ਮੁੱਖ ਮੰਤਰੀ ਨੇ ਬਦਲਿਆ ਨਾਈਟ ਕਰਫਿਊ ਦਾ ਸਮਾਂ ਹੁਣ ਰਾਤ 9.00 ਵਜੇ ਤੋਂ 5 .00 ਵਜੇ ਤੱਕ
ਨਿਊਜ਼ ਪੰਜਾਬ
ਚੰਡੀਗੜ, 18 ਮਾਰਚ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਤੋਂ ਬੁਰੀ ਤਰਾਂ ਪ੍ਰਭਾਵਿਤ ਸੂਬੇ ਦੇ 9 ਜ਼ਿਲਿਆਂ ਵਿੱਚ ਰਾਤ ਦੇ ਕਰਫਿਊ ਦਾ ਸਮਾਂ ਦੋ ਘੰਟੇ ਵਧਾਉਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਆਉਂਦੇ ਕੁਝ ਦਿਨਾਂ ਵਿੱਚ ਕਈ ਹੋਰ ਸਖ਼ਤ ਕਦਮ ਚੁੱਕਣ ਅਤੇ ਰੋਕਾਂ ਲਾਉਣ ਦੀ ਚਿਤਾਵਨੀ ਵੀ ਦਿੱਤੀ ਹੈ।
ਮੁੱਖ ਮੰਤਰੀ ਦੇ ਇਸ ਐਲਾਨ ਨਾਲ ਲੁਧਿਆਣਾ, ਜਲੰਧਰ, ਪਟਿਆਲਾ, ਮੋਹਾਲੀ, ਅੰਮਿ੍ਰਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਰੋਪੜ ਜ਼ਿਲਿਆਂ ਵਿੱਚ ਹੁਣ ਰਾਤ 11 ਵਜੇ ਤੋਂ ਸਵੇਰੇ 5 ਵਜੇ ਦੀ ਬਜਾਏ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਗੂ ਰਹੇਗਾ। ਇਨਾਂ ਸਾਰੇ ਜ਼ਿਲਿਆਂ ਵਿੱਚ ਰੋਜ਼ਾਨਾ 100 ਤੋਂ ਵੱਧ ਕਰੋਨਾ ਕੇਸ ਸਾਹਮਣੇ ਆ ਰਹੇ ਹਨ। ਮੁੱਖ ਮੰਤਰੀ ਨੇ ਇਹ ਐਲਾਨ ਬੁੱਧਵਾਰ ਨੂੰ ਕੋਵਿਡ ਕੇਸਾਂ ਦੀ ਗਿਣਤੀ 2039 ਤੱਕ ਪਹੁੰਚਣ ਅਤੇ 35 ਮੌਤਾਂ ਹੋ ਜਾਣ ਦੇ ਮੱਦੇਨਜ਼ਰ ਕੀਤਾ ਗਿਆ।
ਆਪਣੀ ਸਰਕਾਰ ਦੇ ਚਾਰ ਵਰੇ ਮੁਕੰਮਲ ਹੋਣ ’ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕੋਵਿਡ ਦੀ ਸਥਿਤੀ ਨਾਜ਼ੁਕ ਦੌਰ ਵਿੱਚ ਹੈ ਜਿਸ ਕਰਕੇ ਉਹ ਹੋਰ ਵੀ ਸਖ਼ਤੀ ਵਰਤਣ ਜਾ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਸੂਬਾ ਸਰਕਾਰ ਦੀ ਕੋਵਿਡ ਸਬੰਧੀ ਮਾਹਿਰਾਂ ਦੀ ਟੀਮ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਕੱਠਾਂ ’ਤੇ ਰੋਕਾਂ ਲਾਉਣ ਸਮੇਤ ਕਈ ਹੋਰ ਸਖ਼ਤ ਕਦਮਾਂ ਦਾ ਐਲਾਨ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕੀ ਸਿਆਸੀ ਇਕੱਠਾਂ ਨੂੰ ਰੋਕਾਂ ਵਿੱਚ ਸ਼ਾਮਲ ਕੀਤਾ ਜਾਵੇਗਾ, ਇਸ ਬਾਰੇ ਵੀ ਸਿਹਤ ਮਾਹਿਰਾਂ ਦੀ ਟੀਮ ਦੀ ਸਲਾਹ ਮੁਤਾਬਕ ਫੈਸਲਾ ਲਿਆ ਜਾਵੇਗਾ।
