ਕਿਸਾਨਾਂ ਦੀਆਂ ਮੰਗਾਂ ਜਾਇਜ਼, ਖੇਤੀਬਾੜੀ ਸਬੰਧੀ ਕਾਲੇ ਕਾਨੂੰਨ ਤੁਰੰਤ ਰੱਦ ਕਰੇ ਮੋਦੀ ਸਰਕਾਰ-ਪਰਨੀਤ ਕੌਰ
ਨਿਊਜ਼ ਪੰਜਾਬ
ਚੰਡੀਗੜ/ਪਟਿਆਲਾ, 8 ਜਨਵਰੀ:
ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪਰਨੀਤ ਕੌਰ, ਅੱਜ ਜ਼ਿਲਾ ਪਟਿਆਲਾ ਦੇ ਉਨਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਨਵੇਂ ਟ੍ਰੈਕਟਰ-ਟਰਾਲੀ ਪ੍ਰਦਾਨ ਕਰਨ ਲਈ ਪਿੰਡ ਸਫੇੜਾ ਵਿਖੇ ਪੁੱਜੇ, ਜਿਨਾਂ ਕਿਸਾਨਾਂ ਦੇ ਟ੍ਰੈਕਟਰ ਤੇ ਟਰਾਲੀ ਸਿੰਘੂ ਬਾਰਡਰ ਤੋਂ ਵਾਪਸ ਪਰਤਦੇ ਸਮੇਂ ਇੱਕ ਹਾਦਸੇ ਦਾ ਸ਼ਿਕਾਰ ਹੋ ਕੇ ਪੂਰੀ ਤਰਾਂ ਨੁਕਸਾਨੇ ਗਏ ਸਨ। ਸ੍ਰੀਮਤੀ ਪਰਨੀਤ ਕੌਰ ਦੀ ਪਹਿਲਕਦਮੀ ‘ਤੇ, ਹਾਦਸੇ ‘ਚ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਲਾਭ ਸਿੰਘ ਦੇ ਪਰਿਵਾਰ ਨੂੰ ਸੋਨਾਲੀਕਾ ਕੰਪਨੀ ਵੱਲੋਂ ਨਵਾਂ ਟ੍ਰੈਕਟਰ ਅਤੇ ਹਾਦਸੇ ‘ਚ ਜਖ਼ਮੀ ਹੋਏ ਸਰਪੰਚ ਨਰਿੰਦਰ ਸਿੰਘ ਨੂੰ ਨਾਭਾ ਪਾਵਰ ਲਿਮਟਿਡ ਵੱਲੋਂ ਟਰਾਲੀ ਮੁਹੱਈਆ ਕਰਵਾਈ ਗਈ ਹੈ।
ਲੋਕ ਸਭਾ ਮੈਂਬਰ ਨੇ ਇਸੇ ਦੌਰਾਨ ਪਿੰਡ ਪ੍ਰਤਾਪਗੜ (ਤਾਰਾ ਚੰਦ) ਦੇ ਬੀਤੇ ਦਿਨੀਂ ਫ਼ੌਤ ਹੋਏ ਕਿਸਾਨ ਜਗੀਰ ਸਿੰਘ ਦੀ ਸੁਪਤਨੀ ਸੁਰਿੰਦਰ ਕੌਰ ਤੇ ਪੁੱਤਰ ਜਸਵਿੰਦਰ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਮਿਲਕੇ ਉਨਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਇਸ ਤੋਂ ਇਲਾਵਾ ਉਨਾਂ ਨੇ ਮਹਿਮਦਪੁਰ ਜੱਟਾਂ ਦੇ ਕਿਸਾਨ, ਹਰਬੰਸ ਸਿੰਘ ਦੇ ਪੁੱਤਰ ਸਤਪਾਲ ਸਿੰਘ, ਦਵਿੰਦਰ ਸਿੰਘ ਤੇ ਪੋਤਰੇ ਜਗਤਾਰ ਸਿੰਘ ਨੂੰ ਵੀ ਮਿਲਕੇ ਅਫ਼ਸੋਸ ਪ੍ਰਗਟਾਉਂਦਿਆਂ ਹਮਦਰਦੀ ਜਤਾਈ। ਇਸ ਮੌਕੇ ਹਲਕਾ ਸਨੌਰ ਦੇ ਇੰਚਾਰਜ ਸ. ਹਰਿੰਦਰ ਪਾਲ ਸਿੰਘ ਹੈਰੀਮਾਨ ਵੀ ਉਨਾਂ ਦੇ ਨਾਲ ਸਨ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਖੇਤੀਬਾੜੀ ਸਬੰਧੀਂ ਕਾਲੇ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਨ ਦੀ ਜ਼ੋਰਦਾਰ ਸ਼ਬਦਾਂ ‘ਚ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਦੇ ਹੋਏ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਦੇ ਸੰਘਰਸ਼ ‘ਚ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਇਸ ਸੰਘਰਸ਼ ਤੇ ਅੰਤ ਤੱਕ ਕਿਸਾਨਾਂ ਦਾ ਸਾਥ ਦੇਵੇਗੀ।
