ਚੀਨ ਦੀ ਲੈਬ ਤੋਂ ਲੀਕ ਨਹੀਂ ਹੋਇਆ ਕਰੋਨਾਵਾਇਰਸ : WHO
ਨਿਊਜ਼ ਪੰਜਾਬ
ਬੀਜਿੰਗ,
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਚੀਨ ਦੇ ਦੌਰੇ ਉੱਤੇ ਗਈ ਹੋਈ ਟੀਮ ਇਸ ਨਤੀਜੇ ਉੱਤੇ ਪਹੁੰਚੀ ਹੈ ਕਿ ਚੀਨ ਦੀ ਲੈਬ ਵਿੱਚੋਂ ਕਰੋਨਾਵਾਇਰਸ ਦਾ ਲੀਕ ਹੋਣਾ ਨਾਮੁਮਕਿਨ ਹੈ ਤੇ ਇਸ ਦੀ ਬਹੁਤ ਸੰਭਾਵਨਾ ਹੈ ਕਿ ਇਹ ਕਿਸੇ ਜਾਨਵਰ ਤੋਂ ਇਨਸਾਨ ਵਿੱਚ ਆਇਆ ਹੋਵੇ। ਗਰੁੱਪ ਵੱਲੋਂ ਵਾਇਰਸ ਦੇ ਮੂਲ ਬਾਰੇ ਪਤਾ ਲਾਉਣ ਦੀ ਆਪਣੀ ਖੋਜ ਨੂੰ ਖ਼ਤਮ ਕਰ ਦਿੱਤਾ ਗਿਆ ਹੈ।ਇਹ ਖੁਲਾਸਾ ਗਰੁੱਪ ਨਾਲ ਗਏ ਮਾਹਿਰ ਵੱਲੋਂ ਕੀਤਾ ਗਿਆ।
ਸੈਂਟਰਲ ਚੀਨ ਵਿੱਚ ਵੁਹਾਨ ਇੰਸਟੀਚਿਊਟ ਆਫ ਵਾਇਰੌਲੋਜੀ ਨੇ ਵਾਇਰਸ ਦੇ ਕਈ ਸੈਂਪਲ ਭਰੇ।ਇਸ ਇੰਸਟੀਚਿਊਟ ਉੱਤੇ ਕਈ ਦੋਸ਼ ਲੱਗ ਚੁੱਕੇ ਹਨ ਕਿ ਅਸਲੀ ਆਊਟਬ੍ਰੇਕ ਇਸੇ ਸੈਂਟਰ ਤੋਂ ਨੇੜਲੀਆਂ ਕਮਿਊਨਿਟੀਜ਼ ਵਿੱਚ ਲੀਕ ਹੋਇਆ। ਚੀਨ ਵੱਲੋਂ ਪਹਿਲਾਂ ਹੀ ਇਸ ਸੰਭਾਵਨਾ ਤੋਂ ਇਨਕਾਰ ਕੀਤਾ ਜਾ ਚੁੱਕਿਆ ਹੈ। ਚੀਨ ਨੇ ਵਾਇਰਸ ਦੇ ਉਪਜਣ ਦੀਆਂ ਕਈ ਹੋਰ ਸੰਭਾਵਨਾਵਾਂ ਵੀ ਜ਼ਾਹਿਰ ਕੀਤੀਆਂ।ਡਬਲਿਊਐਚਓ ਦੀ ਟੀਮ ਹੁਣ ਉਨ੍ਹਾਂ ਵੱਖ ਵੱਖ ਥਿਓਰੀਜ਼ ਉੱਤੇ ਵਿਚਾਰ ਕਰ ਰਹੀ ਹੈ ਕਿ ਇਹ ਬਿਮਾਰੀ ਮਨੁੱਖਾਂ ਵਿੱਚ ਕਿਵੇਂ ਦਾਖਲ ਹੋਈ ਤੇ ਕਿਸ ਤਰ੍ਹਾਂ ਇਸ ਨੇ ਮਹਾਂਮਾਰੀ ਦਾ ਰੂਪ ਲਿਆ ਤੇ ਇਸ ਕਾਰਨ ਹੁਣ ਤੱਕ ਪੂਰੀ ਦੁਨੀਆਂ ਵਿੱਚ 2·3 ਮਿਲੀਅਨ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਡਬਲਿਊਐਚਓ ਫੂਡ ਸੇਫਟੀ ਐੱਡ ਐਨੀਮਲ ਡਜ਼ੀਜ਼ ਮਾਹਿਰ ਪੀਟਰ ਬੈਨ ਐੱਬੈਰੇਕ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਆਖਿਆ ਕਿ ਸਾਡੀਆਂ ਮੁੱਢਲੀਆਂ ਲੱਭਤਾਂ ਅਨੁਸਾਰ ਇਹ ਵਾਇਰਸ ਕਿਸੇ ਵਿਚਲੀ ਹੋਸਟ ਸਪੀਸੀਜ਼ ਰਾਹੀਂ ਹੀ ਇਨਸਾਨਾਂ ਤੱਕ ਪਹੁੰਚਿਆ।ਇਸ ਦਾ ਪਤਾ ਲਾਉਣ ਲਈ ਹੋਰ ਅਧਿਐਨ ਤੇ ਵਧੇਰੇ ਖੋਜ ਦੀ ਲੋੜ ਹੈ।