ਸ੍ਰੀ ਵਿਨੋਦ ਕੁਮਾਰ ਵੱਲੋਂ ਕਾਫ਼ੀ ਟੇਬਲ ਬੁੱਕ ਰਿਲੀਜ਼
ਨਿਊਜ਼ ਪੰਜਾਬ
ਚੰਡੀਗੜ੍ਹ, 17 ਦਸੰਬਰ:
ਪੰਜਾਬ ਰਾਜ ਦੇ ਲੋਕਪਾਲ ਸ੍ਰੀ ਵਿਨੋਦ ਕੁਮਾਰ ਵੱਲੋਂ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਸ੍ਰੀ ਹਰਪ੍ਰੀਤ ਸੰਧੂ ਵੱਲੋਂ ਲਿਖੀ ਕਾਫ਼ੀ ਟੇਬਲ ਬੁੱਕ ‘ਕੰਪੇਰੇਟਿਵ ਸਟੱਡੀ ਆਫ਼ ਲੀਗਲ ਸਿਸਟਮ ਆਫ਼ ਸਿੰਗਾਪੁਰ ਐਂਡ ਇੰਡੀਆ’ ਰਿਲੀਜ਼ ਕੀਤੀ ਗਈ।
ਇਹ ਕਿਤਾਬ ਭਾਰਤ ਅਤੇ ਸਿੰਗਾਪੁਰ ਦੇ ਕਾਨੂੰਨੀ ਪ੍ਰਣਾਲੀ ‘ਤੇ ਤੁਲਨਾਤਮਕ ਅਧਿਐਨ ਰਾਹੀਂ ਝਾਤ ਪਾਉਂਦੀ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਤਸਵੀਰਾਂ ਰਾਹੀਂ ਵੀ ਜਾਣਕਾਰੀ ਦਿੱਤੀ ਗਈ ਹੈ।
ਇਸ ਮੌਕੇ ਬੋਲਦਿਆਂ ਪੰਜਾਬ ਰਾਜ ਦੇ ਲੋਕਪਾਲ ਸ੍ਰੀ ਵਿਨੋਦ ਕੁਮਾਰ ਨੇ ਸ੍ਰੀ ਹਰਪ੍ਰੀਤ ਸੰਧੂ ਨੂੰ ਇਸ ਕਾਰਜ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹਨਾਂ ਵੱਲੋਂ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ, ਜਿਸ ਦਾ ਲਾਭ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਅਤੇ ਕਾਨੂੰਨ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਹੋਵੇਗਾ। ਉਹਨਾਂ ਕਿਹਾ ਕਿ ਇਸ ਕਿਤਾਬ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਤਾਬ ਭਾਸ਼ਾਈ ਬੰਧਜ ਤੋਂ ਮੁਕਤ ਹੈ ਅਤੇ ਇੱਕ ਸਾਧਾਰਣ ਵਿਅਕਤੀ ਤਸਵੀਰਾਂ ਜ਼ਰੀਏ ਇਸ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ।