ਪੰਜਾਬ ਸਰਕਾਰ 1377 ਹੋਰ ਸਕੂਲਾਂ ਨੂੰ ਕਰੇਗੀ ਸਮਾਰਟ ਸਕੂਲਾਂ ਵਿੱਚ ਤਬਦੀਲ: ਵਿਜੈ ਇੰਦਰ ਸਿੰਗਲਾ

ਇਨਾਂ ਸਕੂਲਾਂ ਦੀ ਡਿਜੀਟਾਈਜੇਸ਼ਨ ’ਤੇ  ਖਰਚੇ ਜਾਣਗੇ 357.34 ਕਰੋੜ ਰੁਪਏ: ਸਿੱਖਿਆ ਮੰਤਰੀ
ਚੰਡੀਗੜ, 2 ਦਸੰਬਰ:
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਬੁੱਧਵਾਰ ਨੂੰ ਕਿਹਾ ਕਿ ਜਲਦੀ ਪੰਜਾਬ ਸਰਕਾਰ 1377 ਹੋਰ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਜਾ ਰਹੀ ਹੈ ਅਤੇ ਇਨਾਂ ਸਕੂਲਾਂ ਦੀ ਡਿਜੀਟਾਈਜੇਸ਼ਨ ’ਤੇ 357.34 ਕਰੋੜ ਰੁਪਏ ਖਰਚੇ ਜਾਣਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਣ ਤੱਕ 7,823 ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਨਿਰੰਤਰ ਸੁਧਾਰ ਕਰਕੇ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ। ਉਨਾਂ ਅੱਗੇ ਕਿਹਾ ਕਿ ਪੰਜਾਬ ਦੇ ਕੁੱਲ 19130 ਸਰਕਾਰੀ ਸਕੂਲਾਂ ਵਿੱਚੋਂ 41 ਫੀਸਦੀ ਸਕੂਲ ਪਹਿਲਾਂ ਹੀ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ ਅਤੇ ਉਨਾਂ ਦੀ ਸਰਕਾਰ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਵਿੱਚ ਸਾਰੇ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਦਾ ਟੀਚਾ ਮਿੱਥਿਆ ਹੈ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਕੁੱਲ 1377 ਸਕੂਲਾਂ ਵਿੱਚੋਂ 817 ਪੇਂਡੂ ਖੇਤਰਾਂ ਅਤੇ 560 ਰਾਜ ਦੇ ਸ਼ਹਿਰੀ ਖੇਤਰਾਂ ਨਾਲ ਸਬੰਧਤ ਹਨ, ਜਿੱਥੇ ਸਿੱਖਿਆ ਵਿਭਾਗ ਨੇ ਕ੍ਰਮਵਾਰ 209.77 ਕਰੋੜ ਰੁਪਏ ਅਤੇ 147.56 ਕਰੋੜ ਰੁਪਏ ਖਰਚਣ ਦੀ ਯੋਜਨਾ ਬਣਾਈ ਹੈ। ਉਨਾਂ ਦੱਸਿਆ ਕਿ ਇਨਾਂ ਸਕੂਲਾਂ ਵਿੱਚੋਂ 605 ਪ੍ਰਾਇਮਰੀ ਸਕੂਲ, 80 ਮਿਡਲ, 159 ਹਾਈ ਸਕੂਲ ਅਤੇ ਬਾਕੀ 533 ਸੀਨੀਅਰ ਸੈਕੰਡਰੀ ਸਕੂਲ ਹਨ। ਉਨਾਂ ਕਿਹਾ ਕਿ ਇਨਾਂ 1377 ਸਕੂਲਾਂ ਦੀ ਨਵੀਨੀਕਰਨ ਪ੍ਰਕਿਰਿਆ ਇਸ ਵਿੱਤੀ ਸਾਲ ਦੇ ਅੰਦਰ ਮੁਕੰਮਲ ਕਰ ਲਈ ਜਾਵੇਗੀ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਅਪਗ੍ਰੇਡੇਸ਼ਨ ਪ੍ਰਕਿਰਿਆ ਦੌਰਾਨ ਇਨਾਂ ਸਕੂਲਾਂ ਵਿੱਚ ਵਾਧੂ ਕਲਾਸਰੂਮ, ਸੰਗਠਿਤ ਸਾਇੰਸ ਲੈਬਾਂ, ਲਾਇਬ੍ਰੇਰੀਆਂ, ਡਿਊਲ ਡੈਸਕ, ਮੁੰਡਿਆਂ ਅਤੇ ਕੁੜੀਆਂ ਲਈ ਵੱਖਰੇ-ਵੱਖਰੇ ਪਖਾਨੇ, ਪੀਣ ਯੋਗ ਪਾਣੀ ਦੀ ਸੁਵਿਧਾ, ਉੱਚੀਆਂ ਚਾਰਦਿਵਾਰੀਆਂ, ਗਰੀਨ ਬੋਰਡ, ਪ੍ਰੋਜੈਕਟਰਾਂ, ਮਿਡ-ਡੇਅ-ਮੀਲ ਲਈ ਖਾਣਾ ਖਾਣ ਵਾਲੀ ਥਾਂ ਅਤੇ ਕਲਰ ਕੋਡਿੰਗ ਵਰਗੀਆਂ ਸਹੂਲਤਾਂ ਦੀ ਵਿਵਸਥਾ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਨਾਂ ਸਕੂਲਾਂ ਲਈ ਲੋੜੀਂਦੇ ਕੰਮਾਂ ਲਈ ਵਿਸ਼ੇਸ਼ ਮੁਰੰਮਤ ਅਤੇ ਰੱਖ-ਰਖਾਅ ਦਾ ਬਜਟ ਵੀ ਰੱਖਿਆ ਜਾਵੇਗਾ।
ਕੈਬਨਿਟ ਮੰਤਰੀ ਨੇ ਕਾਰਪੋਰੇਟ ਕੰਪਨੀਆਂ, ਐਨ.ਜੀ.ਓਜ਼, ਕਮਿਊਨਿਟੀ ਲੀਡਰਾਂ, ਪੰਚਾਇਤਾਂ, ਸੁਹਿਰਦ ਵਿਅਕਤੀਆਂ ਅਤੇ ਸਕੂਲ ਸਟਾਫ ਨੂੰ ਵੀ ਅਪੀਲ ਕੀਤੀ ਕਿ ਉਹ ਸਕੂਲਾਂ ਦੇ ਡਿਜੀਟਾਈਜੇਸ਼ਨ ਦੇ ਇਸ ਨੇਕ ਕਾਰਜ ਲਈ ਯੋਗਦਾਨ ਪਾਉਣ ਅਤੇ ਅਗਲੀਆਂ ਪੀੜੀਆਂ ਦੇ ਚੰਗੇਰੇ ਭਵਿੱਖ ਲਈ ਖੁੱਲੇ ਦਿਲ ਨਾਲ ਦਾਨ ਕਰਨ। ਉਨਾਂ ਅੱਗੇ ਕਿਹਾ ਕਿ ਰਾਜ ਸਰਕਾਰ, ਅਧਿਆਪਕਾਂ ਦੁਆਰਾ ਤਿਆਰ ਕੀਤੀਆਂ ਵੀਡੀਓਜ਼, ਖ਼ਾਨ ਅਕੈਡਮੀ ਦੇ ਲੈਕਚਰਾਂ ਤੇ ਟੈਲੀਵਿਜ਼ਨ ਰਾਹੀਂ ਈ-ਬੁੱਕਸ, ਐਜੂਸੈਟ ਲੈਕਚਰ, ਈ-ਕੰਟੈਂਟ ਅਤੇ ਆਨਲਾਈਨ ਕਲਾਸਾਂ ਜ਼ਰੀਏ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਸਿੱਖਿਆ ਦੇ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ।
ਸ੍ਰੀ ਸਿੰਗਲਾ ਨੇ ਕਿਹਾ ਕਿ ਉਨਾਂ ਦੀ ਸਰਕਾਰ ਦੇ ਯਤਨਾਂ ਸਦਕਾ 2017 ਤੋਂ ਸਰਕਾਰੀ ਸਕੂਲਾਂ ਵਿੱਚ ਨਤੀਜਿਆਂ ਵਿੱਚ ਨਿਰੰਤਰ ਸੁਧਾਰ ਆਇਆ ਹੈ ਅਤੇ ਦਾਖਲੇ ਵਧੇ ਹਨ। ਸਕੂਲਾਂ ਦਾ ਡਿਜੀਟਲੀਕਰਨ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਿੱਚ ਸਹਾਇਤਾ ਕਰੇਗਾ। ਉਨਾਂ ਕੋਵਿਡ-19 ਮਹਾਂਮਾਰੀ ਦੌਰਾਨ ਵਿਸ਼ੇਸ਼ ਤੌਰ ’ਤੇ ਦਿੱਤੇ ਯੋਗਦਾਨ ਲਈ ਸਕੂਲ ਦੇ ਅਧਿਆਪਕਾਂ ਅਤੇ ਹੋਰ ਸਟਾਫ਼ ਦਾ ਧੰਨਵਾਦ ਕੀਤਾ ਕਿਉਂਕਿ ਉਨਾਂ ਆਨਲਾਈਨ ਸਿੱਖਿਆ, ਮਿਡ-ਡੇਅ ਮੀਲ  ਅਤੇ ਵਿਦਿਆਰਥੀਆਂ ਨੂੰ ਉਨਾਂ ਦੇ ਘਰ ਜਾ ਕੇ ਕਿਤਾਬਾਂ ਵੰਡਣ ਨੂੰ ਯਕੀਨੀ ਬਣਾਇਆ।