ਮੁੱਖ ਮੰਤਰੀ ਨੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਬਣਨ ਵਾਲੇ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦਾ ਵਰਚੂਅਲ ਤੌਰ ਉਤੇ ਨੀਂਹ ਪੱਥਰ ਰੱਖਿਆ

ਚੰਡੀਗੜ੍ਹ, 3 ਫਰਵਰੀ

          ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਬਜਵਾੜਾ ਵਿਖੇ ਬਣਨ ਵਾਲੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦਾ ਨੀਂਹ ਪੱਥਰ ਰੱਖਿਆ ਜਿਸ ਨਾਲ ਸੂਬੇ ਦੇ ਹੋਰ ਨੌਜਵਾਨਾਂ ਨੂੰ ਰੱਖਿਆ ਸੇਵਾਵਾਂ ਵਿੱਚ ਆਪਣਾ ਭਵਿੱਖ ਬਣਾਉਣ ਲਈ ਵੱਡੇ ਮੌਕੇ ਹਾਸਲ ਹੋਣਗੇ।

27 ਕਰੋੜ ਰੁਪਏ ਦੀ ਲਾਗਤ ਨਾਲ 12.75 ਏਕੜ ਵਿੱਚ ਰਕਬੇ ਵਿੱਚ ਬਣਨ ਵਾਲੇ ਇਸ ਮਾਣਮੱਤੇ ਪ੍ਰਾਜੈਕਟ ਦਾ ਨਿਰਮਾਣ ਕਾਰਜ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਨੂੰ ਸਾਲ 2021 ਦੇ ਅਖੀਰ ਤੱਕ ਮੁਕੰਮਲ ਕੀਤਾ ਜਾਵੇਗਾ। ਇਸ ਸੰਸਥਾ ਵਿੱਚ ਸਾਲਾਨਾ 270 ਉਮੀਦਵਾਰ ਸਿਖਲਾਈ ਹਾਸਲ ਕਰਿਆ ਕਰਨਗੇ।

          ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਬਣਨ ਵਾਲਾ ਇਹ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟਿਚਊਟ ਸਾਡੇ ਨੌਜਵਾਨ ਲੜਕੇ-ਲੜਕੀਆਂ ਦੇ ਫੌਜ ਵਿੱਚ ਜਾਣ ਦੇ ਸੁਪਨਾ ਨੂੰ ਸਾਕਾਰ ਕਰਨ ਵਿੱਚ ਬਹੁਤ ਸਹਾਈ ਸਿੱਧ ਹੋਵੇਗਾ। ਉਹਨਾਂ ਕਿਹਾ ਕਿ ਅਜਿਹੇ ਸਮੇਂ, ਜਦੋਂ ਸਾਡੀਆਂ ਮਹਿਲਾ ਪਾਇਲਟ ਅਫਸਰ ਰਾਫੇਲ ਅਤੇ ਹੈਲੀਕਾਪਟਰ ਉਡਾ ਰਹੀਆਂ ਹਨ ਅਤੇ ਰੱਖਿਆ ਸੈਨਾਵਾਂ ਦੇ ਹਰੇਕ ਖੇਤਰ ਵਿੱਚ ਸਰਗਰਮੀ ਨਾਲ ਸ਼ਾਮਲ ਹਨ ਤਾਂ ਉਹ ਦਿਨ ਵੀ ਛੇਤੀ ਆਵੇਗਾ, ਜਦੋਂ ਭਾਰਤ ਵਿੱਚ ਸਾਡੀਆਂ ਲੜਕੀਆਂ ਵੀ ਬਾਕੀ ਮੁਲਕਾਂ ਦੀਆਂ ਦੂਜੀਆਂ ਲੜਕੀਆਂ ਵਾਂਗ ਹਥਿਆਰਬੰਦ ਸੈਨਾ ਦਾ ਹਿੱਸਾ ਹੋਣਗੀਆਂ।

ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਐਜੂਕੇਸ਼ਨ ਟਰੱਸਟ ਤੇ ਸੁਸਾਇਟੀ ਦੇ ਮੁਖੀ ਤੇ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਇਸ ਸੰਸਥਾ ਦੀ ਸਥਾਪਨਾ ਲਈ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਨੂੰ ਤੋਹਫੇ ਦੇ ਤੌਰ ਉਤੇ ਮੁਫ਼ਤ ਜ਼ਮੀਨ ਦੀ ਪੇਸ਼ਕਸ਼ ਕੀਤੀ। ਅੰਬਿਕਾ ਸੋਨੀ ਨੇ ਵੀ ਆਪਣੀ ਤਰਫੋਂ ਇਸ ਸੰਸਥਾ ਨੂੰ ਸਥਾਪਤ ਕਰਨ ਵਿੱਚ ਸਹਿਯੋਗ ਅਤੇ ਮਦਦ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਧੰਨਵਾਦ ਕੀਤਾ ਜੋ ਪੰਜਾਬ ਦੇ ਨੌਜਵਾਨਾਂ ਦੇ ਫੌਜ ਵਿੱਚ ਜਾਣ ਲਈ ਆਧੁਨਿਕ ਸਿਖਲਾਈ ਦਾ ਮੈਦਾਨ ਬਣ ਕੇ ਉਭਰ ਸਕਦਾ ਹੈ।

ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟਿਚਊਟ, ਮੋਹਾਲੀ ਵੱਲੋਂ ਸੂਬੇ ਦੇ ਨੌਜਵਾਨ ਲੜਕਿਆਂ ਦੇ ਨੈਸ਼ਨਲ ਡਿਫੈਂਸ ਅਕੈਡਮੀ ਜਾਂ ਅਜਿਹੀ ਹੋਰ ਅਕੈਡਮੀ ਰਾਹੀਂ ਹਥਿਆਰਬੰਦ ਸੈਨਾਵਾਂ ਵਿੱਚ ਪਰਮਾਨੈਂਟ ਕਮਿਸ਼ਨ ਦੇ ਯੋਗ ਬਣਾਉਣ ਲਈ ਨਿਭਾਏ ਰੋਲ ਲਈ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਇਕ ਅਪ੍ਰੈਲ, 2017 ਤੋਂ 31 ਦਸੰਬਰ, 2020 ਤੱਕ ਇਸ ਅਕੈਡਮੀ ਵਿੱਚ ਸਿਖਲਾਈ ਹਾਸਲ ਕਰ ਚੁੱਕੇ 144 ਕੈਡਿਟਾਂ ਵਿੱਚੋਂ 97 ਕੈਡਿਟ ਐਨ.ਡੀ.ਏ. ਵਿੱਚ ਸ਼ਾਮਲ ਹੋਏ ਅਤੇ 65 ਨੂੰ ਅਫਸਰ ਵਜੋਂ ਕਮਿਸ਼ਨ ਮਿਲਿਆ। ਇਸ ਸੰਸਥਾ ਦੀ ਹੋਂਦ ਤੋਂ ਲੈ ਕੇ ਹੁਣ ਤੱਕ ਸਿਖਲਾਈ ਕਰ ਚੁੱਕੇ ਕੁੱਲ 384 ਕੈਡਿਟਾਂ ਵਿੱਚੋਂ 156 ਕੈਡਿਟ ਐਨ.ਡੀ.ਏ. ਵਿੱਚ ਸ਼ਾਮਲ ਹੋਏ ਜਦਕਿ 69 ਅਫਸਰਾਂ ਵਜੋਂ ਕਮਿਸ਼ਨ ਹੋਏ। ਉਹਨਾਂ ਅੱਗੇ ਦੱਸਿਆ ਕਿ ਇਸ ਸੰਸਥਾ ਤੋਂ ਰੱਖਿਆ ਸੈਨਾਵਾਂ ਵਿੱਚ ਜਾਣ ਵਾਲਿਆਂ ਦੀ ਗਿਣਤੀ ਸ਼ੁਰੂਆਤ ਵਿੱਚ 2 ਫੀਸਦੀ ਸੀ ਜੋ ਹੁਣ ਵਧ ਕੇ 45 ਫੀਸਦੀ ਤੱਕ ਪਹੁੰਚ ਗਈ ਹੈ।

          ਇਸੇ ਤਰ੍ਹਾਂ ਮੁੱਖ ਮੰਤਰੀ ਨੇ ਮਾਈ ਭਾਗੋ ਆਰਮਡ ਫੋਰਸਿਜ਼ ਇੰਸਟੀਚਿਊਟ ਫਾਰ ਗਰਲਜ਼ ਦੀ ਸ਼ਾਨਦਾਰ ਕਾਰਗੁਜਾਰੀ ਦਾ ਵੀ ਜਿਕਰ ਕੀਤਾ ਜਿੱਥੇ 12 ਕਲਾਸਾਂ ਕਰਨ ਤੋਂ ਬਾਅਦ ਲੜਕੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰਾਂ ਵਜੋਂ ਭਵਿੱਖ ਬਣਾਉਣ ਲਈ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਕਿ ਰੱਖਿਆ ਸੇਵਾਵਾਂ ਵਿੱਚ ਪੰਜਾਬ ਦੀਆਂ ਲੜਕੀਆਂ ਦੀ ਨੁਮਾਇੰਦਗੀ ਵਧਾਈ ਜਾ ਸਕੇ। ਇਕ ਅਪ੍ਰੈਲ, 2017 ਤੋਂ 31 ਦਸੰਬਰ, 2020 ਦੇ ਸਮੇਂ ਦੌਰਾਨ ਹੁਣ ਤੱਕ ਇਹ ਸੰਸਥਾ 75 ਕੈਡਿਟਾਂ ਨੂੰ ਸਿਖਲਾਈ ਦੇ ਚੁੱਕੀ ਹੈ ਜਿਹਨਾਂ ਵਿੱਚੋਂ 7 ਦੀ ਚੋਣ ਸੰਯੁਕਤ ਰੱਖਿਆ ਸੇਵਾਵਾਂ ਪ੍ਰੀਖਿਆ (ਸੀ.ਡੀ.ਐਸ.ਈ.)/ਹਵਾਈ ਸੈਨਾ ਕੇਂਦਰੀ ਦਾਖਲਾ ਪ੍ਰੀਖਿਆ (ਏ.ਐਫ.ਸੀ.ਏ.ਟੀ.) ਲਈ ਜਦਕਿ ਤਿੰਨ ਲੜਕੀਆਂ ਅਫਸਰਾ ਵਜੋਂ ਕਮਿਸ਼ਨ ਹੋਈਆਂ ਹਨ।

          ਤਕਨੀਕੀ ਸਿੱਖਿਆ ਅਤੇ ਉਦਯੋਗ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਵਰਚੂਅਲ ਤੌਰ ਉਤੇ ਸ਼ਾਮਲ ਹੋਏ, ਜਿੱਥੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਦੇ ਸਕੱਤਰ ਰਾਹੁਲ ਤਿਵਾੜੀ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਨਵੀਂ ਬਣਨ ਵਾਲੀ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਿਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫੌਜ ਵਿੱਚ ਸੇਵਾ ਕਰਨ ਦੇ ਚਾਹਵਾਨਾਂ ਨੂੰ ਸੀ.ਡੀ.ਐਸ.ਈ. /ਏ.ਐਫ.ਸੀ.ਏ.ਟੀ. ਲਈ ਗ੍ਰੈਜੂਏਟ ਪੱਧਰ ਉਤੇ ਸਿਖਲਾਈ ਦਿੱਤੀ ਜਾਇਆ ਕਰੇਗੀ। ਇਹ ਸੰਸਥਾ 40 ਉਮੀਦਵਾਰਾਂ ਦੀ ਸਮਰਥਾ ਨਾਲ ਤਿੰਨ-ਤਿੰਨ ਮਹੀਨੇ ਦੇ ਸਮੇਂ ਨਾਲ ਇਕ ਸਾਲ ਵਿੱਚ ਤਿੰਨ ਕੋਰਸ ਚਲਾਏ ਜਾਣਗੇ ਜਿਸ ਨਾਲ ਸੰਸਥਾ ਦੀ ਪ੍ਰਵੇਸ਼ ਪ੍ਰੀਖਿਆ ਸਿਖਲਾਈ ਵਿੰਗ ਦੇ ਤਹਿਤ ਸਾਲਾਨਾ 120 ਉਮੀਦਵਾਰਾਂ ਨੂੰ ਸਿਖਲਾਈ ਹਾਸਲ ਹੋਵੇਗੀ। ਇਸੇ ਤਰ੍ਹਾਂ ਇਕ ਹੋਰ ਸਰਵਿਸ ਸਿਲੈਕਸ਼ਨ ਬੋਰਡ ਟ੍ਰੇਨਿੰਗ ਵਿੰਗ ਦੇ ਤਹਿਤ ਸੰਸਥਾ ਉਹਨਾਂ ਉਮੀਦਵਾਰਾਂ ਨੂੰ ਸਿਖਲਾਈ ਦੇਵੇਗੀ ਜਿਹਨਾਂ ਨੂੰ ਸਰਵਿਸ ਸਿਲੈਕਸ਼ਨ ਬੋਰਡ ਵਿੱਚ ਹਾਜ਼ਰ ਹੋਣ ਲਈ ਸੱਦਾ ਪੱਤਰ ਹਾਸਲ ਹੋ ਚੁੱਕੇ ਹਨ। ਇਹ ਸੰਸਥਾ ਸਾਲ ਵਿੱਚ 30 ਵਿਦਿਆਰਥੀਆਂ ਦੀ ਸਮਰਥਾ ਨਾਲ 8-8 ਹਫ਼ਤਿਆਂ ਦੇ 5 ਕੋਰਸ ਚਲਾਏਗੀ ਜਿਸ ਨਾਲ ਸਾਲ ਵਿੱਚ 150 ਉਮੀਦਵਾਰਾਂ ਨੂੰ ਸਿਖਲਾਈ ਮੁਹੱਈਆ ਹੋਵੇਗੀ।