ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦਾ ਕੋਈ ਵੀ ਸ਼ੱਕੀ ਮਰੀਜ਼ ਨਹੀਂ-ਬੱਗਾ


-ਨੋਵਲ ਕੋਰੋਨਾ ਵਾਇਰਸ (ਕੋਵਿਡ-19)
ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਸੂਚੀ ਪੀੜਤ ਮਰੀਜ਼ਾਂ ਦੀ ਨਹੀਂ-ਸਿਵਲ ਸਰਜਨ-ਲੋਕ ਅਫ਼ਵਾਹਾਂ ਨਾ ਫੈਲਾਉਣ
ਲੁਧਿਆਣਾ, 13 ਮਾਰਚ ( ਨਿਊਜ਼ ਪੰਜਾਬ )-ਵਿਸ਼ਵ ਭਰ ਵਿੱਚ ਫੈਲੀ ਕੋਰੋਨਾ ਵਾਇਰਸ (ਕੋਵਿਡ-19) ਬਿਮਾਰੀ ਦੇ ਚੱਲਦਿਆਂ ਕਈ ਤਰ੍ਹਾਂ ਦੀਆਂਅਫ਼ਵਾਹਾਂ ਵੀ ਫੈਲਣ ਲੱਗੀਆਂ ਹਨ। ਇੱਕ ਇਸੇ ਤਰ੍ਹਾਂ ਦੀ ਅਫ਼ਵਾਹ ਅੱਜ ਜਿਲ੍ਹਾ ਲੁਧਿਆਣਾ ਦੇ ਲੋਕਾਂ ਵਿੱਚ ਫੈਲ ਗਈ, ਜਿਸ ਦਾ ਸਿਹਤ ਵਿਭਾਗ ਅਤੇ ਜਿਲ੍ਹਾ ਪ੍ਰਸਾਸ਼ਨ ਨੇ ਖੰਡਨ ਕੀਤਾ ਹੈ। ਇਸ ਸੰਬੰਧੀ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਸਪੱਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ‘ਤੇ ਜ਼ਿਲ•ਾ ਲੁਧਿਆਣਾ ਨਾਲ ਸੰਬੰਧਤ 7 ਵਿਅਕਤੀਆਂ ਦੀ ਸੂਚੀ ਜੋ ਵਾਇਰਲ ਹੋਈ ਹੈ, ਉਹ ਸ਼ੱਕੀ ਜਾਂ ਪੀੜਤ ਮਰੀਜ਼ ਨਹੀਂ ਹਨ।
ਉਨ੍ਹਾਂ  ਕਿਹਾ ਕਿ ਜਿਲ੍ਹਾ ਲੁਧਿਆਣਾ ਵਿੱਚ ਹਾਲੇ ਤੱਕ ਕੋਈ ਵੀ ਸ਼ੱਕੀ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਸਿਹਤ ਵਿਭਾਗ ਵੱਲੋਂ  ਉਨ੍ਹਾਂ ਸਾਰੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ, ਜੋ ਪ੍ਰਭਾਵਿਤ ਦੇਸ਼ਾਂ ਤੋਂ ਜਿਲ੍ਹਾ  ਲੁਧਿਆਣਾ ਵਿੱਚ ਪਿਛਲੇ ਦਿਨਾਂ ਦੌਰਾਨ ਆਏ ਹਨ। ਸਿਹਤ ਵਿਭਾਗ ਵੱਲੋਂ ਸੂਚੀ ਵਿੱਚ ਦਰਜ ਵਿਅਕਤੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਨ੍ਹਾਂ  ਨਾਲ ਰਾਬਤਾ ਕਾਇਮ ਨਹੀਂ ਹੋ ਸਕਿਆ ਸੀ। ਜਿਸ ਲਈ ਇਨ੍ਹਾਂ ਵਿਅਕਤੀਆਂ ਨਾਲ ਰਾਬਤਾ ਕਰਨ ਲਈ ਪੁਲਿਸ ਕਮਿਸ਼ਨਰੇਟ ਲੁਧਿਆਣਾ ਨੂੰ ਲਿਖਿਆ ਗਿਆ ਸੀ। ਪੁਲਿਸ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ  ਵਿਅਕਤੀਆਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ  ਨੂੰ ਹਦਾਇਤ ਕੀਤੀ ਜਾਵੇ ਕਿ ਉਹ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਵਿੱਚ ਜਾ ਕੇ ਆਪਣੀ ਜਾਂਚ ਕਰਾਉਣ। ਇਹ ਵਿਅਕਤੀਆਂ ਦੇ ਸ਼ੱਕੀ ਮਰੀਜ਼ ਜਾਂ ਪੀੜਤ ਹੋਣ ਦਾ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ।
ਡਾ. ਬੱਗਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਮਨਘੜਤ ਅਫ਼ਵਾਹਾਂ ‘ਤੇ ਯਕੀਨ ਨਾ ਕਰਨ ਅਤੇ ਨਾ ਹੀ ਅਜਿਹੀਆਂ ਪੋਸਟਾਂ ਨੂੰ ਅੱਗੇ ਫਾਰਵਰਡ ਕਰਨ। ਜਿਲ੍ਹਾ  ਲੁਧਿਆਣਾ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ |