ਲਗਭਗ 5200 ਮਹਿਲਾ ਯਾਤਰੀਆਂ ਵੱਲੋਂ ਲੁਧਿਆਣਾ ਬੱਸ ਅੱਡੇ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੀ ਮੁਫਤ ਯਾਤਰਾ
ਨਿਊਜ਼ ਪੰਜਾਬ
–ਮਹਿਲਾਵਾਂ ਲਈ ਮੁਫ਼ਤ ਯਾਤਰਾ ਸਕੀਮ ਤਹਿਤ, ਸਰਕਾਰ ਨੇ 2 ਦਿਨਾਂ ‘ਚ ਖਰਚੇ 3 ਲੱਖ ਰੁਪਏ
-ਲਾਭਪਾਤਰੀਆਂ ਨੇ ਕੀਤੀ ਕੈਪਟਨ ਸਰਕਾਰ ਦੀ ਸ਼ਲਾਘਾ
ਲੁਧਿਆਣਾ, 03 ਅਪ੍ਰੈਲ (000) – ਮਹਿਲਾ ਯਾਤਰੀਆਂ ਨੂੰ ਸੁਰੱਖਿਅਤ ਆਵਾਜਾਈ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਸੁਰੂ ਕੀਤੀ ਗਈ ਮੁਫ਼ਤ ਬੱਸ ਸੇਵਾ ਸਕੀਮ ਤਹਿਤ ਪਿਛਲੇ ਦੋ ਦਿਨਾਂ ਦੌਰਾਨ ਲਗਭਗ 5200 ਮਹਿਲਾ ਯਾਤਰੀਆਂ ਵੱਲੋਂ ਲੁਧਿਆਣਾ ਬੱਸ ਅੱਡੇ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਫਤ ਯਾਤਰਾ ਕੀਤੀ ਗਈ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਯੋਜਨਾ ਸੂਬੇ ਦੇ ਸਮੁੱਚੇ ਸਮਾਜਿਕ-ਆਰਥਿਕ ਦ੍ਰਿਸ਼ਟੀਕੋਣ ਨੂੰ ਬਦਲ ਦੇਵੇਗੀ ਕਿਉਂਕਿ ਮਹਿਲਾਵਾਂ ਇਸ ਮਹੱਤਵਪੂਰਣ ਯੋਜਨਾ ਨਾਲ ਆਪਣੇ ਆਪ ਨੂੰ ਵਧੇਰੇ ਸ਼ਕਤੀਸ਼ਾਲੀ ਮਹਿਸੂਸ ਕਰਨਗੀਆਂ।
ਉਨ੍ਹਾਂ ਕਿਹਾ ਕਿ ਅਮਰ ਸ਼ਹੀਦ ਸੁਖਦੇਵ ਇੰਟਰਸਟੇਟ ਬੱਸ ਟਰਮੀਨਲ ਤੋਂ ਕਰੀਬ 5200 ਮਹਿਲਾਵਾਂ ਨੇ ਮੁਫਤ ਯਾਤਰਾ ਦੀ ਸਹੂਲਤ ਪ੍ਰਾਪਤ ਕੀਤੀ ਹੈ ਜਿਸਦੀ ਲਾਗਤ 3 ਲੱਖ ਰੁਪਏ ਬਣਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼ ਦੇ ਲੁਧਿਆਣਾ ਡਿਪੂ ਵਿੱਚ 108 ਸਰਕਾਰੀ ਬੱਸਾਂ ਹਨ ਜੋ ਮਹਿਲਾ ਯਾਤਰੀਆਂ ਨੂੰ ਇਹ ਸਹੂਲਤ ਪ੍ਰਦਾਨ ਕਰ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇੇ ਅੱਗੇ ਕਿਹਾ ਕਿ ਪੈਨਿਕ ਬਟਨ ਅਤੇ ਜੀ.ਪੀ.ਐਸ. ਟਰੈਕਿੰਗ ਪ੍ਰਣਾਲੀ ਵਰਗੀਆਂ ਵਾਧੂ ਸੁਰੱਖਿਆ ਵਿਸ਼ੇਸ਼ਤਾਵਾਂ ਨੇ ਇਨ੍ਹਾਂ ਬੱਸਾਂ ਦੇ ਸੁਰੱਖਿਆ ਮਾਪਦੰਡਾਂ ਵਿੱਚ ਹੋਰ ਸੁਧਾਰ ਕੀਤਾ ਹੈ।
