ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਮੁੱਖ ਚੋਣ ਅਧਿਕਾਰੀ ਦਫਤਰ ਵਲੋਂ ਪੰਜਾਬ ਭਰ ਵਿੱਚ ਸਮਾਗਮ

ਨਿਊਜ਼ ਪੰਜਾਬ 

ਚੰਡੀਗੜ, 8 ਮਾਰਚ:
ਅੰਤਰ ਰਾਸ਼ਟਰੀ ਮਹਿਲਾ ਦਿਵਸ  ਮੌਕੇ ਚੋਣਾਂ ਅਤੇ ਮਹਿਲਾਵਾਂ ਦੇ ਅੰਤਰਸਬੰਧ ਨੂੰ ਚੇਤੇ ਰੱਖਦਿਆ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਰਾਜ ਦੇ ਸਮੂਹ 22 ਜਿਲਿਆਂ ਵਿੱਚ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਸਵੀਪ ਨੋਡਲ ਅਫਸਰਾਂ ਲਈ “ਮਹਿਲਾਵਾਂ ਦੀ ਭਾਗੀਦਾਰੀ ਲੋਕਤੰਤਰ ਨੂੰ ਕਿਵੇਂ ਮਜਬੂਤ ਕਰਦੀ ਹੈ? ਯੁਵਾ ਮਹਿਲਾਵਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਕੀ ਉਪਰਾਲੇ ਕੀਤੇ ਜਾਣੇ ਲੋੜੀਂਦੇ ਹਨ।“ ਵਿਸ਼ੇ ’ਤੇ ਲੇਖ ਮੁਕਾਬਲਾ ਕਰਵਾਇਆ ਗਿਆ। ਕੈਂਪਸ ਅੰਬੈਸਡਰ ਅਤੇ ਇਲੈਕਟੋਰਲ ਲਿਟਰੇਸੀ ਕਲੱਬ ਦੇ ਇੰਚਾਰਜਾਂ ਲਈ ਕੁਇੱਜ ਮੁਕਾਬਲੇ ਕਰਵਾਏ ਗਏ। ਕੁਇੱਜ ਮੁਕਾਬਲੇ ਦਾ ਵਿਸ਼ਾ ਸੀ “ਚੋਣਾਂ ਅਤੇ ਰਾਜਨੀਤੀ ਵਿੱਚ ਮਹਿਲਾਵਾਂ ਦੀ ਭੂਮਿਕਾ।“ ਇਸ ਵਿੱਚ 235 ਕੈਂਪਸ ਅੰਬੈਸਡਰ ਅਤੇ 156 ਇਲੈਕਟੋਰਲ ਲਿਟਰੇਸੀ ਕਲੱਬ  ਦੇ ਇੰਚਾਰਜਾਂ ਨੇ ਭਾਗ ਲਿਆ। ਇਸਤੋਂ ਇਲਾਵਾ ਪੰਜਾਬ ਭਰ ਦੇ ਹਰ ਜਿਲੇ ਦੀ ਸਭ ਤੋਂ ਵੱਧ ਈ-ਐਪਿਕ ਡਾਉਨਲੋਡ ਕਰਨ ਵਾਲੀ ਮਹਿਲਾ ਬੀ.ਐਲ.ਓ. ਨੂੰ 500-500 ਰੁਪਏ ਦੇ ਨਾ ਦਾ ਐਲਾਨ ਕੀਤਾ ਗਿਆ। ਇਨਾਂ ਨੂੰ 500-500 ਰੁਪਏ ਦਾ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸਮੂਹ ਪੰਜਾਬ ਦੀਆਂ  ਮਹਿਲਾ ਵੋਟਰਾਂ ਲਈ “ਔਰਤ ਵੋਟ ਅਤੇ ਲੋਕਤੰਤਰ“ ਵਿਸ਼ੇ ਤੇ ਬੋਲੀਆਂ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਜਿਲਾ ਪੱਧਰ ਤੇ ਪਹਿਲਾ ਦਰਜਾ ਹਾਸਲ ਕਰਨ ਵਾਲਿਆਂ ਨੂੰ ਸਨਮਾਨਤ ਕੀਤਾ ਜਾਵੇਗਾ। ਇਨਾਂ ਸਾਰੇ ਮੁਕਾਬਲਿਆਂ ਵਿੱਚ ਭਾਰੀ ਸੰਖਿਆ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਰਾਜ ਪੱਧਰੀ ਸਮਾਗਮ ਦੇ ਫੇਸ ਬੁੱਕ ਲਾਈਵ ਇਵੈਂਟ ਦਾ ਅਯੋਜਨ ਕੀਤਾ ਗਿਆ। ਇਸ ਇਵੈਂਟ ਵਿੱਚ ਡਾ. ਐਸ.ਕਰੁਣਾ ਰਾਜੂ, ਆਈ.ਏ.ਐਸ. ਮੁੱਖ ਚੋਣ ਅਫਸਰ, ਪੰਜਾਬ ਨੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਤੇ ਪੰਜਾਬ ਦੀਆਂ ਮਹਿਲਾਵਾਂ ਨੂੰ ਮੁਬਾਰਕਵਾਦ ਦਿੱਤੀ। ਲੋਕਤੰਤਰ ਵਿੱਚ ਆਪਣੀ ਭੂਮਿਕਾ ਦੀ ਮਹੱਤਤਾ ਨੂੰ ਸਮਝਦਿਆਂ ਹੋਇਆ ਸਰਗਰਮ ਅਤੇ ਜਿੰਮੇਵਾਰੀ ਨਾਲ ਹਿੱਸਾ ਲੈਣ ਲਈ ਕਿਹਾ। ਸ਼੍ਰੀਮਤੀ ਮਾਧਵੀ ਕਟਾਰੀਆ, ਆਈ.ਏ.ਐਸ. ਵਧੀਕ ਮੁੱਖ ਚੋਣ ਅਫਸਰ, ਪੰਜਾਬ ਨੇ ਇਸ ਮੌਕੇ ਤੇ ਮਹਿਲਾਵਾਂ ਨੂੰ ਆਪਣੀ ਸ਼ਕਤੀ ਪਛਾਨਣ ਲਈ ਕਿਹਾ ਅਤੇ ਕਦੇ ਵੀ ਆਪਣੇ ਆਪ ਨੂੰ ਦੋਯਮ ਦਰਜੇ ਦਾ ਨਾਗਰਿਕ ਨਾ ਸਮਝਣ ਲਈ ਚੇਤੰਨ ਰਹਿਣ ਲਈ ਕਿਹਾ।