ਪੰਜਾਬ ਵਿੱਚ ਹਫ਼ਤੇ ਦੇ ਸਾਰੇ ਦਿਨਾਂ ਦੌਰਾਨ ਕਰਵਾਇਆ ਜਾ ਸਕਦਾ ਹੈ ਕੋਵਿਡ ਟੀਕਾਕਰਨ

ਨਿਊਜ਼ ਪੰਜਾਬ 
ਚੰਡੀਗੜ, 27 ਮਾਰਚ:
ਕੋਵਿਡ ਟੀਕਾਕਰਨ ਮੁਹਿੰਮ ਦਾ ਦਾਇਰਾ ਵਧਾਉਣ ਲਈ ਪੰਜਾਬ ਸਰਕਾਰ ਹਫਤੇ ਦੇ ਸਾਰੇ ਦਿਨਾਂ ਦੌਰਾਨ ਟੀਕਾਕਰਨ ਦੀ ਸੁਵਿਧਾ ਪ੍ਰਦਾਨ ਕਰ ਰਹੀ ਹੈ।ਇਸ ਤੋਂ ਇਲਾਵਾ ਸੈਸ਼ਨ ਸਾਈਟਾਂ ਦੀ ਗਿਣਤੀ ਵੀ ਵਧਾਈ ਜਾਵੇਗੀ ਅਤੇ ਸੂਬੇ ਵਿੱਚ ਯੋਗ ਵਿਅਕਤੀਆਂ ਦੇ ਟੀਕਾਕਰਨ ਲਈ ਕਿਸੇ ਵੀ ਪਛਾਣ ਪੱਤਰ ਨੂੰ ਵੈਧ ਮੰਨਿਆ ਜਾਵੇਗਾ।
ਅਜਿਹਾ ਪਿਛਲੇ ਕਈ ਦਿਨਾਂ ਤੋਂ ਸੂਬੇ ਵਿਚ ਰੋਜ਼ਾਨਾ ਕੋਵਿਡ ਦੇ ਨਵੇਂ ਮਾਮਲਿਆਂ ਵਿਚ ਅਚਾਨਕ ਹੋਏ ਵਾਧੇ ਨਾਲ ਕਾਰਗਰ ਢੰਗ ਨਾਲ ਨਜਿੱਠਣ ਲਈ ਕੀਤਾ ਗਿਆ ਹੈ।
ਇਸ ਸਬੰਧੀ ਫੈਸਲਾ ਕੋਵਿਡ ਹਾਲਤਾਂ ਅਤੇ ਚੱਲ ਰਹੀ ਟੀਕਾਕਰਨ ਮੁਹਿੰਮ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਵਰਚੁਅਲ ਮੀਟਿੰਗ ਦੌਰਾਨ ਲਿਆ ਗਿਆ।
ਉਨਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਆਬਾਦੀ ਨੂੰ ਕਵਰ ਕਰਨ ਅਤੇ ਮਹਾਂਮਾਰੀ ਤੋਂ ਕੀਮਤੀ ਮਨੁੱਖੀ ਜਾਨਾਂ ਦੇ ਬਚਾਅ ਲਈ ਚੱਲ ਰਹੀ ਟੀਕਾਕਰਨ ਮੁਹਿੰਮ ਨੂੰ ਤੇਜ਼ ਕੀਤਾ ਜਾਵੇ। ਉਨਾਂ ਲੋਕਾਂ ਦਰਮਿਆਨ ਕੋਵਿਡ ਨਿਯਮਾਂ ਦੇ ਸਖ਼ਤੀ ਨਾਲ ਲਾਗੂਕਰਨ ’ਤੇ ਵੀ ਜ਼ੋਰ ਦਿੱਤਾ।
ਵੇਰਵੇ ਸਾਂਝੇ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਟੀਕਾਕਰਨ ਕੇਂਦਰਾਂ ਦੀ ਗਿਣਤੀ ਵਧਾਉਣ ਤੋਂ ਇਲਾਵਾ ਸਰਕਾਰ ਵੱਲੋਂ ਹਫ਼ਤੇ ਦੇ ਸੱਤੇ ਦਿਨ ਟੀਕਾਕਰਨ ਕੀਤਾ ਜਾ ਰਿਹਾ ਹੈ।
ਕੇਂਦਰ ਸਰਕਾਰ ਵੱਲੋਂ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਦਾ ਟੀਕਾਕਰਨ ਕਰਨ ਸਬੰਧੀ ਹਾਲ ਹੀ ਵਿੱਚ ਦਿੱਤੀ ਗਈ ਮਨਜ਼ੂਰੀ ਦਾ ਹਵਾਲਾ ਦਿੰਦਿਆਂ ਸ੍ਰੀਮਤੀ ਮਹਾਜਨ ਨੇ ਚੱਲ ਰਹੀ ਟੀਕਾਕਰਨ ਮੁਹਿੰਮ ਦਾ ਦਾਇਰਾ ਵਧਾਉਣ ਲਈ ਸਿਹਤ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਹੋਰ ਨਿੱਜੀ ਸਿਹਤ ਸੰਸਥਾਵਾਂ ਦਾ ਸਹਿਯੋਗ ਲੈਣ ਲਈ ਕਿਹਾ।
ਸਰਕਾਰੀ ਅਤੇ ਨਿੱਜੀ ਸਹੂਲਤਾਂ ਵਿੱਚ ਟੀਕਾਕਰਨ ਜਾਰੀ ਰੱਖਣ ਤੋਂ ਇਲਾਵਾ ਮੁੱਖ ਸਕੱਤਰ ਨੇ ਸਿਹਤ ਵਿਭਾਗ ਨੂੰ ਇਹ ਵੀ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਕਵਰ ਕਰਨ ਲਈ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾਣ।
ਸ਼੍ਰੀਮਤੀ ਵਿਨੀ ਮਹਾਜਨ ਨੇ ਹਦਾਇਤ ਕੀਤੀ ਕਿ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਲਈ 1 ਅਪ੍ਰੈਲ ਤੋਂ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ 31 ਮਾਰਚ ਤੱਕ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਤਾਂ ਜੋ ਆਖਰੀ ਸਮੇਂ ਕੋਈ ਦਿੱਕਤ ਨਾ ਆਵੇ। ਉਨਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਸੰਵੇਦਨਸ਼ੀਲ ਵਰਗਾਂ ਜਿਵੇਂ ਪੱਤਰਕਾਰਾਂ, ਦੁਕਾਨਦਾਰਾਂ, ਸਰਕਾਰੀ ਕਰਮਚਾਰੀਆਂ ਖ਼ਾਸਕਰ ਜਿਹੜੇ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ, ਨੂੰ ਸਭ ਤੋਂ ਪਹਿਲਾਂ ਟੀਕਾ ਲਗਾਇਆ ਜਾਵੇ।
ਉਨਾਂ ਕਿਹਾ ਕਿ ਲੋਕਾਂ ਦੀ ਜਾਨ ਬਚਾਉਣ ਅਤੇ ਵਾਇਰਸ ਦੇ ਫੈਲਾਅ ਨੂੰ ਰੋਕਣ ’ਤੇ ਧਿਆਨ ਕੇਂਦਰਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਰਾਜ ਵਿਚ ਕੋਵਿਡ ਦੇ ਮਾਮਲੇ ਦਿਨ-ਬ-ਦਿਨ ਵੱਧ ਰਹੇ ਹਨ।
ਸ੍ਰੀਮਤੀ ਮਹਾਜਨ ਨੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੂੰ ਕਿਹਾ ਕਿ ਕੋਵਿਡ ਟੈਸਟ ਦੀ ਰਿਪੋਰਟ ਸਬੰਧਤ ਵਿਅਕਤੀ ਤੱਕ 15 ਘੰਟਿਆਂ ਵਿੱਚ ਪਹੁੰਚਣੀ ਯਕੀਨੀ ਬਣਾਈ ਜਾਵੇ ਕਿਉਂਕਿ ਪਹਿਲਾਂ ਪਤਾ ਲੱਗਣ ਨਾਲ ਵਾਇਰਸ ਦੇ ਫੈਲਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕਰਨ ਵਿੱਚ ਮਦਦ ਮਿਲੇਗੀ। ਉਨਾਂ ਸਿਹਤ ਵਿਭਾਗ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਵਿੱਚ 100 ਫੀਸਦੀ ਟੈਸਟਿੰਗ ਯਕੀਨੀ ਬਣਾਉਣ ਦੀ ਹਦਾਇਤ ਵੀ ਕੀਤੀ।