ਉਨਾਂ ਕਿਹਾ,‘‘ਮੈਂ ਲੋਕਾਂ ਨਾਲ ਨਰਮੀ ਨਹੀਂ ਵਰਤਾਂਗਾ। ਭਾਵੇਂ ਲੋਕਾਂ ਨੂੰ ਇਹ ਚੰਗਾ ਨਾ ਲੱਗੇ ਪਰ ਇਹ ਮੇਰਾ ਫਰਜ਼ ਹੈ।’’ ਉਨਾਂ ਨੇ ਉਮੀਦ ਜ਼ਾਹਰ ਕੀਤੀ ਕਿ ਰੋਜ਼ਾਨਾ ਦੇ ਕੇਸਾਂ ਦੀ ਗਿਣਤੀ 3000 ਤੋਂ ਨਹੀਂ ਵਧੇਗੀ ਜਿਵੇਂ ਕਿ ਕੁਝ ਮਾਹਿਰਾਂ ਨੇ ਅਨੁਮਾਨ ਲਾਇਆ ਹੈ। ਉਨਾਂ ਨੇ ਇਹ ਵੀ ਉਮੀਦ ਪ੍ਰਗਟਾਈ ਕਿ ਸਮੂਹ ਪੰਜਾਬੀ ਰੋਕਾਂ ਦੀ ਪਾਲਣਾ ਕਰਨ ਵਿੱਚ ਸਹਿਯੋਗ ਕਰਨਗੇ। ਉਨਾਂ ਨੇ ਨਾਗਿਰਕਾਂ ਨੂੰ ਅਪੀਲ ਕੀਤੀ,‘‘ ਰੱਬ ਦੇ ਵਾਸਤੇ, ਪੰਜਾਬੀਆਂ ਦੀ ਜਾਨ ਬਚਾਓ।’’
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਕਸੀਜਨ ਵਾਲੇ ਵੱਧ-ਨਿਰਭਰ ਯੂਨਿਟਾਂ ਵਿੱਚ 283 ਕੋਵਿਡ ਮਰੀਜ਼ ਅਤੇ 27 ਹੋਰ ਮਰੀਜ਼ ਵੈਂਟੀਲੇਟਰ ’ਤੇ ਹਨ ਜਿਸ ਕਰਕੇ ਸਥਿਤੀ ਬਹੁਤ ਖ਼ਤਰਨਾਕ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਨੂੰ ਆਪਣੀ ਸਿਹਤ ਥੋੜੀ ਜਿਹੀ ਵੀ ਨਾਸਾਜ਼ ਹੁੰਦੀ ਮਹਿਸੂਸ ਹੁੰਦੀ ਹੈ ਤਾਂ ਉਹ ਤੁਰੰਤ ਡਾਕਟਰ ਕੋਲ ਜਾਣ ਅਤੇ ਆਪਣਾ ਟੈਸਟ ਕਰਵਾਉਣ। ਉਨਾਂ ਕਿਹਾ ਕਿ ਸਮੱਸਿਆ ਇਸ ਗੱਲ ’ਤੇ ਹੈ ਕਿ ਲੋਕ ਹਸਪਤਾਲ ਬਹੁਤ ਦੇਰੀ ਨਾਲ ਜਾ ਰਹੇ ਹਨ। ਉਨਾਂ ਨੇ ਸਮੂਹ ਨਾਗਰਿਕਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਰਕਰਾਰ ਰੱਖਣ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਲੋੜ ਪਈ ਤਾਂ ਜੁਰਮਾਨੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਨਾਂ ਦੀ ਸਰਕਾਰ ਕਰੋਨਾ ਵਾਇਰਸ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਪਰ ਉਨਾਂ ਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਵੱਲੋਂ ਬੁਰੀ ਤਰਾਂ ਪ੍ਰਭਾਵਿਤ ਇਲਾਕਿਆਂ ਵਿੱਚ ਨੌਜਵਾਨਾਂ ਅਤੇ ਜਨਤਕ ਤੌਰ ’ਤੇ ਵਾਹ-ਵਾਸਤਾ ਰੱਖਣ ਵਾਲੇ ਸਾਰੇ ਲੋਕਾਂ ਦੇ ਟੀਕਾਕਰਨ ਲਈ ਉਨਾਂ ਦੇ ਸੁਝਾਅ ਨੂੰ ਪ੍ਰਵਾਨਗੀ ਦੇ ਦਿੱਤੀ ਜਾਵੇਗੀ। ਇਹ ਸੁਝਾਅ ਉਨਾਂ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਨਾਲ ਮੀਟਿੰਗ ਦੌਰਾਨ ਰੱਖਿਆ ਸੀ।
ਇਹ ਪੁੱਛੇ ਜਾਣ ’ਤੇ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਤੀਰਥ ਯਾਤਰਾ ਅਤੇ ਧਾਰਮਿਕ ਉਦੇਸ਼ ਲਈ ਪੰਜਾਬ ਤੋਂ ਆਉਂਦੇ ਲੋਕਾਂ ’ਤੇ ਰੋਕਾਂ ਲਾਉਣ ਦੀ ਮੰਗ ਕੀਤੇ ਜਾਣ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਧਾਰਮਿਕ ਯਾਤਰਾਵਾਂ ’ਤੇ ਰੋਕ ਲਾਉਣ ਦੇ ਹੱਕ ਵਿੱਚ ਨਹੀਂ ਹਨ ਪਰ ਕੋਵਿਡ ਦੀ ਸਮੱਸਿਆ ’ਤੇ ਕਾਬੂ ਪਾਉਣ ਦੀ ਲੋੜ ਹੈ। ਉਨਾਂ ਕਿਹਾ ਕਿ ਜਦੋਂ ਇਸ ਮਸਲੇ ’ਤੇ ਉਨਾਂ ਨੂੰ ਗੁਆਂਢੀ ਸੂਬੇ ਦੇ ਮੁੱਖ ਮੰਤਰੀ ਪਾਸੋਂ ਰਸਮੀ ਪੱਤਰ ਮਿਲਦਾ ਹੈ ਤਾਂ ਉਹ ਉਸ ਵੇਲੇ ਢੁਕਵਾਂ ਫੈਸਲਾ ਲੈਣਗੇ।
ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਉਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫੋਨ ਕੀਤਾ ਸੀ ਅਤੇ ਉਨਾਂ ਦੇ ਇਲਾਜ ਵਿੱਚ ਕਿਸੇ ਤਰਾਂ ਦੀ ਮਦਦ ਦੀ ਪੇਸ਼ਕਸ਼ ਕੀਤੀ ਸੀ ਜੋ ਕੋਵਿਡ ਪਾਜ਼ੇਟਿਵ ਪਾਏ ਗਏ ਅਤੇ ਉਸ ਵੇਲੇ ਫੋਰਟਿਸ ਮੋਹਾਲੀ ਵਿੱਚ ਜੇਰੇ ਇਲਾਜ ਸਨ। ਇਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਸੁਖਬੀਰ ਅਤੇ ਉਨਾਂ (ਕੈਪਟਨ ਅਮਰਿੰਦਰ ਸਿੰਘ) ਦੇ ਆਪਣੇ ਕਈ ਹੋਰ ਕੈਬਨਿਟ ਸਾਥੀ, ਪਾਰਟੀ ਵਿਧਾਇਕ ਅਤੇ ਅਧਿਕਾਰੀ ਛੇਤੀ ਹੀ ਸਿਹਤਯਾਬ ਹੋਣਗੇ।