ਪਤਨੀ ਦਾ ਕਤਲ ਕਰਕੇ ਖੁਦ ਨਹਿਰ ਚ ਛਾਲ ਮਾਰੀ ਅਤੇ ਧੀ ਦੇ ਸਿਰ ਵਿੱਚ ਸੱਟਾਂ ਮਾਰ ਕੇ ਕੀਤਾ ਬੁਰੀ ਤਰ੍ਹਾਂ ਜ਼ਖ਼ਮੀ

ਲੁਧਿਆਣਾ
ਸ਼ੁੱਕਰਵਾਰ ਸਵੇਰੇ ਸ਼ੇਰਪੁਰ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਬਜ਼ੁਰਗ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ਵਿਚ ਸੱਟਾਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਬੁਰੀ ਤਰ੍ਹਾਂ ਗੁੱਸੇ ਵਿੱਚ ਆਏ ਇਸ ਵਿਅਕਤੀ ਨੇ ਆਪਣੀ ਬੇਟੀ ਦੇ ਵੀ ਸਿਰ ਵਿੱਚ ਸੱਟਾਂ ਮਾਰੀਆਂ ਅਤੇ ਖੁਦ ਨਹਿਰ ਚ ਛਾਲ ਮਾਰ ਦਿੱਤੀ । ਬੁਰੀ ਤਰ੍ਹਾਂ ਜ਼ਖਮੀ ਹੋਈ ਲੜਕੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ । ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਕੇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ।
ਜਾਣਕਾਰੀ ਮੁਤਾਬਕ ਸ਼ੇਰਪੁਰ ਚੌਕ ਦਾ ਰਹਿਣ ਵਾਲਾ ਪਿਆਰਾ ਸਿੰਘ (60) ਰਾਜ ਮਿਸਤਰੀ ਦਾ ਕੰਮ ਕਰਦਾ ਹੈ । ਪਰਿਵਾਰਕ ਅਣਬਣ ਦੇ ਚਲਦੇ ਸ਼ੁੱਕਰਵਾਰ ਸਵੇਰੇ ਉਸ ਨੇ ਆਪਣੀ ਪਤਨੀ ਸਵਰਨਜੀਤ ਕੌਰ (55) ਉੱਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸਦੇ ਸਿਰ ਵਿੱਚ ਗੰਭੀਰ ਸੱਟਾਂ ਮਾਰੀਆਂ । ਪਤਨੀ ਦਾ ਕਤਲ ਕਰਨ ਤੋਂ ਬਾਅਦ ਉਸਨੇ ਆਪਣੀ ਬੇਟੀ ਰਾਜਦੀਪ ਕੌਰ(28) ਉੱਪਰ ਵੀ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦੇ ਸਿਰ ਵਿਚ ਸੱਟਾਂ ਮਾਰੀਆਂ ਤੇ ਦੋਵਾਂ ਨੂੰ ਮਰਿਆ ਸਮਝ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਖੁਦ ਦੋਰਾਹਾ ਵਾਲੀ ਨਹਿਰ ਚ ਛਾਲ ਮਾਰ ਦਿੱਤੀ । ਜਾਣਕਾਰੀ ਤੋਂ ਬਾਅਦ ਥਾਣਾ ਮੋਤੀ ਨਗਰ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਮ੍ਰਿਤਕ ਸਵਰਨਜੀਤ ਕੌਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਰਖਵਾਇਆ । ਬੁਰੀ ਤਰ੍ਹਾਂ ਜ਼ਖਮੀ ਹੋਈ ਲੜਕੀ ਰਾਜਦੀਪ ਕੌਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ । ਥਾਣਾ ਮੋਤੀ ਨਗਰ ਦੀ ਪੁਲਿਸ ਪਿਆਰਾ ਸਿੰਘ ਨੂੰ ਦੋਰਾਹਾ ਨਹਿਰ ਚੋਂ ਤਲਾਸ਼ਣ ਦਾ ਯਤਨ ਕਰ ਰਹੀ ਹੈ । ਪੁਲਿਸ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤਫਤੀਸ਼ ਦੇ ਦੌਰਾਨ ਇਸ ਮਾਮਲੇ ਤੇ ਤੱਥ ਸਾਹਮਣੇ ਆਉਣਗੇ ।