ਪੰਜਾਬ ਸਰਕਾਰ ਵੱਲੋਂ ਆਸ਼ਰਿਤ ਬੱਚਿਆਂ ਲਈ ਵਿੱਤੀ ਸਹਾਇਤਾ ਯੋਜਨਾ ਨਾਲ ਅਧਾਰ ਨੰਬਰ ਜੋੜਨ ਦੀ ਪ੍ਰਕਿਰਿਆ ਨੋਟੀਫਾਈ: ਅਰੁਣਾ ਚੌਧਰੀ
ਨਿਊਜ਼ ਪੰਜਾਬ
ਚੰਡੀਗੜ੍ਹ, 10 ਫਰਵਰੀ:
ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਅੱਜ ਇੱਥੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਜਨਤਕ ਵੰਡ ਪ੍ਰਣਾਲੀ ਵਿੱਚ ਵਧੇਰੇ ਪਾਰਦਰਸ਼ਤਾ ਅਤੇ ਕੁਸ਼ਲਤਾ ਲਿਆਉਣ ਲਈ ਆਸ਼ਰਿਤ ਬੱਚਿਆਂ ਲਈ ਵਿੱਤੀ ਸਹਾਇਤਾ ਯੋਜਨਾ ਦੇ ਲਾਭਪਾਤਰੀਆਂ ਦੇ ਅਧਾਰ ਨੰਬਰ ਉਨ੍ਹਾਂ ਦੇ ਬੈਂਕ ਖਾਤਿਆਂ ਨਾਲ ਜੋੜਨ ਦੀ ਪ੍ਰਕਿਰਿਆ ਨੋਟੀਫਾਈ ਕੀਤੀ ਗਈ ਹੈ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸੇਵਾਵਾਂ ਪ੍ਰਦਾਨ ਕਰਨ ਲਈ ਪਛਾਣ ਦਸਤਾਵੇਜ਼ ਵਜੋਂ ਆਧਾਰ ਨੰਬਰ ਦੀ ਵਰਤੋਂ ਕਰਨ ਨਾਲ, ਪਛਾਣ ਲਈ ਕਈ ਦਸਤਾਵੇਜ਼ਾਂ ਦੀ ਲੋੜ ਨਹੀਂ ਪਵੇਗੀ ਅਤੇ ਇਹ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਹੋਰ ਸਰਲ ਬਣਾਏਗਾ। ਇਸ ਦੇ ਨਾਲ ਹੀ ਇਹ ਲਾਭਪਾਤਰੀਆਂ ਨੂੰ ਸੁਖਾਲੇ ਅਤੇ ਸਹਿਜ ਢੰਗ ਨਾਲ ਉਨ੍ਹਾਂ ਦੇ ਹੱਕ ਲੈਣ ਦੇ ਯੋਗ ਬਣਾਏਗਾ।
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਜਿਨ੍ਹਾਂ ਦੇ ਅਜੇ ਅਧਾਰ ਕਾਰਡ ਨਹੀਂ ਬਣੇ ਜਾਂ ਜਿਸ ਮਾਮਲੇ ਵਿੱਚ ਸਬੰਧਤ ਬਲਾਕ ਜਾਂ ਤਹਿਸੀਲ ਵਿੱਚ ਆਧਾਰ ਕਾਰਡ ਬਣਾਉਣ ਵਾਲੇ ਕੇਂਦਰ ਨਹੀਂ ਹਨ ਤਾਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਲਾਭਪਾਤਰੀਆਂ ਲਈ ਆਧਾਰ ਕਾਰਡ ਬਣਵਾਉਣ ਦੀਆਂ ਸਹੂਲਤਾਂ ਪ੍ਰਦਾਨ ਕਰੇਗਾ।
