ਪੋਸ਼ਕ ਆਹਾਰ ਬਾਰੇ ਜਾਗਰੂਕਤਾ ਵੱਲ ਤਵੱਜੋਂ ਦਿੱਤੀ ਜਾਵੇ-ਗੀਤਿਕਾ ਸਿੰਘ
ਪੋਸ਼ਣ ਪੰਦਰਵਾੜਾ ਅਧੀਨ ਗਤੀਵਿਧੀਆਂ ਦੀ ਪ੍ਰਗਤੀ ਦਾ ਜਾਇਜ਼ਾ
ਲੁਧਿਆਣਾ, 13 ਮਾਰਚ (ਰਾਜਿੰਦਰ ਸਿੰਘ – ਨਿਊਜ਼ ਪੰਜਾਬ )-ਪੰਜਾਬ ਸਰਕਾਰ ਔਰਤਾਂ ਦੇ ਸ਼ਸਕਤੀਕਰਨ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਵਚਨਬੱਧ ਹੈ ਅਤੇ ‘ਪੋਸ਼ਣ ਅਭਿਆਨ’ ਤਹਿਤ ਜਿਲ੍ਹਾ ਲੁਧਿਆਣਾ ਦੇ 0 ਤੋ 6 ਸਾਲ ਦੇ ਬੱਚਿਆਂ, ਕਿਸ਼ੋਰੀਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਊ ਮਾਵਾਂ ਦੀ ਪੋਸ਼ਕ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜਿਲ੍ਹਾ ਲੁਧਿਆਣਾ ਵਿੱਚ ਸ਼ੁਰੂ ਹੋਇਆ ਪੋਸ਼ਣ ਪੰਦਰਵਾੜਾ ਜੋ ਕਿ 22 ਮਾਰਚ ਤੱਕ ਮਨਾਇਆ ਜਾ ਰਿਹਾ ਹੈ, ਅਧੀਨ ਵੱਖ ਵੱਖ ਗਤੀਵਿਧੀਆਂ ਜਾਰੀ ਹਨ। ਇਨ੍ਹਾਂ ਗਤੀਵਿਧੀਆਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਐੱਸ. ਡੀ. ਐੱਮ. ਸਮਰਾਲਾ-ਕਮ-ਨੋਡਲ ਅਫ਼ਸਰ ਸ੍ਰੀਮਤੀ ਗੀਤਿਕਾ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਸਥਾਨਕ ਬਚਤ ਭਵਨ ਵਿਖੇ ਕੀਤੀ ਗਈ।
ਮੀਟਿੰਗ ਦੌਰਾਨ ਸ੍ਰੀਮਤੀ ਗੀਤਿਕਾ ਸਿੰਘ ਨੇ ਕਿਹਾ ਕਿ ਭਾਰਤ ਦੇ ਬੱਚਿਆਂ, ਕਿਸ਼ੋਰਾਂ ਅਤੇ ਮਹਿਲਾਵਾਂ ਨੂੰ ਕੁਪੋਸ਼ਣ ਮੁਕਤ, ਸਿਹਤਮੰਦ ਅਤੇ ਮਜ਼ਬੂਤ ਬਣਾਉਣ ਦਾ ਪ੍ਰਣ ਕੀਤਾ ਅਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਬਾਲ ਵਿਕਾਸ ਅਤੇ ਸੁਰੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਵਿਸ਼ਵ ਭਰ ਵਿੱਚ ਚੱਲ ਰਹੇ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਚੱਲਦਿਆਂ ਘਰ-ਘਰ ਜਾ ਕੇ ਪਰਿਵਾਰਾਂ ਨੂੰ ਜਾਗਰੂਕ ਕੀਤਾ ਜਾਵੇ। ਵੱਡੀ ਇਕੱਤਰਤਾ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਰੋਜ਼ਾਨਾ ਰਿਪੋਰਟ ਭੇਜਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਅਭਿਆਨ ਵਿੱਚ ਮਰਦਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਅਤੇ ਪੋਸ਼ਕ ਆਹਾਰ ਬਾਰੇ ਜਾਗਰੂਕਤਾ ਫੈਲਾਉਣ ‘ਤੇ ਤਵੱਜੋਂ ਦਿੱਤੀ ਜਾਵੇ।