ਰਾਸ਼ਟਰੀ ਵੋਟਰ ਦਿਵਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋ ਡਿਜ਼ੀਟਲ ਵੋਟਰ ਕਾਰਡ ‘ਈ-ਐਪਿਕ’ ਲਾਂਚ
ਨਿਊਜ਼ ਪੰਜਾਬ
ਲੁਧਿਆਣਾ, 25 ਜਨਵਰੀ ਰਾਸ਼ਟਰੀ ਵੋਟਰ ਦਿਵਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ‘ਈ-ਐਪਿਕ’ ਲਾਂਚ ਕੀਤਾ, ਜਿਸ ਨਾਲ ਫੋਟੋ ਵੋਟਰ ਸ਼ਨਾਖਤੀ ਕਾਰਡ (ਈ.ਪੀ.ਆਈ.ਸੀ) ਦੀ ਇੱਕ ਸੁਰੱਖਿਅਤ ਪੀ.ਡੀ.ਐਫ. ਦਾ ਡਿਜੀਟਲ ਰੂਪ ਹੈ ਜਿਸ ਨੂੰ ਮੋਬਾਈਲ ‘ਤੇ ਡਾਊਨਲੋਡ ਕੀਤਾ ਜਾ ਸਕਦਾ ਹੈ ਜਾਂ ਕੰਪਿਊਟਰ ਰਾਹੀਂ ਖੁਦ ਪ੍ਰਿੰਟ ਵੀ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਇੱਕ ਵੋਟਰ ਇਸ ਕਾਰਡ ਨੂੰ ਆਪਣੇ ਮੋਬਾਈਲ ਵਿੱਚ ਸਟੋਰ, ਡਿਜੀ ਲਾਕਰ ‘ਤੇ ਅਪਲੋਡ ਜਾਂ ਆਪ ਪ੍ਰਿੰਟ ਅਤੇ ਲੈਮੀਨੇਟ ਕਰਵਾ ਸਕਦਾ ਹੈ। ਇਹ ਸਹੂਲਤ ਪਹਿਲਾਂ ਤੋਂ ਹੀ ਉਪਲੱਬਧ ਪਲਾਸਟਿਕ ਵੋਟਰ ਕਾਰਡ ਦੇ ਨਾਲ ਸ਼ੁਰੂ ਕੀਤੀ ਗਈ ਹੈ।
ਸ੍ਰੀ ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸ਼ਨਰ ਅੱਜ ਸਥਾਨਕ ਸਰਕਾਰੀ ਕਾਲਜ਼ (ਲੜਕੀਆਂ) ਵਿਖੇ ਰਾਸ਼ਟਰੀ ਵੋਟਰ ਦਿਵਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਬੈਂਸ, ਐਸ.ਡੀ.ਐਮ ਸਮਰਾਲਾ ਮਿਸ ਗੀਤਿਕਾ ਸਿੰਘ, ਡੀ.ਡੀ.ਐਲ.ਜੀ ਸ੍ਰੀ ਅਮਿਤ ਬੈਂਬੀ, ਆਈ.ਏ.ਐਸ (ਅੰਡਰ ਟ੍ਰੇਨਿੰਗ) ਸ੍ਰੀ ਅਕਾਸ਼ ਬਾਂਸਲ, ਸਰਕਾਰੀ ਕਾਲਜ਼ (ਲੜਕੀਆਂ) ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਸ੍ਰੀਮਤੀ ਸੁਖਵਿੰਦਰ ਕੌਰ ਹਾਜ਼ਰ ਸਨ।
ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਨੌਜਵਾਨਾਂ ਨੂੰ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਚੋਣਾਂ ਦੌਰਾਨ ਵੋਟ ਦਾ ਸਹੀ ਉਮੀਦਵਾਰ ਚੁਣਨ ਲਈ ਇਸਤੇਮਾਲ ਕਰਨ ਅਤੇ ਚੋਣ ਪ੍ਰਕਿਰਿਆ ਦੌਰਾਨ ਆਪਣੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ। ਉਹਨਾਂ ਦੱਸਿਆ ਕਿ ਵੋਟ ਦੀ ਮਹੱਤਤਾ ਨੂੰ ਦੇਖਦਿਆ ਭਾਰਤੀ ਚੋਣ ਕਮਿਸ਼ਨ ਵੱਲੋਂ 25 ਜਨਵਰੀ, 2011 ਤੋਂ ‘ਰਾਸ਼ਟਰੀ ਵੋਟਰ ਦਿਵਸ’ ਮਨਾਉਣਾ ਸ਼ੁਰੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਲੋਕਤੰਤਰ ਦੀ ਰੱਖਿਆ ਅਤੇ ਮਜਬੂਤੀ ਲਈ ਵੋਟ ਇੱਕ ਵੱਡਾ ਹਥਿਆਰ ਹੈ, ਜੋ ਕਿ ਸਾਡਾ ਸੰਵਿਧਾਨਕ ਅਧਿਕਾਰ ਹੈ। ਉਹਨਾਂ ਕਿਹਾ ਕਿ ਵੋਟ ਪਾਉਣੀ ਸਾਡਾ ਸਾਰਿਆ ਦਾ ਫਰਜ਼ ਹੈ ਅਤੇ ਹਰੇਕ ਨੂੰ ਚਾਹੀਦਾ ਹੈ ਕਿ ਉਹ ਆਪਣੀ ਡਿਊਟੀ ਪੂਰੀ ਸੁਹਿਰਦਤਾ ਨਾਲ ਨਿਭਾਏ ਕਿਉਂਕਿ ਇਹ ਸਾਡੇ ਅਧਿਕਾਰਾਂ ਦੀ ਰਾਖੀ ਨੂੰ ਯਕੀਨੀ ਬਣਾਏਗਾ। ਉਹਨਾਂ ਕਿਹਾ ਕਿ ਅਸੀ ਸਾਰੇ ਭਾਰਤ ਵਰਗੇ ਆਜ਼ਾਦ ਦੇਸ਼ ਵਿੱਚ ਵੱਸਦਿਆਂ ਮਾਣ ਮਹਿਸੂਸ ਕਰਦੇ ਹਾਂ, ਪਰ ਸਾਨੂੰ ਸਾਰਿਆਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਨੇ ਬਹੁਤ ਜੱਦੋ-ਜਹਿਦ ਤੋਂ ਬਾਅਦ ਆਜ਼ਾਦੀ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਆਪਣੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ, ਜੋ ਸਾਡਾ ਸਾਰਿਆ ਦਾ ਫਰਜ਼ ਵੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ 5 ਨਵੇਂ ਵੋਟਰਾਂ ਨੂੰ ਐਪਿਕ ਕਾਰਡ ਵੀ ਵੰਡੇ। ਉਹਨਾਂ ਕਿਹਾ ਈ-ਐਪਿਕ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਖੁਦ ਜਾ ਕੇ ਫੋਟੋ ਵੋਟਰ ਸ਼ਨਾਖਤੀ ਕਾਰਡ ਬਨਾਉਣ ਜਾਂ ਪ੍ਰਾਪਤ ਕਰਨ ਦਾ ਇੰਤਜ਼ਾਰ ਖਤਮ ਹੋ ਜਾਵੇਗਾ। ਉਹਨਾਂ ਕਿਹਾ ਕਿ ਹੁਣ ਸਾਰੇ ਆਮ ਵੋਟਰ ਜ਼ਿਨ੍ਹਾਂ ਕੋਲ ਯੂਨਿਕ ਈ.ਪੀ.ਆਈ.ਸੀ ਨੰਬਰ ਹੈ, ਵਿਸ਼ੇਸ਼ ਸਰਸਰੀ ਸੁਧਾਈ 2021 ਦੌਰਾਨ ਰਜਿਸਟਰ ਹੋਏ ਸਾਰੇ ਨਵੇਂ ਵੋਟਰ ਭਾਵ ਜਿਨ੍ਹਾਂ ਨੇ ਨਵੰਬਰ-ਦਸੰਬਰ, 2020 ਦੌਰਾਨ ਨਵੀ ਵੋਟ ਲਈ ਫ਼ਾਰਮ ਭਰੇ ਅਤੇ ਫਾਰਮ ਭਰਨ ਸਮੇ ਆਪਣੇ ਮੋਬਾਈਲ ਨੰਬਰ ਪ੍ਰਦਾਨ ਕੀਤੇ, ਉਹਨਾਂ ਨੂੰ ਇੱਕ ਐਸ.ਐਮ.ਐਸ ਆਵੇਗਾ ਅਤੇ ਉਹ 25 ਜਨਵਰੀ ਤੋਂ 31 ਜਨਵਰੀ 2021 ਤੱਕ ਆਪਣਾ ਈ-ਐਪਿਕ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਬਾਕੀ ਸਾਰੇ ਵੋਟਰ 1 ਫਰਵਰੀ 2021 ਤੋਂ ਆਪਣਾ ਈ-ਐਪਿਕ ਡਾਊਨਲੋਡ ਕਰ ਸਕਣਗੇ, ਪਰ ਉਹਨਾਂ ਨੂੰ ਕੋਈ ਐਸ.ਐਮ.ਐਸ ਨਹੀਂ ਆਵੇਗਾ। ਉਹਨਾਂ ਕਿਹਾ ਕਿ ਫਾਰਮ 6 ਦੇ ਰੈਫਰੈਸ ਨੰਬਰ ਨਾਲ ਈ-ਐਪਿਕ ਡਾਊਨਲੋਡ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਈ-ਐਪਿਕ ਡਾਊਨਲੋਡ ਕਰਕੇ ਪ੍ਰਿੰਟ ਕੱਢਣ ਤੋਂ ਬਾਅਦ ਉਸ ਨੂੰ ਪੋਲਿੰਗ ਸਟੇਸ਼ਨ ‘ਤੇ ਪਛਾਣ ਪੱਤਰ ਦੇ ਰੂਪ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਵੋਟਰ ਜਾਗਰੂਕਤਾ ਦੇ ਕੰਮ ਲਈ ਵੱਖ-ਵੱਖ ਅਧਿਕਾਰੀਆਂ/ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਐਸ.ਡੀ.ਐਮ ਸਮਰਾਲਾ ਮਿਸ ਗੀਤਿਕਾ ਸਿੰਘ ਨੂੰ ਸਰਬੋਤਮ ਈ.ਆਰ.ੳ, ਖਾਲਸਾ ਕਾਲਜ਼ ਫਾਰ ਵੋਮੈਨ ਤੋਂ ਡਾ. ਖੁਸ਼ਦੀਪ ਕੌਰ ਨੂੰ ਸਰਬੋਤਮ ਨੋਡਲ ਅਫਸਰ, ਸਰਕਾਰੀ ਪ੍ਰਾਇਮਰੀ ਸਕੂਲ ਗਲਵਡੀ ਤੋਂ ਈ.ਟੀ.ਟੀ ਅਧਿਆਪਕ ਸ੍ਰੀ ਭੁਪਿੰਦਰ ਸਿੰਘ ਨੂੰ ਸਰਬੋਤਮ ਬੀ.ਐਲ.ਓ, ਸ੍ਰੀ ਹਰੀ ਓਮ ਜਿੰਦਲ ਐਡਵੋਕੇਟ ਨੂੰ ਵਧੀਆ ਜ਼ਿਲ੍ਹਾ ਸਵੀਪ ਆਈਕਨ ਵੱਜੋਂ ਅਤੇ ਮੋਹਨੀ ਮਹੰਤ ਨੂੰ ਵਧੀਆ ਜ਼ਿਲ੍ਹਾ ਸਵੀਪ ਆਈਕਨ ਟਰਾਂਸਜ਼ੈਂਡਰ ਵੱਜੋਂ ਸਨਮਾਨਿਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨੂੰ ਸੁੁਤੰਤਰ ਅਤੇ ਨਿਰਪੱਖ ਵੋਟ ਦਾ ਇਸਤੇਮਾਲ ਕਰਨ ਦੀ ਸਹੁੰ ਵੀ ਚੁਕਾਈ। ਇਸ ਮੌਕੇ ਲੇਖ ਲਿਖਣ, ਭਾਸ਼ਨ, ਪੋਸਟਰ ਅਤੇ ਹੋਰ ਮੁਕਾਬਲਿਆ ਦੇ ਜੇਤੂਆਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਮੋਬਾਇਲ ਵੈਨ ਨੂੰ ਸਵੀਪ ਗਤੀਵਿਧੀਆਂ/ਜਾਗਰੂਕਤਾ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।