ਐਮ.ਸੀ.ਐਲ. ਵੱਲੋਂ ਬੱਸ ਅੱਡਾ ਲੁਧਿਆਣਾ ਤੋਂ 1 ਕਰੋੜ ਰੁਪਏ ਦਾ ਵਸੁਲਿਆ ਪ੍ਰਾਪਰਟੀ ਟੈਕਸ
ਨਿਊਜ਼ ਪੰਜਾਬ
ਲੁਧਿਆਣਾ, 06 ਮਾਰਚ ਨਗਰ ਨਿਗਮ ਲੁਧਿਆਣਾ ਵੱਲੋਂ ਅੱਜ ਬੱਸ ਅੱਡਾ ਲੁਧਿਆਣਾ ਤੋਂ 1 ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ ਵਸੁਲਿਆ ਗਿਆ। ਨਿਗਮ ਵੱਲੋਂ ਬੱਸ ਅੱਡੇ ਨੂੰ ਪ੍ਰਾਪਰਟੀ ਟੈਕਸ ਦਾ ਲਗਭਗ 9 ਕਰੋੜ ਦਾ ਨੋਟਿਸ ਦਿੱਤਾ ਗਿਆ ਸੀ।
ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ.ਕੁਲਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਸ ਸਟੈਂਡ ਲੁਧਿਆਣਾ ਦੇ ਜਨਰਲ ਮੈਨੇ}ਰ ਸ੍ਰੀ ਰਛਪਾਲ ਸਿੰਘ ਵੱਲੋਂ ਇਸ ਬਣਦੇ ਪ੍ਰਾਪਰਟੀ ਟੈਕਸ ਦੀ ਬਕਾਇਆ ਰਾਸ਼ੀ ਵਿਚੋਂ 1 ਕਰੋੜ ਰੁਪਏ ਨਗਰ ਨਿਗਮ ਲੁਧਿਆਣਾ ਦੇ ਅਧਿਕਾਰੀਆਂ ਨੂੰ ਚੈੱਕ ਦੇ ਰੂਪ ਦਿੱਤੇ ਗਏ।
ਇਸ ਦੋਰਾਨ ਜਨਰਲ ਮੈਨੇਜਰ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹ ਪ੍ਰਾਪਰਟੀ ਟੈਕਸ ਦਾ ਬਾਕੀ ਬਣਦਾ ਬਕਾਇਆ ਵੀ ਆਉਂਦੇ ਕੁਝ ਦਿਨਾਂ ਵਿੱਚ ਹੀ ਅਦਾ ਕਰ ਦੇਣਗੇ। ਜਨਰਲ ਮੈਨੇਜ਼ਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਰਿਪੋਰਟ ਬਣਾ ਕੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਭੇਜ ਦਿੱਤੀ ਗਈ ਹੈ ਅਤੇ ਨਗਰ ਨਿਗਮ ਲੁਧਿਆਣਾ ਦੀ ਪ੍ਰਾਪਰਟੀ ਟੈਕਸ ਬਕਾਇਆ ਰਕਮ ਵੀ ਅਗਲੇ ਕੁਝ ਦਿਨਾਂ ਵਿੱਚ ਪ੍ਰਾਪਤ ਹੋ ਜਾਵੇਗੀ ਜੋ ਨਿਗਮ ਨੂੰ ਅਦਾ ਕਰ ਦਿੱਤੀ ਜਾਵੇਗੀ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਸਮੂਹ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਵੀ ਆਪਣਾ ਬਣਦਾ ਪ੍ਰਾਪਰਟੀ ਟੈਕਸ ਦਾ ਬਕਾਇਆ ਤੁਰੰਤ ਨਗਰ ਨਿਗਮ ਲੁਧਿਆਣਾ ਨੂੰ ਜਮਾਂ ਕਰਵਾਉਣ ਤਾਂ ਜੋ ਵਿਕਾਸ ਦੇ ਕੰਮਾਂ ਵਿੱਚ ਹੋਰ ਤੇਜੀ ਲਿਆਂਦੀ ਜਾ ਸਕੇ।
ਇਸ ਮੌਕੇ ਸੁਪਰਡੈਂਟ ਸ਼੍ਰੀ ਹਰਵਿੰਦਰ ਸਿੰਘ ਬਿੰਦਰਾ ਵੱਲੋਂ ਦੱਸਿਆ ਗਿਆ ਕਿ ਕਈ ਹੋਰ ਸਰਕਾਰੀ ਅਦਾਰਿਆਂ ਵੱਲੋਂ ਪ੍ਰਾਪਰਟੀ ਟੈਕਸ ਦਾ ਬਕਾਇਆ ਜਮ੍ਹਾਂ ਕਰਵਾਉਣਾ ਬਾਕੀ ਹੈ, ਜਿਸ ਵਿੱਚ ਜਿਲ੍ਹਾ ਪ੍ਰੀਸ਼ਦ ਨੂੰ ਲਗਭਗ 1.50 ਕਰੋੜ ਰੁਪਏ ਦਾ ਨੋਟਿਸ ਦਿੱਤਾ ਗਿਆ, ਇਸੇ ਤਰ੍ਹਾਂ ਦਫਤਰ ਡਿਪਟੀ ਕਮਿਸ਼ਨਰ, ਲੁਧਿਆਣਾ ਅਤੇ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਵੱਲੋਂ ਵੀ ਪ੍ਰਾਪਰਟੀ ਟੈਕਸ ਲੈਣਾ ਬਾਕੀ ਹੈ। ਇਸ ਤੋਂ ਇਲਾਵਾ ਮਾਲ ਰੋਡ ਅਤੇ ਰੱਖ ਬਾਗ ਦੇ ਇਲਾਕੇ ਵਿੱਚ ਸਰਕਾਰੀ ਰਿਹਾਇਸ਼ਾਂ ਦਾ ਪ੍ਰਾਪਰਟੀ ਟੈਕਸ ਅਤੇ ਪਾਣੀ/ਸੀਵਰੇਜ਼ ਦਾ ਬਕਾਇਆ ਵੀ ਵਸੂਲ ਕਰਨਾ ਬਾਕੀ ਹੈ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਪ੍ਰਾਪਰਟੀ ਟੈਕਸ/ਪਾਣੀ ਸੀਵਰੇਜ਼ ਦਾ ਬਕਾਇਆ 31 ਮਾਰਚ, 2021 ਤੱਕ ਜਮਾਂ ਕਰਵਾਉਣਾ ਯਕੀਨੀ ਬਣਾਉਣ । ਉਨ੍ਹਾਂ ਕਿਹਾ ਕਿ ਜੇਕਰ 31 ਮਾਰਚ ਤੱਕ ਪ੍ਰਾਪਰਟੀ ਟੈਕਸ/ਪਾਣੀ ਅਤੇ ਸੀਵਰੇਜ਼ ਦਾ ਬਕਾਇਆ ਨਹੀਂ ਜਮਾਂ ਕਰਵਾਇਆ ਜਾਂਦਾ ਤਾਂ ਇਸ ਉੱਪਰ ਸਰਕਾਰ ਵੱਲੋਂ ਵਿਆਜ਼ ਅਤੇ ਪੈਨੇਲਟੀ ਵੀ ਲਗਦੀ ਹੈ।