਸਫਰ ਸਰਟੀਫਿਕੇਟ ਦੀ ਸ਼ਰਤ ਖਤਮ

ਨਿਊਜ਼ ਪੰਜਾਬ
ਚੰਡੀਗੜ, 22 ਅਪ੍ਰੈਲ ( ਹਰਜੀਤ ਸਿੰਘ)
ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਦਾਖਲੇ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਵਾਸਤੇ ਤਬਾਦਲਾ ਸਰਟੀਫਿਕੇਟ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ।
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਪੁਰਾਣੀਆਂ ਹਦਾਇਤਾਂ ਦੇ ਆਧਾਰ ’ਤੇ ਪਿਛਲੇ ਸਕੂਲ ਤੋਂ ਟ੍ਰਾਂਸਫਰ ਸਰਟੀਫਿਕੇਟ ਲੈਣ ਲਈ ਦਬਾਅ ਪਏ ਜਾਣ ਦੇ ਮਾਮਲੇ ਵਿਭਾਗ ਦੇ ਧਿਆਨ ਵਿੱਚ ਆਏ ਹਨ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਕੂਲ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਨੇ ਇਸ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ।
ਪੱਤਰ ਦੇ ਅਨੁਸਾਰ ਵੱਖ ਵੱਖ ਕਾਰਨਾਂ ਕਰਕੇ ਸਕੂਲ ਤਬਦੀਲ ਕਰਨ ਦੀ ਇੱਛਾ ਰੱਖਣ ਵਾਲੇ ਮਾਪਿਆਂ ਨੂੰ ਟ੍ਰਾਂਸਫਰ ਸਰਟੀਫਿਕੇਟ ਦੇ ਸਬੰਧ ਵਿੱਚ ਗੈਰ ਜ਼ਰੂਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ  ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਪਿਛਲੇ ਸਕੂਲ ਤੋਂ ਟ੍ਰਾਂਸਫਰ ਸਰਕਟੀਫਿਕੇਟ ਪ੍ਰਾਪਤ ਕਰਨ ਸਬੰਧੀ ਡਾਇਰੈਕਟਰ ਆਫ ਪਬਲਿਕ ਇੰਸਟਰਕਸ਼ਨ ਪੰਜਾਬ ਪੱਤਰ ਨੰ.4892 ਆਰ, ਮਿਤੀ 19-3-1929 ਸਮੇਤ ਪਹਿਲੀਆਂ ਸਾਰੀਆਂ ਹਦਾਇਤਾਂ/ਹੁਕਮ ਰੱਦ ਕਰ ਦਿੱਤੇ ਗਏ ਹਨ। ਸਾਲ 1929 ਦੀਆਂ ਦੀਆਂ ਇਨਾਂ ਹਦਾਇਤਾਂ ਦੇ ਆਧਾਰ ’ਤੇ ਹੀ ਟਾਂਸਫਰ ਸਰਟੀਫਿਕੇਟਾਂ ਲਈ ਬੱਚਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬੁਲਾਰੇ ਅਨੁਸਾਰ ਕਿਸੇ ਵੀ ਮਾਨਤਾ ਪ੍ਰਾਪਤ/ਅਫਿਲੀਏਟਡ ਸਕੂਲ ਵਿੱਚ ਬੱਚੇ ਨੂੰ ਦਾਖਲ ਕਰਦੇ ਹੋਏ ਸਬੰਧਿਤ ਸਕੂਲ ਮੁਖੀ ਹੋਰਾਂ ਸਰੋਤਾਂ ਤੋਂ ਤੱਥਾਂ ਦੀ ਜਾਣਕਾਰੀ ਪ੍ਰਾਪਤ ਕਰਕੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀ ਨੂੰ ਦਾਖਲ ਕਰਨ। ਇਸ ਸਬੰਧ ਪਿਛਲੇ ਸਕੂਲ ਵਿੱਚ ਪੜਨ ਅਤੇ ਅਤੇ ਪਿਛਲੀ ਕਲਾਸ ਪਾਸ ਕਰਨ ਦੇ ਸਬੰਧ ਵਿੱਚ ਬੱਚੇ ਦੇ ਮਾਪਿਆਂ ਕੋਲੋਂ ਲਿਖਤੀ ਸਵੈ ਘੋਸ਼ਣਾ ਪੱਤਰ ਲੈਣ ਦੀ ਆਗਿਆ ਦਿੱਤੀ ਗਈ ਹੈ।