ਭਾਜਪਾ ਦੀ ਭਾਈਵਾਲ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਨੇ ਖੇਤੀ ਕਾਨੂੰਨ ਨਾ ਲੈਣ ਦੀ ਸੂਰਤ ਚ ਨਾਤਾ ਤੋੜਨ ਦੀ ਦਿੱਤੀ ਧਮਕੀ

ਰਜਿੰਦਰ ਸਿੰਘ ਜੌੜਾ

ਨਵੀਂ ਦਿੱਲੀ 30 ਨਵੰਬਰ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਦਾ ਜਿੱਥੇ  ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਹੁਣ ਐਨਡੀਏ ਦੀ ਭਾਈਵਾਲ ਰਾਸ਼ਟਰੀ ਲੋਕਤੰਤਰਿਕ ਪਾਰਟੀ (ਆਰਐਲਪੀ) ਨੇ ਵੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ।
ਆਰਐਲਪੀ ਦੇ ਕਨਵੀਨਰ ਅਤੇ ਸਾਂਸਦ ਹਨੂੰਮਾਨ ਬੈਨੀਵਾਲ ਨੇ ਗ੍ਰਹਿ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਜੇਕਰ ਉਨ੍ਹਾਂ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਐਨਡੀਏ ਦਾ ਸਾਥ ਛੱਡ ਦਿੱਤਾ ਜਾਵੇਗਾ। ਆਰਐਲਪੀ ਨੇ ਕਿਹਾ ਹੈ ਕਿ ਜੇਕਰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਐਨਡੀਏ ਦਾ ਸਹਿਯੋਗੀ ਦਲ ਬਣੇ ਰਹਿਣ ‘ਤੇ ਮੁੜ ਵਿਚਾਰ ਕਰੇਗੀ।
ਆਰਐਲਪੀ ਦੇ ਕਨਵੀਨਰ ਤੇ ਰਾਜਸਥਾਨ ਦੇ ਨਗੌਰ ਲੋਕ ਸਭਾ ਹਲਕੇ ਤੋਂ ਸਾਂਸਦ ਹਨੂੰਮਾਨ ਬੈਨੀਵਾਲ ਨੇ ਅੱਜ ਇਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਨੂੰ ਸੰਬੋਧਨ ਹੁੰਦਿਆਂ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ ਹੈ, ”ਅਮਿਤ ਸ਼ਾਹ ਜੀ, ਦੇਸ਼ ‘ਚ ਚੱਲ ਰਹੇ ਕਿਸਾਨ ਅੰਦੋਲਨ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਹਾਲ ਹੀ ਵਿੱਚ ਖੇਤੀ ਨਾਲ ਸਬੰਧਤ ਲਿਆਂਦੇ ਗਏ ਤਿੰਨਾਂ ਕਾਨੂੰਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਾਰੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇ ਤੇ ਕਿਸਾਨਾਂ ਨੂੰ ਦਿੱਲੀ ਵਿੱਚ ਤੁਰੰਤ ਗੱਲਬਾਤ ਲਈ ਉਨ੍ਹਾਂ ਦੀ ਮਨਸ਼ਾ ਦੇ ਅਨੁਸਾਰ ਢੁੱਕਵੀਂ ਥਾਂ ਦਿੱਤੀ ਜਾਵੇ।” ਬੈਨੀਵਾਲ ਨੇ ਅੱਗੇ ਲਿਖਿਆ, ”ਭਾਵੇਂ ਕਿ  ਆਰਐਲਪੀ ਐਨਡੀਏ ਦੀ ਭਾਈਵਾਲ ਪਾਰਟੀ ਹੈ, ਪਰੰਤੂ ਇਸ ਦੀ ਤਾਕਤ ਕਿਸਾਨ ਤੇ ਜਵਾਨ ਹੈ, ਇਸ ਲਈ ਜੇਕਰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਸਾਨੂੰ ਕਿਸਾਨਾਂ ਦੇ ਹਿੱਤ ਵਿੱਚ ਐਨਡੀਏ ਦਾ ਭਾਈਵਾਲ ਬਣੇ ਰਹਿਣ ਦੇ ਵਿਸ਼ੇ ‘ਤੇ ਮੁੜ ਵਿਚਾਰ ਕਰਨਾ ਪਵੇਗਾ।
ਦੱਸਣਾ ਬਣਦਾ ਹੈ ਕਿ ਆਰਐਲਪੀ ਤੇ ਭਾਜਪਾ ਨੇ ਪਿਛਲੀਆਂ  ਲੋਕ ਚੋਣਾਂ ਗੱਠਜੋੜ ਕਰਕੇ ਲੜੀਆਂ ਸਨ, ਭਾਜਪਾ ਨੇ ਸੂਬੇ ਵਿੱਚ 25 ‘ਚੋਂ 1 ਸੀਟ ਆਰਐਲਪੀ ਨੂੰ ਦਿੱਤੀ ਸੀ, ਜਿੱਥੋਂ ਬੈਨੀਵਾਲ ਸਾਂਸਦ ਚੁਣੇ ਗਏ। ਵਿਧਾਨ ਸਭਾ ਵਿੱਚ ਵੀ ਆਰਐਲਪੀ ਦੇ ਤਿੰਨ ਵਿਧਾਇਕ ਹਨ।