ਪੰਜਾਬ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ 15 ਲੱਖ ਤੋਂ ਵੱਧ ਨੌਜਵਾਨਾਂ ਨੂੰ ਰੋਜਗਾਰ ਹਾਸਲ ਕਰਨ ਵਿਚ ਕੀਤੀ ਸਹਾਇਤਾ: ਚੰਨੀ

ਨਿਊਜ਼ ਪੰਜਾਬ 

ਚੰਡੀਗੜ੍ਹ, 30 ਦਸੰਬਰ:

ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਵਿੱਚ ਬੇਰੁਜਗਾਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਵਚਨਬੱਧ ਹੈ। ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਨੂੰ ਸੂਬੇ ਦੀ ਕਾਰਜ ਯੋਜਨਾ 2017-22 ਨਾਲ ਪੂਰਾ ਕੀਤਾ ਗਿਆ ਹੈ ਜਿਸ ਤਹਿਤ ਹਰੇਕ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਮੁਹੱਈਆ ਕਰਵਾਈ ਗਈ ਅਤੇ ਘਰ-ਘਰ ਰੋਜਗਾਰ ਪ੍ਰੋਗਰਾਮ ਅਧੀਨ ਸਾਰੇ ਬੇਰੁਜਗਾਰ ਨੌਜਵਾਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਲਈ ਸਮਾਂਬੱਧ ਰੋਜਗਾਰ ਯਕੀਨੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।

ਪੰਜਾਬ ਰੋਜਗਾਰ ਉਤਪਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਨੌਕਰੀਆਂ ਦੀ ਭਾਲ ਕਰਨ ਵਾਲੇ ਨੌਜਵਾਨਾਂ ਲਈ ਪਿਛਲੇ ਤਿੰਨ ਸਾਲਾਂ ਦੌਰਾਨ ਲਗਭਗ 15.07 ਲੱਖ ਰੁਜਗਾਰ ਦੇ ਮੌਕੇ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਵਿਡ ਮਹਾਂਮਾਰੀ ਦੇ ਕਾਰਨ ਦੁਨੀਆ ਭਰ ਵਿਚ ਬੇਰੁਜਗਾਰੀ ਫੈਲ ਰਹੀ ਸੀ ਉਦੋਂ ਪੰਜਾਬ ਸਰਕਾਰ ਨੇ ਸਤੰਬਰ 2020 ਵਿੱਚ 6ਵਾਂ ਸੂਬਾ ਪੱਧਰੀ ਮੈਗਾ ਰੋਜਗਾਰ ਮੇਲਾ ਵਰਚੁਅਲੀ ਅਤੇ ਲੋਕਾਂ ਦੀ ਸ਼ਮੂਲੀਅਤ ਨਾਲ ਆਯੋਜਿਤ ਕਰਵਾਇਆ। ਇਸ ਰੋਜ਼ਗਾਰ ਮੇਲੇ ਦੌਰਾਨ ਪ੍ਰਾਈਵੇਟ ਸੈਕਟਰ ਵਿੱਚ ਵੱਡੀਆਂ ਨੌਕਰੀਆਂ ਸਮੇਤ 1.50 ਲੱਖ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਲਗਭਗ 92,000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਕਤੂਬਰ, ਨਵੰਬਰ ਅਤੇ ਦਸੰਬਰ 2020 ਵਿੱਚ ਸੂਬਾ ਪੱਧਰੀ ਸਵੈ-ਰੁਜਗਾਰ / ਉੱਦਮਤਾ ਵਿਕਾਸ / ਲੋਨ ਮੇਲੇ ਆਯੋਜਿਤ ਕਰਵਾਏ ਗਏ ਤਾਂ ਜੋ ਨੌਜਵਾਨਾਂ ਨੂੰ ਉਨ੍ਹਾਂ ਦੇ ਆਪਣੇ ਕਾਰੋਬਾਰ ਸਥਾਪਤ ਕਰਨ ਲਈ ਵਿੱਤੀ ਸਹੂਲਤ ਦਿੱਤੀ ਜਾ ਸਕੇ। ਜਿਸ ਦਾ ਨਤੀਜਾ ਅਗਲੇ ਵਰ੍ਹੇ ਦੀ ਸ਼ੁਰੂਆਤ ਵਿਚ ਸਪਸਟ ਹੋ ਜਾਵੇਗਾ। ਇਸ ਸੂਬਾ ਪੱਧਰੀ ਸਮਾਗਮ ਵਿੱਚ 1,04,400 ਨੌਜਵਾਨਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ।

ਵਿਭਾਗ ਨੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਪਈਆਂ 1 ਲੱਖ ਅਸਾਮੀਆਂ ‘ਤੇ ਭਰਤੀ ਲਈ ਸਾਲ 2020-2022 ਲਈ ਮੰਤਰੀ ਪ੍ਰੀਸਦ ਤੋਂ ਰਾਜ ਰੋਜਗਾਰ ਯੋਜਨਾ ਲਈ ਮਨਜੂਰੀ ਲੈ ਲਈ ਹੈ।

ਰੋਜ਼ਗਾਰ ਉੱਤਪਤੀ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਵਿਭਾਗ ਦੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਵਿਭਾਗ ਨੇ 2020 ਵਿਚ ਕਈ ਪਹਿਲਕਦਮੀਆਂ ਕੀਤੀਆਂ ਹਨ। ਜਿਸ ਵਿਚ ਨੌਕਰੀ ਦੀ ਭਾਲ ਕਰਨ ਵਾਲਿਆਂ ਲਈ ਆਨਲਾਈਨ ਇੰਟਰੈਕਟਿਵ ਡਿਜੀਟਲ ਪਲੇਟਫਾਰਮ ਤਿਆਰ ਕੀਤਾ ਗਿਆ ਹੈ। ਇਸ ਪੇਰਟਲ ‘ਤੇ ਹੁਣ ਤੱਕ 1042640 ਨੌਕਰੀਆਂ ਦੀ ਭਾਲ ਕਰਨ ਵਾਲੇ ਅਤੇ 7754 ਰੁਜ਼ਗਾਰ ਦੇਣ ਵਾਲੇ ਰਜਿਸਟਰ ਹਨ। ਹੁਣ ਤੱਕ ਪੋਰਟਲ ਰਾਹੀਂ ਬੇਰੁਜਗਾਰਾਂ ਲਈ 3,75,250 ਸਰਕਾਰੀ ਅਤੇ 2,91,867 ਪ੍ਰਾਈਵੇਟ ਨੌਕਰੀਆਂ ਉਪਲਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਿਸਨ ਵਲੋਂ ਟ੍ਰਾਈਡੈਂਟ ਗਰੁੱਪ ਵਿੱਚ ਮਹਿਲਾ ਉਮੀਦਵਾਰਾਂ ਨੂੰ ਸਿਖਲਾਈ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਹਨਾਂ ਲੜਕੀਆਂ ਨੂੰ 3 ਮਹੀਨਿਆਂ ਦੀ ਸਿਖਲਾਈ ਤੋਂ ਬਾਅਦ ਟ੍ਰਾਈਡੈਂਟ ਸਮੂਹ ਵਿਚ ਸ਼ਾਮਲ ਕਰ ਲਿਆ ਜਾਵੇਗਾ। ਇਹਨਾਂ ਲੜਕੀਆਂ ਨੂੰ ਸਿਖਲਾਈ ਦੌਰਾਨ 18,000 ਰੁਪਏ ਪ੍ਰਤੀ ਮਹੀਨਾ ਦਿੱਤੇ ਗਏ। ਟ੍ਰਾਈਡੈਂਟ ਵਿਚ 2500 ਲੜਕੀਆਂ ਦੀ ਸਿਖਲਾਈ ਅਤੇ ਨੌਕਰੀ ਦੀ ਸੰਭਾਵਨਾ ਹੈ।

ਸ੍ਰੀ ਤਿਵਾੜੀ ਨੇ ਦੱਸਿਆ ਕਿ ਪੰਜਾਬ ਘਰ-ਘਰ ਰੋਜਗਾਰ ਅਤੇ ਕਰੋਬਾਰ ਮਿਸਨ ਵਿੱਚ ਵਿਦੇਸੀ ਸਿੱਖਿਆ ਅਤੇ ਪਲੇਸਮੈਂਟ ਸੈੱਲ ਸੁਰੂ ਕੀਤਾ ਗਿਆ ਹੈ। ਨੌਜਵਾਨਾਂ ਨੂੰ ਵਰਕ ਵੀਜੇ ‘ਤੇ ਵਿਦੇਸ ਭੇਜਣ ਲਈ ਭਾਰਤ ਸਰਕਾਰ ਤੋਂ ਲੋੜੀਂਦਾ ਲਾਇਸੈਂਸ ਲਿਆ ਗਿਆ ਹੈ। ਵਿਦੇਸਾਂ ਵਿੱਚ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਲਈ ਪੰਜਾਬ ਹੁਨਰ ਵਿਕਾਸ ਮਿਸਨ ਵਲੋਂ ਜਾਪਾਨੀ ਭਾਸਾ ਸਿਖਲਾਈ ਪ੍ਰੋਗਰਾਮ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸਦਾ ਉਦੇਸ 50 ਮਾਸਟਰ ਟ੍ਰੇਨਰਾਂ ਨੂੰ ਸਿਖਲਾਈ ਦੇਣਾ ਹੈ ਜੋ ਇੱਛੁਕ ਉਮੀਦਵਾਰਾਂ (1000 ਉਮੀਦਵਾਰਾਂ ਦਾ ਟੀਚਾ) ਨੂੰ ਸਿਖਲਾਈ ਦੇਣਗੇ। ਇਸ ਸਮੇਂ 50 ਮਾਸਟਰ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ (86 ਘੰਟਿਆਂ ਦੀ ਸਿਖਲਾਈ ਪੂਰੀ ਹੋ ਚੁੱਕੀ ਹੈ, 114 ਘੰਟੇ ਦੀ ਸਿਖਲਾਈ ਬਾਕੀ ਹੈ ਜੋ ਸੰਭਾਵਤ ਤੌਰ ‘ਤੇ ਅਪ੍ਰੈਲ 2021 ਤੱਕ ਮੁਕੰਮਲ ਹੋ ਜਾਵੇਗੀ)।