ਕਿਸਾਨਾਂ ਨੂੰ ਕਾਨੂੰਨੀ ਮੱਦਦ ਦੇਣ ਦੇ ਨਾਂ ’ਤੇ ਆਪ ਨੇ ਇਕ ਵਾਰ ਫੇਰ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰ ਕੇ ਧ੍ਰੋਹ ਕੀਤਾ: ਕੈਪਟਨ ਅਮਰਿੰਦਰ ਸਿੰਘ

ਨਿਊਜ਼ ਪੰਜਾਬ

ਚੰਡੀਗੜ, 10 ਜਨਵਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਅਦਾਕਾਰਾ ਕੰਗਨਾ ਰਣੌਤ ਤੇ ਕੇਂਦਰੀ ਮੰਤਰੀ ਰਾਓਸਾਹੇਬ ਦਾਨਵੇ ਸਮੇਤ ਹੋਰਨਾਂ ਭਾਜਪਾ ਆਗੂਆਂ ਖਿਲਾਫ ਕਾਨੂੰਨੀ ਕੇਸ ਲੜਨ ਦੇ ਖੋਖਲੇ ਦਾਅਵੇ ’ਤੇ ਆਪ ਉਤੇ ਦੋਸ਼ ਲਾਉਦਿਆਂ ਕਿਹਾ ਕਿ ਉਨਾਂ ਇਕ ਵਾਰ ਫੇਰ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਦਿਆਂ ਕਿਸਾਨਾਂ ਨਾਲ ਧ੍ਰੋਹ ਕੀਤਾ ਹੈ।

ਮੀਡੀਆ ਰਿਪੋਰਟਾਂ, ਕਿ ਅਜਿਹੇ ਮਾਮਲਿਆਂ ਵਿੱਚ ਪੰਜ ਪਟੀਸ਼ਨਕਰਤਾ ਵਿੱਚੋਂ ਚਾਰ ਆਪ ਦੇ ਸਰਗਰਮ ਵਰਕਰ ਹਨ, ਉਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਜੁੰਡਲੀ ਸਿਆਸੀ ਲਾਹਾ ਖੱਟਣ ਲਈਆਂ ਅਜਿਹੀਆਂ ਕੋਝੀਆਂ ਚਾਲਾਂ ਚੱਲਣੀਆਂ ਬੰਦ ਕਰੇ। ਮੁੱਖ ਮੰਤਰੀ ਨੇ ਕਿਹਾ, ‘‘ਤੁਹਾਡੇ ਇਰਾਦੇ ਸਪੱਸ਼ਟ ਹਨ। ਤੁਸੀਂ ਸਿਰਫ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਭਾਜਪਾ ਦੇ ਇਸ਼ਾਰੇ ’ਤੇ ਕੋਝੀਆਂ ਚਾਲਾਂ ਚੱਲ ਰਹੇ ਹੋ।’’ ਉਨਾਂ ਕਿਹਾ ਕਿ ਕਿਸਾਨਾਂ ਦੀ ਜ਼ਿੰਦਗੀ ਅਤੇ ਭਵਿੱਖ ਨਾਲ ਜੁੜੇ ਮਾਮਲੇ ’ਤੇ ਆਪ ਵੱਲੋਂ ਅਜਿਹੇ ਡਰਾਮੇ ਖੇਡੇ ਜਾਣੇ ਬਹੁਤ ਮੰਦਭਾਗੀ ਗੱਲ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਅਰਵਿੰਦ ਕੇਜਰੀਵਾਲ ਵਰਗਾ ਮਸੀਨਾ ਵਿਅਕਤੀ ਹਮੇਸ਼ਾ ਇੰਝ ਹੀ ਕਰਦਾ ਆਇਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਦੀ ਪਾਰਟੀ ਦੇ ਹੋਰ ਆਗੂ ਵੀ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦੇਣ ਲਈ ਲਗਾਤਾਰ ਝੂਠ ਬੋਲ ਰਹੇ ਹਨ।’’ ਉਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਆਪ ਆਗੂ ਇੰਨੇ ਘਟੀਆ ਤੇ ਨੀਵੇਂ ਦਰਜੇ ਉਤੇ ਉਤਰ ਆਏ ਹਨ ਅਤੇ ਆਪਣੇ ਪਾਰਟੀ ਵਰਕਰਾਂ ਵੱਲੋਂ ਭਾਜਪਾ ਆਗੂਆਂ ਖਿਲਾਫ ਪਟੀਸ਼ਨਾਂ ਦਾਖਲ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਨਾਂ ਦੀ ਪਾਰਟੀ ਵੱਲੋਂ ਕਿਸਾਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਦੇ ਦਾਅਵਿਆਂ ਦੀ ਪੁਸ਼ਟੀ ਹੋ ਸਕੇ।

ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਅਤੇ ਉਸ ਦੇ ਸਾਥੀਆਂ ਨੂੰ ਸਲਾਹ ਦਿੱਤੀ ਕਿ ਉਹ ਐਡੋਲਫ ਹਿਟਲਰ ਦੀ ‘ਵੱਡੇ ਝੂਠ’ ਬੋਲਣ ਦੀ ਤਕਨੀਕ ਨੂੰ ਅਪਣਾਉਣਾ ਬੰਦ ਕਰ ਦੇਣ ਜਿਸ ਤਹਿਤ ਕਿ ਇੰਨਾ ਝੂਠ ਬੋਲ ਕੇ ਪ੍ਰਚਾਰ ਕੀਤਾ ਜਾਵੇ ਕਿ ਲੋਕ ਇਸ ਨੂੰ ਸੱਚ ਮੰਨ ਲੈਣ।

ਮੁੱਖ ਮੰਤਰੀ ਨੇ ਕਿਹਾ ਕਿ ਜਿਸ ਸਮੇਂ ਕਿਸਾਨ ਕੌਮੀ ਰਾਜਧਾਨੀ ਵੱਲ ਕੂਚ ਕਰਨ ਦੀ ਤਿਆਰੀ ਖਿੱਚ ਰਹੇ ਸਨ ਉਸ ਵੇਲੇ ਦਿੱਲੀ ਵਿਚ ‘ਆਪ’ ਦੀ ਸਰਕਾਰ ਵੱਲੋਂ ਸ਼ਰਮਨਾਕ ਢੰਗ ਨਾਲ ਖੇਤੀ ਕਾਨੂੰਨ ਲਾਗੂ ਕਰਨ ਤੋਂ ਬਾਅਦ ਪੂਰਾ ਵਿਸ਼ਵ ਹੁਣ ਜਾਣ ਗਿਆ ਹੈ ਕਿ ਭਾਜਪਾ ਦਾ ਅਸਲ ਏਜੰਟ ਕੌਣ ਹੈ। ਉਨਾਂ ਨੇ ਕਿਹਾ ਕਿ ‘ਆਪ’ ਦੀ ਭਾਜਪਾ ਨਾਲ ਮਿਲੀਭੁਗਤ ਹੁਣ ਜੱਗ ਜ਼ਾਹਰ ਹੋ ਗਈ ਹੈ ਅਤੇ ਕਿਹਾ ਕਿ ਇਹ ਅਜਿਹੀ ਇਕਲੌਤੀ ਘਟਨਾ ਨਹੀਂ ਸੀ।

‘‘ਅਰਵਿੰਦ ਕੇਜਰੀਵਾਲ ਸਰਕਾਰ ਕੇਂਦਰ ਵਿਚ ਆਪਣੇ ਆਕਾਵਾਂ ਨੂੰ ਖੁਸ਼ ਰੱਖਣ ਲਈ ਉਨਾਂ ਅੱਗੇ ਝੁਕੀ ਹੋਈ ਹੈ ਕਿਉਂਕਿ ਇਹ ਸੁਤੰਤਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸ਼ਾਸਨ ਚਲਾਉਣ ਦੇ ਕਾਬਲ ਨਹੀਂ ਹੈ ਜਿਵੇਂ ਕਿ ਅਸੀਂ ਸਰਿਆਂ ਨੇ ਦਿੱਲੀ ਵਿੱਚ ਕੋਵਿਡ ਦੇ ਸਿਖਰ ਸਮੇਂ ਵੇਖਿਆ ਸੀ।’’ ਉਨਾਂ ਕਿਹਾ ਕਿ ਕੇਜਰੀਵਾਲ ਵੱਲੋਂ ਹਰ ਵਾਰ ਮਦਦ ਲਈ ਕੇਂਦਰ ਅੱਗੇ ਹੱਥ ਅੱਡਣ ਤੋਂ ਕੇਂਦਰ ਨਾਲ ਉਨਾਂ ਦੀ ਨੇੜਤਾ ਸਪੱਸ਼ਟ ਤੌਰ ’ਤੇ ਜ਼ਾਹਰ ਹੋਈ ਹੈ। ਉਨਾਂ ਕਿਹਾ, ‘‘ਆਖਰਕਾਰ ਸੰਕਟ ਦੇ ਸਮੇਂ ਤੁਸੀਂ ਮਦਦ ਲਈ ਉਨਾਂ ਵੱਲ ਜਾਂਦੇ ਹੋ ਜਿਨਾਂ ਨਾਲ ਨੇੜਤਾ ਹੋਵੇ ਨਾ ਕਿ ਆਪਣੇ ਸਿਆਸੀ ਵਿਰੋਧੀਆਂ ਵੱਲ।’’

ਮੁੱਖ ਮੰਤਰੀ ਨੇ ਕਿਹਾ ਕਿ ਵਾਰ ਵਾਰ ਝੂਠ ਬੋਲਣਾ ਇਸ ਨੂੰ ਸੱਚ ਨਹੀਂ ਬਣਾ ਦਿੰਦਾ। ਕੁਝ ਆਪ ਆਗੂਆਂ ਵੱਲੋਂ ਪੰਜਾਬ ਦੇ ਖੇਤੀ ਕਾਨੂੰਨ ਘੜਨ ਵਾਲੀ ਖੇਤੀਬਾੜੀ ਸੁਧਾਰਾਂ ਸਬੰਧੀ ਕਮੇਟੀ ਦਾ ਮੈਂਬਰ ਹੋਣ ਬਾਰੇ ਕੀਤੇ ਦਾਅਵਿਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰਾਂ ਇਨਾਂ ਨੇਤਾਵਾਂ ਨੇ ਅਕਾਲੀਆਂ ਦੇ ਸਟੈਂਡ ਨੂੰ ਰਟਨਾ ਸ਼ੁਰੂ ਕੀਤਾ ਹੈ ਅਜਿਹੇ ਵਿੱਚ ਅਸੀਂ ਇਸ ਸਿੱਟੇ ’ਤੇ ਪਹੁੰਚਣ ਲਈ ਮਜਬੂਰ ਹਾਂ ਕਿ ਦੋਵੇਂ ਧਿਰਾਂ ਝੂਠਾਂ ਦੇ ਆਧਾਰ ’ਤੇ ਆਪਸ ਵਿੱਚ ਰਲੇ ਹੋਏ ਹਨ। ਉਨਾਂ ਕਿਹਾ ਕਿ ਇਸ ਅਖੌਤੀ ਕਮੇਟੀ ਨੇ ਕਦੇ ਵੀ ਖੇਤੀ ਕਾਨੂੰਨਾਂ ਬਾਰੇ ਵਿਚਾਰ-ਵਟਾਂਦਰਾ ਨਹੀਂ ਕੀਤਾ। ਮੁੱਖ ਮੰਤਰੀ ਨੇ ਕਿਹਾ ‘‘ਅਸਲ ਵਿਚ, ਇੱਥੇ ਅਜਿਹੇ ਕਾਨੂੰਨਾਂ ਬਾਰੇ ਵਿਚਾਰਨ ਦਾ ਉੱਕਾ ਜ਼ਿਕਰ ਵੀ ਨਹੀਂ ਸੀ।’’ ਉਨਾਂ ਸਵਾਲ ਕੀਤਾ, ‘‘ਕੀ ਆਪ ਅਤੇ ਅਕਾਲੀ ਦਲ ਦੇ ਆਗੂਆਂ ਲਈ ਇਹ ਸਮਝਣਾ ਇੰਨਾ ਮੁਸ਼ਕਲ ਹੈ?’’

ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਦੇ ਉਲਟ ਜਿਸ ਨੇ ਕਦੇ ਵੀ ਗੰਭੀਰ ਪ੍ਰਸ਼ਾਸਨ ਵਿੱਚ ਵਿਸ਼ਵਾਸ ਨਹੀਂ ਕੀਤਾ ਅਤੇ ਸਿਰਫ਼ ਨੀਵੇਂ ਦਰਜੇ ਦੀ ਰਾਜਨੀਤੀ ਅਤੇ ਡਰਾਮਿਆਂ ਵਿੱਚ ਰੁੱਝੀ ਰਹੀ ਹੈ, ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਲੋਕਾਂ ਦੀ ਪਰਵਾਹ ਕਰਦੀ ਹੈ ਅਤੇ ਹਮੇਸ਼ਾਂ ਉਨਾਂ ਦੇ ਭਲੇ ਲਈ ਕੰਮ ਕਰ ਰਹੀ ਹੈ। ਉਨਾਂ ਕਿਹਾ, ‘‘ਅਸੀਂ ਆਪਣੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਰਾਜਨੀਤੀ ਨਹੀਂ ਕਰਦੇ।’’ ਉਨਾਂ ਕਿਹਾ ਕਿ ‘ਆਪ’ ਦਾ ਚਿਹਰਾ ਪੂਰੀ ਤਰਾਂ ਬੇਨਕਾਬ ਹੋ ਗਿਆ ਹੈ ਅਤੇ ਉਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਤਰਾਂ ਦੇ ਹੱਥਕੰਡੇ ਵਰਤ ਕੇ ਉਹ 2016-17 ਵਿੱਚ ਵੀ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਵਿੱਚ ਪੂਰੀ ਤਰਾਂ ਨਾਕਾਮ ਸਾਬਤ ਹੋਏ ਸਨ ਅਤੇ ਹੁਣ ਵੀ ਉਨਾਂ ਦਾ ਕੋਈ ਬਚਾਅ ਨਹੀਂ ਹੋਵੇਗਾ।