ਪੰਜਾਬ ਨੇ 729 ਕੋਲਡ ਚੇਨ ਪੁਆਇੰਟਾਂ ਨਾਲ ਕੋਵਿਡ ਟੀਕਾਕਰਨ ਦੀ ਸ਼ੁਰੂਆਤ ਲਈ ਤਿਆਰੀਆਂ ਖਿੱਚੀਆਂ
ਨਿਊਜ਼ ਪੰਜਾਬ
ਚੰਡੀਗੜ, 11 ਦਸੰਬਰ :
ਸੂਬੇ ਦੇ 729 ਕੋਲਡ ਚੇਨ ਪੁਆਇੰਟਾਂ ਨਾਲ ਕੋਵਿਡ ਵੈਕਸੀਨ ਦੀ ਸ਼ੁਰੂਆਤ ਲਈ ਪੂਰੀ ਤਰਾਂ ਤਿਆਰ ਹੋਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿਹਤ ਵਿਭਾਗ ਨੂੰ ਕੋਵਿਡ ਵੈਕਸੀਨ ਦੀ ਵਰਤੋਂ ਲਈ ਸੂਬੇ ਦੀ ਰਣਨੀਤੀ ਵਿਚ ਦੂਜੇ ਸੀਰੋ ਸਰਵੇਖਣ ਦੇ ਨਤੀਜੇ ਸਾਮਲ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਉੱਚ-ਜੋਖਮ ਵਾਲੀ ਆਬਾਦੀ ਨੂੰ ਤਰਜੀਹੀ ਆਧਾਰ ’ਤੇ ਕਵਰ ਕੀਤਾ ਜਾ ਸਕੇ।
ਸੂਬੇ ਵਿਚ ਕੋਵਿਡ ਸਥਿਤੀ ਦੀ ਸਮੀਖਿਆ ਲਈ ਇਕ ਉੱਚ ਪੱਧਰੀ ਵਰਚੁਅਲ ਮੀਟਿੰਗ ਵਿਚ ਮੁੱਖ ਮੰਤਰੀ ਨੇ ਤਰਜੀਹੀ ਆਧਾਰ ’ਤੇ ਤਿਆਰ ਸੂਚੀਆਂ ਦੇ ਡਾਟਾਬੇਸ; ਕੋਲਡ ਚੇਨ ਪ੍ਰਬੰਧਨ ਲਈ ਬੁਨਿਆਦੀ ਢਾਂਚੇ; ਟੀਕਾਕਰਨ ਕਰਨ ਵਾਲਿਆਂ ਦੀ ਪਛਾਣ ਅਤੇ ਸਿਖਲਾਈ, ਆਦਿ ਦੇ ਰੂਪ ਵਿੱਚ ਵੈਕਸੀਨ ਦੀ ਸ਼ੁਰੂਆਤ ਲਈ ਸੂਬੇ ਦੀਆਂ ਤਿਆਰੀਆਂ ਦਾ ਜ਼ਿਕਰ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਟੀਕਾਕਰਨ ਅਤੇ ਟੀਕਾਕਰਨ ਵਾਲੀ ਥਾਂ ਦੀ ਸੁਰੱਖਿਆ ਤੋਂ ਇਲਾਵਾ, ਸਹੀ ਤੇ ਸਮੇਂ ਸਿਰ ਜਾਣਕਾਰੀ ਦਾ ਆਦਾਨ-ਪ੍ਰਦਾਨ ਵੈਕਸੀਨ ਦੀ ਸਫ਼ਲ ਵਰਤੋਂ ਲਈ ਮਹੱਤਵਪੂਰਨ ਹਨ, ਜਿਸਦੇ ਭਾਰਤ ਵਿਚ ਜਲਦੀ ਉਪਲਬਧ ਹੋਣ ਦੀ ਉਮੀਦ ਹੈ।
ਪੰਜਾਬ ਵਿੱਚ ਵੈਕਸੀਨ ਦੀ ਵੰਡ ਲਈ ਇੱਕ ਸੂਬਾ-ਪੱਧਰੀ ਵੈਕਸੀਨ ਸਟੋਰ, 22 ਜ਼ਿਲਾ ਪੱਧਰੀ ਵੈਕਸੀਨ ਸਟੋਰ ਅਤੇ 127 ਬਲਾਕ ਪੱਧਰੀ ਵੈਕਸੀਨ ਸਟੋਰ ਤਿਆਰ ਕੀਤੇ ਜਾ ਰਹੇ ਹਨ ਜਿਨਾਂ ਦੇ 570 ਕੋਲਡ ਚੇਨ ਪੁਆਇੰਟ ਹੋਣਗੇ। ਫਿਰੋਜ਼ਪੁਰ ਵਿਖੇ ਇਕ ਵਾਕ-ਇਨ ਫ੍ਰੀਜ਼ਰ ਤੋਂ ਇਲਾਵਾ, ਭਾਰਤ ਸਰਕਾਰ ਨੇ ਚੰਡੀਗੜ ਵਿਚ ਇਕ ਅਜਿਹਾ ਹੋਰ ਵਾਕ-ਇਨ ਫ੍ਰੀਜ਼ਰ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸੂਬੇ ਕੋਲ ਅੰਮਿ੍ਰਤਸਰ, ਹਸ਼ਿਆਰਪੁਰ ਅਤੇ ਫਿਰੋਜਪੁਰ ਵਿਚ ਇੱਕ-ਇੱਕ ਵਾਕ-ਇਨ ਕੂਲਰ ਹੋਵੇਗਾ ਅਤੇ ਕੇਂਦਰ ਤੋਂ ਹੋਰ ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਸੂਬੇ ਕੋਲ 1165 ਆਈਸ ਲਾਈਨਡ ਰੈਫਰੀਜ੍ਰੇਟਰ ਅਤੇ 1079 ਡੀਪ ਫ੍ਰੀਜਰ ਵੀ ਹਨ।
ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਹਿਲੇ ਪੜਾਅ ਦੇ ਟੀਕਾਕਰਨ ਲਈ ਸੂਬਾ ਸਰਕਾਰ ਵੱਲੋਂ ਤਕਰੀਬਨ 1.25 ਲੱਖ ਹੈਲਥ ਕੇਅਰ ਵਰਕਰਾਂ (ਸਰਕਾਰੀ ਅਤੇ ਨਿੱਜੀ) ਦਾ ਡਾਟਾ ਤਿਆਰ ਕੀਤਾ ਗਿਆ ਹੈ।
ਸੂਬੇ ਵਿੱਚ ਵੈਕਸੀਨ ਦੀ ਵੰਡ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਚੁੱਕੇ ਜਾ ਰਹੇ ਹੋਰ ਕਦਮਾਂ ਵਿੱਚ ਟੀਕਾਕਰਨ ਕਰਨ ਵਾਲਿਆਂ ਦੀ ਮੈਪਿੰਗ, ਜ਼ਿਲਿਆਂ ਵਿੱਚ ਡਿਜੀਟਲ ਪਲੇਟਫਾਰਮ ਸਿਖਲਾਈ, ਵੈਕਸੀਨ ਇਨਵੈਂਟਰੀ ਮੈਨੇਜਮੈਂਟ ਅਤੇ ਵੱਖ ਵੱਖ ਪੱਧਰਾਂ ’ਤੇ ਤਾਲਮੇਲ ਲਈ ਸਿਖਲਾਈ ਪ੍ਰਾਪਤ ਕਰਮਚਾਰੀ ਸ਼ਾਮਲ ਹਨ।