ਇਸ ਮੌਕੇ ਲਾਭਪਾਤਰੀਆਂ ਨੇ ਸੂਬੇ ਭਰ ਦੀਆਂ ਆਸਾਨ ਅਤੇ ਸੁਰੱਖਿਅਤ ਯਾਤਰਾ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਰਾਜ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਜਲੰਧਰ ਦੀ ਯਾਤਰਾ ਕਰ ਰਹੀ ਪੂਜਾ ਨੇ ਕਿਹਾ ਕਿ ਉਸਨੇ ਕਦੇ ਵੀ ਮੁਫਤ ਬੱਸ ਸੇਵਾ ਬਾਰੇ ਨਹੀਂ ਸੋਚਿਆ ਪਰ ਰਾਜ ਸਰਕਾਰ ਨੇ ਇਸ ਨੂੰ ਹਕੀਕਤ ਕਰ ਦਿਖਾਇਆ ਹੈ।
ਉਸਨੇ ਦੱਸਿਆ ਕਿ ਬੱਸਾਂ ਦੇ ਪੈਨਿਕ ਬਟਨ ਅਤੇ ਜੀ.ਪੀ.ਐਸ. ਦੀ ਟਰੈਕਿੰਗ ਉਨ੍ਹਾਂ ਦੀ ਸੁਰੱਖਿਆ ਨੂੰ ਪਹਿਲ ਦੇਵੇਗੀ ਅਤੇ ਉਨ੍ਹਾਂ ਵਿਚ ਵਿਸ਼ਵਾਸ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਕਰੇਗੀ।
ਇਕ ਹੋਰ ਯਾਤਰੀ ਰਮਨਦੀਪ ਕੌਰ ਜੋਕਿ ਸ਼ਾਹਕੋਟ ਦੀ ਰਹਿਣ ਵਾਲੀ ਹੈ, ਨੇ ਕਿਹਾ ਕਿ ਉਹ ਆਪਣੇ ਸ਼ਹਿਰ ਤੋਂ ਲੁਧਿਆਣਾ ਅਤੇ ਵਾਪਸ ਸ਼ਾਹਕੋਟ ਜਾਣ ਲਈ 210 ਰੁਪਏ ਕਿਰਾਏ ਵਜੋਂ ਅਦਾ ਕਰਦੀ ਸੀ, ਪਰ ਹੁਣ ਮੁਫਤ ਬੱਸ ਦੀ ਸਹੂਲਤ ਉਸ ਦੇ ਪੈਸੇ ਦੀ ਬਚਤ ਕਰੇਗੀ ਜਿਸਨੂੰ ਹੁਣ ਉਹ ਆਪਣੇ ਪਰਿਵਾਰਕ ਬਜਟ ਵਿਚ ਸ਼ਾਮਲ ਕਰੇਗੀ।
ਨਾਭਾ ਤੋਂ ਆਈ ਰੋਮਾ ਨੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਫੈਸਲਾ ਮਹਿਲਾਵਾਂ ਦੀ ਸਮਾਜਿਕ-ਆਰਥਿਕ ਭਲਾਈ ਦੇ ਨਜ਼ਰੀਏ ਤੋਂ ਲੰਮੇ ਸਮੇਂ ਲਈ ਪ੍ਰਭਾਵ ਪਾਵੇਗਾ ਕਿਉਂਕਿ ਇਹ ਸਕੀਮ ਦੂਰ-ਦੁਰਾਡੇ ਦੇ ਇਲਾਕਿਆਂ ਦੀਆਂ ਲੜਕੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵੱਡੇ ਸ਼ਹਿਰਾਂ ਦਾ ਰੁਖ ਕਰਨ ਲਈ ਪ੍ਰੇਰਿਤ ਕਰੇਗੀ, ਤਾਂ ਜੋ ਉਹ ਉੱਚ ਸਿੱਖਿਆ ਪ੍ਰਾਪਤ ਕਰਕੇ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਾਪਤ ਕਰ ਸਕਣ।