ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵੈਬੀਨਾਰ ਆਯੋਜਿਤ

ਨਿਊਜ਼ ਪੰਜਾਬ 

ਲੁਧਿਆਣਾ, 16 ਅਪ੍ਰੈਲ – ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਡਾਇਰੈਕਟਰ, ਸਿੱਖਿਆ ਵਿਭਾਗ (ਕਾਲਜਾਂ) ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਸੰਸਥਾ ਦੇ ਪ੍ਰਿੰਸੀਪਲ, ਡਾ. ਸੁਖਵਿੰਦਰ ਕੌਰ ਦੀ ਅਗਵਾਈ ਵਿੱਚ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਆਨਲਾਈਨ ਵੈਬੀਨਾਰ ਕਰਵਾਇਆ ਗਿਆ, ਜਿਸ ਵਿੱਚ ਰਿਟਾਇਅਰਡ ਮੁਖੀ ਪੰਜਾਬੀ ਵਿਭਾਗ ਡਾ. ਸਰਬਜੋਤ ਕੌਰ, ਮੁੱਖ ਪਰਵਕਤਾ ਸਨ।
ਡਾ.ਸਰਬਜੋਤ ਕੌਰ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ, ਬਚਪਨ ਅਤੇ ਉਹਨਾਂ ਦੀ ਸ਼ਖਸੀਅਤ ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਗੁਰੂ ਜੀ ਉੱਚ ਕੋਟੀ ਦੇ ਸਾਹਿਤਕਾਰ, ਵਾਰਤਾਕਾਰ, ਸੰਗੀਤਕਾਰ, ਚਿੱਤਰਕਾਰ ਅਤੇ ਵੈਰਾਗੀ ਤੇ ਤਿਆਗੀ ਸੁਭਾਅ ਦੇ ਮਾਲਕ ਸਨ। ਗੁਰੂ ਜੀ ਨੇ ਆਪਣੇ ਜੀਵਨ ਕਾਲ ਵਿੱਚ ਪ੍ਰਚਾਰ ਫੇਰੀਆ ਵੀ ਕੀਤੀਆ। ਉਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਵੱਲੋਂ ਆਨੰਦਪੁਰ ਸਾਹਿਬ ਦੀ ਜ਼ਮੀਨ 500 ਰੁਪਏ ਵਿੱਚ ਖ੍ਰੀਦੀ ਜਿਸ ਦਾ ਪਹਿਲਾ ਨਾਮ ਮਾਖੋਵਾਲ ਸੀ, ਪਰ ਉਨ੍ਹਾਂ ਇਸ ਜ਼ਮੀਨ ਦੀ ਰਜਿਸਟਰੀ ਆਪਣੀ ਮਾਤਾ ਜੀ ਦੇ ਨਾਮ ਤੇ ਕਰਵਾ ਕੇ ਵਿਹਾਰਕ ਰੂਪ ਵਿੱਚ ਇਸਤਰੀ ਨੂੰ ਬਰਾਬਰ ਦਾ ਦਰਜਾ ਦਿੱਤਾ। ਗੁਰੂ ਤੇਗ ਬਹਾਦਰ ਜੀ ਦੇ 57 ਸ਼ਲੋਕ, 59 ਸ਼ਬਦ, 15 ਰਾਗਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਜੈਜਾਵੰਤੀ ਰਾਗ ਦਾ ਪ੍ਰਯੋਗ ਸਿਰਫ ਉਨ੍ਹਾਂ ਦੀ ਬਾਣੀ ਵਿੱਚ ਹੀ ਦੇਖਣ ਨੂੰ ਮਿਲਦਾ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਪੰਜਾਬੀ ਵਿਭਾਗ ਵੱਲੋ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਉੱਦਮ ਕਰਨ ਲਈ ਪ੍ਰੇਰਿਤ ਵੀ ਕੀਤਾ। ਅੰਤ ਵਿੱਚ ਸ਼੍ਰੀਮਤੀ ਗੁਰਵਿੰਦਰ ਕੌਰ ਜੀ ਨੇ ਸਭ ਦਾ ਧੰਨਵਾਦ ਕੀਤਾ।