ਸਿਹਤ ਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੇ ਕਿਹਾ ਕਿ ਕਿਸੇ ਵੀ ਫੋਟੋ ਪਛਾਣ ਪੱਤਰ ਨੂੰ ਟੀਕਾਕਰਨ ਲਈ ਯੋਗ ਮੰਨਿਆ ਜਾਵੇਗਾ ਅਤੇ ਕਿਸੇ ਵਿਸ਼ੇਸ਼ ਪਛਾਣ ਪੱਤਰ ’ਤੇ ਜ਼ੋਰ ਦੇਣ ਦੀ ਜ਼ਰੂਰਤ ਨਹੀਂ ਹੈ।
ਮੀਟਿੰਗ ਵਿੱਚ ਹਿੱਸਾ ਲੈਂਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਕਿਹਾ ਕਿ ਸੂਬੇ ਦੀ ਪੁਲਿਸ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੱਬਾਂ ਭਾਰ ਹੈ ਅਤੇ ਮਾਸਕ ਨਾ ਪਾਉਣ ਕਰਕੇ ਸੂਬੇ ਵਿੱਚ ਹੁਣ ਤੱਕ 90363 ਵਿਅਕਤੀਆਂ ਨੂੰ ਕੋਵਿਡ ਟੈਸਟਿੰਗ ਲਈ ਲਿਜਾਇਆ ਗਿਆ ਹੈ।ਇਸਦੇ ਨਾਲ ਹੀ ਮਾਸਕ ਨਾ ਪਾਉਣ ਕਰਕੇ ਇੱਕ ਹਫਤੇ ਵਿੱਚ 18500 ਤੋਂ ਵੱਧ ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ 19 ਮਾਰਚ ਨੂੰ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਉਨਾਂ ਸੀ.ਪੀਜ਼ ਅਤੇ ਐਸਐਸਪੀਜ਼ ਨੂੰ ਵੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤੀ ਵਰਤਣ ਦੀ ਅਪੀਲ ਕੀਤੀ ਜੋ ਆਪਣੇ ਨਾਲ ਨਾਲ ਦੂਜਿਆਂ ਦੀ ਜਾਨ ਨੂੰ ਵੀ ਖ਼ਤਰੇ ਵਿੱਚ ਪਾ ਰਹੇ ਹਨ।
ਡੀਜੀਪੀ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਅਤੇ ਉਨਾਂ ਦੇ ਪਰਿਵਾਰਾਂ ਲਈ ਜਲਦ ਹੀ ਪੁਲਿਸ ਲਾਈਨਾਂ ਅਤੇ ਹੋਰ ਥਾਵਾਂ ’ਤੇ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾਣਗੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੈਡੀਕਲ ਸਿੱਖਿਆ ਅਤੇ ਖੋਜ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ, ਪੰਜਾਬ ਸਰਕਾਰ ਦੇ ਸਿਹਤ ਸਲਾਹਕਾਰ ਡਾ. ਕੇ.ਕੇ. ਤਲਵਾੜ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਉਪ-ਕੁਲਪਤੀ ਡਾ. ਰਾਜ ਬਹਾਦਰ, ਸਾਰੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਐਸ.ਐਸ.ਪੀਜ਼ ਅਤੇ ਸੂਬਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।