ਕੇਂਦਰ ਸਰਕਾਰ ਕਿਸਾਨਾਂ ਦਰਮਿਆਨ ਨਵਾਂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਵਿੱਚ – ਡਾ. ਅਮਰ ਸਿੰਘ

ਨਿਊਜ਼ ਪੰਜਾਬ 

ਰਾਏਕੋਟ(ਲੁਧਿਆਣਾ), 25 ਮਾਰਚ  – ਲੋਕ ਸਭਾ ਵਿੱਚ ਬੋਲਦਿਆਂ ਡਾ. ਅਮਰ ਸਿੰਘ ਸੰਸਦ ਮੈਂਬਰ ਸ੍ਰੀ ਫਤਹਿਗੜ੍ਹ ਸਾਹਿਬ ਨੇ ਕੇਂਦਰ ਸਰਕਾਰ ਅਤੇ ਇਸ ਦੀਆਂ ਖਰੀਦ ਏਜੰਸੀਆਂ ਵੱਲੋਂ ਆਉਂਦੇ ਕਣਕ ਦੀ ਖਰੀਦ ਲਈ ਕਿਸਾਨਾਂ ਦੇ ਜ਼ਮੀਨੀ ਮਾਲਕੀ ਦੇ ਰਿਕਾਰਡ ਦੀ ਮੰਗ ਕਰਨ ਦੇ ਤਾਜ਼ਾ ਫੈਸਲੇ ਦੀ ਨਿਖੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਜ਼ਮੀਨੀ ਰਿਕਾਰਡਾਂ ਤੋਂ ਬਗੈਰ ਪਿਛਲੇ ਕਈ ਸਾਲਾਂ ਤੋਂ ਖਰੀਦ ਕੀਤੀ ਜਾ ਰਹੀ ਸੀ ਤਾਂ ਕਣਕ ਦੀ ਖਰੀਦ ਨਾਲ ਇਹ ਅੰਕੜੇ ਇਕੱਠੇ ਕਰਨਾ ਤਰਕਹੀਣ ਹੈ ਅਤੇ ਨਾ ਹੀ ਸੰਭਵ ਹੈ।
ਉਨ੍ਹਾਂ ਕਿਹਾ ਕਿ ਖਰੀਦ ਲਈ ਨਵੇਂ ਕੁਆਲਟੀ ਨਿਯਮਾਂ ਦੀ ਪੂਰਤੀ ਕਰਦਿਆਂ ਇਹ ਬਹੁਤ ਪ੍ਰੇਸ਼ਾਨ ਕਰਨ ਵਾਲੀ ਹੈ ਅਤੇ ਇਹ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਸਰਕਾਰ ‘ਤੇ ਦਬਾਅ ਬਣਾਉਣ ਅਤੇ ਉਨ੍ਹਾਂ ਦਰਮਿਆਨ ਨਵਾਂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਹੈ, ਜੌ ਕਿ ਕਿਸਾਨਾਂ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਤੋਂ 130 ਲੱਖ ਮੀਟਰਕ ਟਨ ਤੋਂ ਵੱਧ ਕਣਕ ਦੀ ਖਰੀਦ ਕੀਤੀ ਜਾਵੇਗੀ, ਜੌ ਕਿ ਕੇਂਦਰੀ ਪੂਲ ਵਿਚ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਇਨ੍ਹਾਂ ਯੋਗਦਾਨਾਂ ਦਾ ਸਾਰੀਆਂ ਸਰਕਾਰਾਂ ਨੂੰ ਸਤਿਕਾਰ ਕਰਨਾ ਚਾਹੀਦਾ ਹੈ ਨਾ ਕਿ ਕਿਸਾਨੀ ਨੂੰ ਤੰਗ ਕਰਨਾ ਚਾਹੀਦਾ ਹੈ।