ਲੋਕ ਸਭਾ ਮੈਂਬਰ ਨੇ ਕਿਹਾ ਕਿ ਜਦੋਂ ਅੱਜ ਪੰਜਾਬ ਦਾ ਬੱਚਾ-ਬੱਚਾ ਕਿਸਾਨੀ ਸੰਘਰਸ਼ ‘ਚ ਕਿਸਾਨਾਂ ਦਾ ਸਾਥ ਦੇ ਰਿਹਾ ਹੈ ਅਤੇ ਹਿੰਦੁਸਤਾਨ ਹੀ ਨਹੀਂ ਬਲਕਿ ਪੂਰੇ ਵਿਸ਼ਵ ਭਰ ‘ਚ ਕਿਸਾਨਾਂ ਦੇ ਹੱਕ ‘ਚ ਆਵਾਜ ਬੁਲੰਦ ਕੀਤੀ ਜਾ ਰਹੀ ਹੈ ਤਾਂ ਕੇਂਦਰ ਸਰਕਾਰ ਨੂੰ ਆਪਣੀ ਹੱਠ ਧਰਮੀ ਦਾ ਤਿਆਗ ਕਰਕੇ ਕਿਸਾਨਾਂ ਦੀ ਆਵਾਜ ਸੁੁਣ ਲੈਣੀ ਚਾਹੀਦੀ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ ਬਲਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਕੇ ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ, ਇਸੇ ‘ਚ ਦੇਸ਼ ਤੇ ਕਿਸਾਨਾਂ ਦੀ ਭਲਾਈ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਦੁਹਰਾਇਆ ਕਿ ਭਾਵੇਂ ਕਿ ਮਨੁੱਖੀ ਜਾਨਾਂ ਦਾ ਕੋਈ ਮੁੱਲ ਨਹੀਂ ਹੈ ਪਰੰਤੂ ਪੰਜਾਬ ਸਰਕਾਰ ਨੇ ਫੇਰ ਵੀ ਕਿਸਾਨਾਂ ਨਾਲ ਦਿਲੀ ਹਮਦਰਦੀ ਦਾ ਇਜ਼ਹਾਰ ਕਰਦਿਆਂ 5-5 ਲੱਖ ਰੁਪਏ ਦੀ ਵਿਤੀ ਸਹਾਇਤਾ ਦੇਣ ਦੇ ਨਾਲ-ਨਾਲ ਹਰ ਤਰਾਂ ਦੀ ਸੰਭਵ ਸਹਾਇਤਾ ਕਰਨ ਦੀ ਆਪਣੀ ਵਚਨਬੱਧਤਾ ਪ੍ਰਗਟਾਈ ਹੈ। ਉਨਾਂ ਨੇ ਨਾਲ ਹੀ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੇ ਵੱਲੋਂ ਇਸ ਸੰਘਰਸ਼ ‘ਚ ਬਣਦਾ ਹਿੱਸਾ ਜਰੂਰ ਪਾਵੇ। ਉਨਾਂ ਨੇ ਦੱਸਿਆ ਕਿ ਪਿੰਡ ਸਫੇੜਾ ਦੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਗੋਲਡੀ ਦੀ ਯਾਦ ‘ਚ ਪਿੰਡ ਵਿਖੇ ਬਨਣ ਵਾਲੇ ਕਮਿਉਨਿਟੀ ਸੈਂਟਰ ਦਾ ਕੰਮ ਬਹੁਤ ਜਲਦ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮਿ੍ਰਤਪ੍ਰਤਾਪ ਸਿੰਘ ਹਨੀ ਸੇਖੋਂ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਰਜੇਸ਼ ਸ਼ਰਮਾ, ਨਾਭਾ ਪਾਵਰ ਲਿਮਟਡ ਦੇ ਡੀਜੀਐਮ (ਐਡਮਿਨ ਤੇ ਸੀਐਸਆਰ) ਜਸਕਰਨ ਸਿੰਘ, ਕਾਰਪੋਰੇਟ ਤੇ ਕਮਿਉਨੀਕੇਸ਼ਨ ਮੁਖੀ ਡਾ. ਮਨੀਸ਼ ਸਰਹਿੰਦੀ, ਸੋਨਾਲੀਕਾ ਤੋਂ ਗੁਰਮੀਤ ਸਿੰਘ ਤੇ ਡੀਲਰ ਤੇਜਿੰਦਰ ਸਿੰਘ, ਬਲਾਕ ਸੰਮਤੀ ਸਨੌਰ ਦੇ ਚੇਅਰਮੈਨ ਅਸ਼ਵਨੀ ਬੱਤਾ, ਜੋਗਿੰਦਰ ਸਿੰਘ ਕਾਕੜਾ, ਬਲਾਕ ਸੰਮਤੀ ਭੁਨਰਹੇੜੀ ਦੇ ਵਾਈਸ ਚੇਅਰਮੈਨ ਅਮਨ ਰਣਜੀਤ ਸਿੰਘ ਨੈਣਾ, ਬਲਾਕ ਪ੍ਰਧਾਨ ਗੁਰਮੀਤ ਸਿੰਘ ਬਿੱਟੂ, ਗੁਰਮੇਜ ਸਿੰਘ ਭੁਨਰਹੇੜੀ, ਮਦਨਜੀਤ ਸਿੰਘ ਡਕਾਲਾ, ਜੀਤ ਸਿੰਘ ਸਿਰਕਪੜਾ ਚੇਅਰਮੈਨ, ਰਜਿੰਦਰ ਸਿੰਘ ਮੂੰਡਖੇੜਾ, ਬਲਵਿੰਦਰ ਸਿੰਘ ਕਰਤਾਰਪੁਰ, ਗੁਰਮੇਲ ਸਿੰਘ, ਨਵਜੋਤ ਸਿੰਘ ਜੋਤੀ, ਗੌਰਵ ਸੰਧੂ, ਯੂਥ ਪ੍ਰਧਾਨ ਪ੍ਰਣਵ ਗੋਇਲ, ਪ੍ਰਭਜਿੰਦਰ ਸਿੰਘ, ਬੱਬੀ ਗੋਇਲ, ਤਿਲਕ ਰਾਜ ਟਰੱਕ ਯੂਨੀਅਨ ਪ੍ਰਧਾਨ, ਲਵਪ੍ਰੀਤ ਸਿੰਘ, ਡੀ.ਐਸ.ਪੀ. ਅਜੈਪਾਲ ਸਿੰਘ, ਬੀਡੀਪੀਓ ਵਿਨੀਤ ਸ਼ਰਮਾ ਅਤੇ ਇਲਾਕੇ ਦੇ ਪੰਚ ਤੇ ਸਰਪੰਚਾਂ ਸਮੇਤ ਹੋਰ ਪਤਵੰਤੇ ਮੌਜੂਦ ਸਨ।
————–
ਫੋਟੋ 1 ਕੈਪਸ਼ਨ-ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਪਿੰਡ ਸਫੇੜਾ ਵਿਖੇ ਕਿਸਾਨ ਲਾਭ ਸਿੰਘ ਦੀ ਪਤਨੀ ਨੂੰ ਨਵੇਂ ਸੋਨਾਲੀਕਾ ਟ੍ਰੈਕਟਰ ਦੀਆਂ ਚਾਬੀਆਂ ਸੌਂਪਦੇ ਹੋਏ। ਉਨਾਂ ਦੇ ਨਾਲ ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਹੋਰ ਵੀ ਨਜ਼ਰ ਆ ਰਹੇ ਹਨ।
ਫੋਟੋ 2 ਕੈਪਸ਼ਨ-ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਪਿੰਡ ਸਫੇੜਾ ਵਿਖੇ ਸਰਪੰਚ ਨਰਿੰਦਰ ਸਿੰਘ ਨੂੰ ਟਰਾਲੀ ਦੇ ਦਸਤਾਵੇਜ ਸੌਂਪਦੇ ਹੋਏ। ਉਨਾਂ ਦੇ ਨਾਲ ਹਰਿੰਦਰਪਾਲ ਸਿੰਘ ਹੈਰੀਮਾਨ, ਨਾਭਾ ਪਾਵਰ ਲਿਮਟਿਡ ਤੋਂ ਡੀਜੀਐਮ ਜਸਕਰਨ ਸਿੰਘ ਤੇ ਡਾ. ਮਨੀਸ਼ ਸਰਹਿੰਦੀ ਵੀ ਨਜ਼ਰ ਆ ਰਹੇ ਹਨ।
ਫੋਟੋ 3 ਕੈਪਸ਼ਨ-ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਪਿੰਡ ਪਰਤਾਪਗੜ ਵਿਖੇ ਕਿਸਾਨ ਜਗੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ। ਉਨਾਂ ਦੇ ਨਾਲ ਹਰਿੰਦਰਪਾਲ ਸਿੰਘ ਹੈਰੀਮਾਨ ਵੀ ਨਜ਼ਰ ਆ ਰਹੇ ਹਨ।