ਪੰਜਾਬ ਤੋਂ ਦਿੱਲ੍ਹੀ ਲਈ ਰਵਾਨਾ ਹੋਣ ਲੱਗੇ ਸੰਗਤਾਂ ਦੇ ਵੱਡੇ ਕਾਫਲੇ – ਅਕਾਲੀ ਦਲ 1920 ਵਲੋਂ ਭਰਵਾ ਸਵਾਗਤ – ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਕਿਹਾ ਸਰਕਾਰ ਅੜੀਅਲ-ਰਵੱਈਆ ਛੱਡੇ

ਚੰਡੀਗੜ੍ਹ 23 ਜਨਵਰੀ – ਅਕਾਲੀ ਦਲ 1920 ਦੇ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸਰਦਾਰ ਰਵੀਇੰਦਰ ਸਿੰਘ ਨੇ ਕਿਹਾ ਕਿ ਮੌਜ਼ੂਦਾ ਸਮੇਂ ਦੀ ਭਾਵਨਾ ਹੈ ਕਿ ਸੰਤ ਮਹਾਪੁਰਸ਼ ਅਤੇ ਸਮੂੰਹ ਸਿਆਸੀ ਦਲ ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ 26 ਜਨਵਰੀ ਦੀ ਇਤਿਹਾਸਿਕ ਕਿਸਾਨ ਪਰੇਡ ਨੂੰ ਕਾਮਯਾਬ ਕਰਨ I

ਸ੍ਰ . ਰਵੀਇੰਦਰ ਸਿੰਘ ਨੇ ਹੁਸ਼ਿਆਰਪੁਰ ਤੋਂ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਦੀ ਅਗਵਾਈ ਹੇਠ ਰਵਾਨਾ ਹੋਏ 400 ਟਰੱਕਾਂ, ਬੱਸਾਂ ,ਟਰੈਕਟਰ ਟਰਾਲੀਆਂ , ਕਾਰਾਂ ਦੇ ਇੱਕ ਵੱਡੇ ਕਾਫਲੇ ਦਾ ਅਕਾਲੀ ਦਲ 1920 ਦੇ ਆਗੂਆਂ ਅਤੇ ਵਰਕਰਾਂ ਵਲੋਂ ਗੁਰਾਇਆਂ ਵਿਖੇ ਭਰਵਾ ਸਵਾਗਤ ਕਰਨ ਉਪਰੰਤ ਉਕਤ ਅਪੀਲ ਕੀਤੀ I ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਤਾਕਤ ਨੂੰ ਐਵੇਂ ਨਾ ਸਮਝੇ , ਇਨ੍ਹਾਂ ਕਿਸਾਨਾਂ ਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਦੇਸ਼ ਦੇ ਅਨਾਜ਼ ਭੰਡਾਰ ਭਰੇ ਹਨ ਅਤੇ ਗਰਮੀ ਸਰਦੀ ਦੀ ਪ੍ਰਵਾਹ ਕੀਤੇ ਬਿਨਾ ਅਨਾਜ਼ ਦੇ ਮਾਮਲੇ ਵਿੱਚ ਦੇਸ਼ ਨੂੰ ਆਤਮ -ਨਿਰਭਰ ਬਣਾਇਆ ਹੈ I

                        ਸ੍ਰ.ਰਵੀਇੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੇ ਮਸਲੇ ਹੱਲ ਕਰੇ I ਉਨ੍ਹਾਂ ਕਿਸਾਨ ਸੰਗਠਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਕਿਸਾਨ ਆਗੂਆਂ ਦੀ ਸੁਰਖਿਆ ਅਤੇ ਅੰਦੋਲਨ ਦੀ ਹਿਫਾਜ਼ਤ ਵੱਲ ਵਧੇਰੇ ਧਿਆਨ ਦੇਣ ਤਾਂ ਜੋ ਸਰਾਰਤੀ ਤੱਤ ਕੋਈ ਹਿੰਸਕ ਕਾਰਵਾਈ ਨਾ ਕਰ ਸਕਣ ਕਿਉਂ ਕਿ ਹੁਕਮਰਾਨ ਸ਼ਾਂਤਮਈ ਅੰਦੋਲਨ ਨੂੰ ਫੇਲ ਕਰਵਾਉਣ ਲਈ ਗੜਬੜ ਕਰਵਾ ਸਕਦੇ ਹਨ I ਸ੍ਰ.ਰਵੀਇੰਦਰ ਸਿੰਘ ਨੇ ਅੰਦੋਲਨ ਵਿੱਚ ਹਿਸਾ ਲੈ ਰਹੇ ਨੌਜਵਾਨਾਂ , ਮਾਤਾਵਾਂ -ਭੈਣਾਂ ਦੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਇੱਹ ਅੰਦੋਲਨ ਵਿਸ਼ਵ ਪ੍ਰਸਿੱਧ ਹੋ ਚੁੱਕਾ ਹੈ ,ਉਨ੍ਹਾਂ ਨੌਜਵਾਨਾਂ ਦੀ ਵਿਸ਼ੇਸ਼ ਪ੍ਰਸੰਸਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੇ ਬਜ਼ੁਰਗਾਂ ਦੀ ਅਗਵਾਈ ਹੇਠ ਚੱਲ ਕੇ ਅੰਦੋਲਨ ਨੂੰ ਜਿੱਤ ਵੱਲ ਲੈਆਂਦਾ ਹੈ I                                                               

ਕਾਫਲੇ ਦਾ ਸਵਾਗਤ ਕਰਨ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਿਆ ਗਿਆ I ਇਸ ਸਮੇਂ ਜਸਵੀਰ ਸਿੰਘ ਰਾਜਾ , ਗੁਰਵਿੰਦਰ ਸਿੰਘ ਪਾਬਲਾ , ਸੁਖਰਾਜ ਸਿੰਘ ਗੜ੍ਹਦੀਵਾਲਾ , ਪਰਮਿੰਦਰ ਸਿੰਘ ਜਲੰਧਰ , ਹਰਿੰਦਰਪਾਲ ਸਿੰਘ ਪ੍ਰਿੰਸ , ਦਲਜੀਤ ਸਿੰਘ , ਜਸਵਿੰਦਰ ਸਿੰਘ ਸਰਦਾਰ ਪੋਸਟਰ ਲੁਧਿਆਣਾ , ਹਰਚਰਨ ਸਿੰਘ , ਗੌਰਵ ਬੱਬਾ ਚੇਅਰਮੈਨ, ਅਕਾਸ਼ਦੀਪ ਸਿੰਘ ਕੁੱਕੀ ਲੁਧਿਆਣਾ ਆਦਿ ਸਮੇਤ ਆਗੂ ਹਾਜ਼ਰ ਸਨ I
ਇਸ ਮੌਕੇ ਉਕਤ ਸਮਾਗਮ ਵਿੱਚ ਹਿੱਸਾ ਲੈਂਦਿਆਂ ਕਿਰਤ ਸੇਵਾ ਸੰਸਥਾ ਵਲੋਂ ਸ੍ਰ.ਗੁਰਦੀਪ ਸਿੰਘ ਵੀਰ ਨੇ ਸੰਤ ਬਾਬਾ ਸੇਵਾ ਸਿੰਘ ਦਾ ਸਵਾਗਤ ਕੀਤਾ I