“ਆਸ਼ਰਿਤ ਬੱਚਿਆਂ ਲਈ ਵਿੱਤੀ ਸਹਾਇਤਾ ਸਕੀਮ ਤਹਿਤ 21 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਸਦੇ ਮਾਤਾ/ਪਿਤਾ ਜਾਂ ਦੋਵੇਂ ਗੁਜ਼ਰ ਗਏ ਹੋਣ ਜਾਂ ਮਾਤਾ ਪਿਤਾ ਘਰੋਂ ਲਾਪਤਾ ਹੋਣ ਜਾਂ ਪਰਿਵਾਰ ਦੀ ਦੇਖਭਾਲ ਲਈ ਸਰੀਰਕ / ਮਾਨਸਿਕ ਤੌਰ ’ਤੇ ਅਸਮਰਥ ਹੋਵੇ, ਨੂੰ ਪ੍ਰਤੀ ਮਹੀਨਾ 750 ਰੁਪਏ ਮਿਲ ਰਹੇ ਹਨ।ਉਨ੍ਹਾਂ ਜ਼ਿਕਰ ਕੀਤਾ ਕਿ ਸੂਬਾ ਸਰਕਾਰ ਵੱਲੋਂ ਇਸ ਸਕੀਮ ਤਹਿਤ ਨਵੰਬਰ 2020 ਤੱਕ 1,56,169 ਆਸ਼ਰਿਤ ਬੱਚਿਆਂ ਨੂੰ 104.12 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਲਾਭ ਲੈਣ ਦੇ ਇਛੁੱਕ ਬੱਚਿਆਂ ਨੂੰ ਤਸਦੀਕ ਲਈ ਆਪਣਾ ਆਧਾਰ ਨੰਬਰ ਦੇਣਾ ਹੋਵੇਗਾ।ਜਿਸ ਕੋਲ ਅਧਾਰ ਨੰਬਰ ਨਹੀਂ ਹੈ ਜਾਂ ਹਾਲੇ ਤੱਕ ਆਧਾਰ ਲਈ ਅਪਲਾਈ ਨਹੀਂ ਕੀਤਾ, ਉਸ ਨੂੰੰ ਸਕੀਮ ਲਈ ਰਜਿਸਟਰ ਕਰਨ ਤੋਂ ਪਹਿਲਾਂ ਆਧਾਰ ਕਾਰਡ ਬਣਵਾਉਣ ਲਈ ਬਿਨੈ ਕਰਨਾ ਹੋਵੇਗਾ ਬਸ਼ਰਤੇ ਉਹ ਆਧਾਰ ( ਵਿੱਤੀ ਅਤੇ ਹੋਰ ਸਬਸਿਡੀਆਂ, ਲਾਭ ਅਤੇ ਸੇਵਾਵਾਂ ਦੀ ਟੀਚਾਗਤ ਡਲਿਵਰੀ) ਐਕਟ, 2016 (2016 ਦੀ 18) ਦੀ ਧਾਰਾ 3 ਦੇ ਅਨੁਸਾਰ ਆਧਾਰ ਨੰਬਰ ਪ੍ਰਾਪਤ ਕਰਨ ਦਾ ਹੱਕਦਾਰ ਹੋਵੇ।
ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇ ਬੱਚਾ ਪੰਜ ਸਾਲ ਦੀ ਉਮਰ ਤੋਂ ਬਾਅਦ (ਬਾਇਓਮੈਟਿ੍ਰਕਸ ਵੇਰਵਿਆਂ ਸਮੇਤ) ਦਾਖਲ ਹੋਇਆ ਹੈ ਤਾਂ ਉਸ ਦੀ ਆਧਾਰ ਨਾਮਾਂਕਣ ਪਛਾਣ ਸਲਿੱਪ, ਜਾਂ ਬਾਇਓਮੈਟਿ੍ਰਕ ਅਪਡੇਟ ਪਛਾਣ ਸਲਿੱਪ ਅਤੇ ਵੋਟਰ ਸ਼ਨਾਖ਼ਤੀ ਕਾਰਡ, ਵੋਟਰ ਸੂਚੀ, ਸਮਰੱਥ ਅਥਾਰਟੀ ਵਲੋਂ ਜਾਰੀ ਕੀਤਾ ਜਨਮ ਸਰਟੀਫਿਕੇਟ ਜਾਂ ਵਿਭਾਗ ਵਲੋਂ ਵਿਸ਼ੇਸ਼ ਤੌਰ ‘ਤੇ ਨਿਯੁਕਤ ਅਧਿਕਾਰੀ ਵਲੋਂ ਤਸਦੀਕ ਕੀਤਾ ਮੈਟਿ੍ਰਕ ਦਾ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਅਧਾਰ ਪ੍ਰਮਾਣਿਕਤਾ ਫੇਲ੍ਹ ਹੋਣ ਵਾਲੇ ਸਾਰੇ ਮਾਮਲਿਆਂ ਜਿਵੇਂ ਲਾਭਪਾਤਰੀਆਂ ਦੇ ਅਸਪੱਸ਼ਟ ਬਾਇਓਮੈਟਿ੍ਰਕਸ ਕਾਰਨ ਜਾਂ ਕਿਸੇ ਹੋਰ ਕਾਰਨ, ਦੇ ਮਾਮਲੇ ਵਿੱਚ ਹੋਰ ਕਦਮ ਚੁੱਕੇ ਜਾਣਗੇ ਜਿਵੇਂ ਆਈਰਿਸ ਸਕੈਨ ਜਾਂ ਮਾੜੀ ਫਿੰਗਰਪਿ੍ਰੰਟ ਕੁਆਲਟੀ ਦੌਰਾਨ ਫੇਸ ਪ੍ਰਮਾਣੀਕਰਣ ਦੀ ਸਹੂਲਤ ਅਪਣਾਈ ਜਾਵੇਗੀ, ਜੇ ਫਿੰਗਰਪਿ੍ਰੰਟ ਜਾਂ ਆਈਰਿਸ ਸਕੈਨ ਜਾਂ ਫੇਸ ਪ੍ਰਮਾਣੀਕਰਣ ਰਾਹੀਂ ਬਾਇਓਮੈਟਿ੍ਰਕ ਪ੍ਰਮਾਣੀਕਰਣ ਸਫਲ ਨਹੀਂ ਹੁੰਦਾ , ਜਿੱਥੇ ਵੀ ਆਧਾਰ ਰਾਹੀਂ ਵਨ ਟਾਈਮ ਪਾਸਵਰਡ ਜਾਂ ਸੀਮਤ ਸਮੇਂ ਲਈ ਸਮਾਂ ਅਧਾਰਤ ਵਨ-ਟਾਈਮ ਪਾਸਵਰਡ ਰਾਹੀਂ ਪ੍ਰਵਾਨਗੀਯੋਗ ਅਤੇ ਜਿਵੇਂ ਵੀ ਮਾਮਲਾ ਹੋਵੇ ਦੀ ਪੇਸ਼ਕਸ਼ ਕੀਤੀ ਜਾਵੇਗੀ। ਜੇ ਬਾਇਓਮੈਟਿ੍ਰਕ ਜਾਂ ਆਧਾਰ ਵਨ ਟਾਈਮ ਪਾਸਵਰਡ ਜਾਂ ਸਮਾਂ-ਅਧਾਰਤ ਵਨ-ਟਾਈਮ ਪਾਸਵਰਡ ਪ੍ਰਮਾਣੀਕਰਣ ਸੰਭਵ ਨਹੀਂ ਹੈ ਤਾਂ ਫਿਜ਼ੀਕਲ ਅਧਾਰ ਪੱਤਰ ਦੇ ਅਧਾਰ ਸਕੀਮ ਦੇ ਤਹਿਤ ਲਾਭ ਦਿੱਤੇ ਜਾਣਗੇ। ਇਹਨਾਂ ਸਾਰੇ ਮਾਮਲਿਆਂ ਵਿੱਚ ਵਿਭਾਗ ਵਲੋਂ ਲੋਕਾਂ ਨੂੰ ਲਾਭ ਦੇਣ ਲਈ ਨਿਰਵਿਘਨ ਸੇਵਾਵਾਂ ਦਿੱਤੀਆਂ ਜਾਣਗੀਆਂ।
ਸ਼੍ਰੀਮਤੀ ਚੌਧਰੀ ਨੇ ਵਿਸ਼ੇਸ਼ ਤੌਰ ‘ਤੇ ਹਦਾਇਤ ਕੀਤੀ ਕਿ ਕਿਸੇ ਵੀ ਬੱਚੇ ਨੂੰ ਸਕੀਮ ਤਹਿਤ ਲਾਭ ਦੇਣ ਨੂੰ ਇਨਕਾਰ ਨਹੀਂ ਕੀਤਾ ਜਾਵੇਗਾ, ਭਾਵੇਂ ਬੱਚੇ ਕੋਲ ਆਪਣੀ ਪ੍ਰਮਾਣਿਕਤਾ ਅਧਾਰਤ ਆਪਣੀ ਪਛਾਣ ਨਾ ਸਾਬਤ ਕਰ ਸਕੇ, ਜਾਂ ਉਸ ਕੋਲ ਅਧਾਰ ਨੰਬਰ ਦਾ ਢੁਕਵਾਂ ਸਬੂਤ ਨਾ ਹੋਵੇ ,ਜਾਂ ਜਿਸ ਬੱਚੇ ਕੋਲ ਕੋਈ ਆਧਾਰ ਨੰਬਰ ਨਹੀਂ ਹੈ,ਰਜਿਸਟਰੇਸ਼ਨ ਲਈ ਬਿਨੈ ਕੀਤਾ ਹੋਇਆ। ਬੱਚਾ ਹੋਰ ਦਸਤਾਵੇਜ਼ਾਂ ਦੇ ਅਧਾਰ ’ਤੇ ਆਪਣੀ ਪਛਾਣ ਦੀ ਪੁਸ਼ਟੀ ਕਰਕੇ ਸਕੀਮ ਤਹਿਤ ਬਣਦੇ ਲਾਭ ਲੈ ਸਕੇਗਾ।ਜਿੱਥੇ ਲਾਭ ਹੋਰਨਾਂ ਦਸਤਾਵੇਜ਼ਾਂ ਦੇ ਅਧਾਰ ’ਤੇ ਦਿੱਤਾ ਜਾ ਰਿਹਾ ਹੈ ਤਾਂ ਇਸਦਾ ਪੂਰਾ ਰਿਕਾਰਡ ਰੱਖਣ ਲਈ ਇੱਕ ਵੱਖਰਾ ਰਜਿਸਟਰ ਰੱਖਿਆ ਜਾਵੇਗਾ ਜਿਸਦਾ ਸਮੇਂ-ਸਮੇਂ ‘ਤੇ ਜਾਇਜ਼ਾ ਲਿਆ ਜਾਵੇਗਾ ਅਤੇ ਆਡਿਟ ਕੀਤਾ ਜਾਵੇਗਾ।