ਪੰਜਾਬ ਸਰਕਾਰ ਵੱਲੋਂ ਪ੍ਰੋ: ਗੁਰਦਿਆਲ ਸਿੰਘ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ ਨੂੰ ਸਮਰਪਿਤ ਰਾਜ ਪੱਧਰੀ ਅਵਾਰਡ ਦੀ ਸਥਾਪਨਾ: ਤਿ੍ਰਪਤ ਬਾਜਵਾ

ਨਿਊਜ਼ ਪੰਜਾਬ
ਪੁਰਸਕਾਰ ਲਈ ਲੇਖਕ 01 ਜਨਵਰੀ 2020 ਤੋਂ 31 ਦਸੰਬਰ 2020 ਤੱਕ ਤਿਆਰ ਕੀਤੀਆਂ ਪੁਸਤਕਾਂ ਭਾਸ਼ਾ ਵਿਭਾਗ, ਪੰਜਾਬ ਨੂੰ 30 ਅਪ੍ਰੈਲ 2021 ਤੱਕ ਭੇਜ ਸਕਦੇ ਹਨ ।
ਚੰਡੀਗੜ, ਦਸੰਬਰ 4: ਪੰਜਾਬ ਸਰਕਾਰ ਵੱਲੋਂ ਪ੍ਰੋ: ਗੁਰਦਿਆਲ ਸਿੰਘ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ ਨੂੰ ਸਮਰਪਿਤ ਰਾਜ ਪੱਧਰੀ ਅਵਾਰਡ ਦੀ ਸਥਾਪਨਾ ਕੀਤੀ ਗਈ ਹੈ।ਇਸ ਸਬੰਧੀ ਇੱਥੋਂ ਜਾਰੀ ਬਿਆਨ ਵਿਚ ਉੱਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪ੍ਰੋ: ਗੁਰਦਿਆਲ ਸਿੰਘ ਦੇ ਨਾਮ ‘ਤੇ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ (ਅਨੁਵਾਦ) ਦੀ ਸਥਾਪਨਾ ਕੀਤੀ ਗਈ ਹੈ।
ਸ੍ਰੀ ਤਿ੍ਰਪਤ ਬਾਜਵਾ ਨੇ ਦੱਸਿਆ ਕਿ ਸਾਲ 2017 ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਸਵਰਗੀ ਪ੍ਰੋ. ਗੁਰਦਿਆਲ ਸਿੰਘ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ ਨੂੰ ਸਮਰਪਿਤ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ( ਅਨੁਵਾਦ ) ਦੀ ਸਥਾਪਨਾ ਕਰਨ ਸਬੰਧੀ ਫੈਸਲਾ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਪ੍ਰੋ :ਗੁਰਦਿਆਲ ਸਿੰਘ ਪੰਜਾਬੀ ਸਾਹਿਤ ਦੀ ਨਾਮਵਾਰ ਸ਼ਖਸੀਅਤ ਹਨ ਜੋ ਕਿਸੇ ਵੀ ਜਾਣ-ਪਛਾਣ ਦੇ ਮੁਹਤਾਜ ਨਹੀਂ ਹਨ । ਉਨਾਂ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਪੰਜਾਬੀ ਸਾਹਿਤ ਪੁਰਸਕਾਰ, ਪੰਜਾਬੀ ਸਾਹਿਤ ਰਤਨ ਪੁਰਸਕਾਰ ਦੇ ਨਾਲ ਨਾਲ ਭਾਰਤ ਸਰਕਾਰ ਦੇ ਗਿਆਨਪੀਠ ਐਵਾਰਡ ਨਾਲ ਨਿਵਾਜਿਆ ਜਾ ਚੁੱਕਾ ਹੈ।
ਸ੍ਰੀ ਤਿ੍ਰਪਤ ਬਾਜਵਾ ਨੇ ਕਿਹਾ ਕਿ ਪ੍ਰੋ. ਗੁਰਦਿਆਲ ਸਿੰਘ  ਦੇ ਨਾਮ ’ਤੇ ਪੰਜਾਬ ਸਰਕਾਰ ਵਲੋਂ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਸਥਾਪਤ ਕਰਨਾ ਪੰਜਾਬੀ ਜਗਤ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਇਹ ਪੁਰਸਕਾਰ ਸਾਲ 2021 ਤੋਂ ਹਰ ਸਾਲ ਪੰਜਾਬੀ ਵਿਚ ਅਨੁਵਾਦਤ ਸਰਵੋਤਮ ਪੁਸਤਕ ਲਿਖਣ ਵਾਲੇ ਲੇਖਕ ਨੂੰ ਦਿੱਤਾ ਜਾਵੇਗਾ, ਜਿਸ ਵਿਚ 21,000 ਰੁਪਏ ਦੀ ਰਾਸ਼ੀ, ਪਲੇਕ ਅਤੇ ਸ਼ਾਲ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਪੁਰਸਕਾਰ ਲਈ ਲੇਖਕ 01 ਜਨਵਰੀ 2020 ਤੋਂ 31 ਦਸੰਬਰ 2020 ਤੱਕ ਤਿਆਰ ਕੀਤੀਆਂ ਪੁਸਤਕਾਂ ਭਾਸ਼ਾ ਵਿਭਾਗ , ਪੰਜਾਬ ਨੂੰ 30 ਅਪ੍ਰੈਲ 2021 ਤੱਕ ਭੇਜ ਸਕਦੇ ਹਨ ।