ਕਰੋਨਾ ਦਾ ਵੱਧ ਰਿਹਾ ਕਹਿਰ, ਲੁਧਿਆਣਾ ਚ ਅੱਜ 116 ਨਵੇਂ ਕੇਸ, 7 ਮੌਤਾਂ

ਲੁਧਿਆਣਾ, 24 ਨਵੰਬਰ (ਨਿਊਜ਼ ਪੰਜਾਬ)

ਪੰਜਾਬ ਦੇ ਲੁਧਿਆਣਾ ‘ਚ ਕੋਰੋਨਾ ਦੀ ਦੂਜੀ ਲਹਿਰ ਦਾ ਅਸਰ ਦੇਖਣ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ ਜ਼ਿਲ੍ਹੇ ‘ਚ 7 ਮਰੀਜ਼ ਕੋਰੋਨਾ ਅੱਗੇ ਜਿੰਦਗੀ ਦੀ ਜੰਗ ਹਾਰ ਗਏ ਹਨ ਜਦਕਿ 116 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੇ ਅਨੁਸਾਰ ਲੁਧਿਆਣਾ ‘ਚ ਅੱਜ ਕੋਰੋਨਾ ਤੋਂ ਪ੍ਰਭਾਵਿਤ 116 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 102 ਮਰੀਜ਼ ਜ਼ਿਲ੍ਹਾ ਲੁਧਿਆਣਾ ਨਾਲ, ਜਦਕਿ 14 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਬਦਕਿਸਮਤੀ ਨਾਲ ਲੁਧਿਆਣਾ ‘ਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ‘ਚੋਂ ਅੱਜ 7 ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚੋਂ 3 ਮ੍ਰਿਤਕ ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ ਜਦਕਿ 1-1 ਮ੍ਰਿਤਕ ਮਰੀਜ਼ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਰੋਪੜ ਅਤੇ ਬਠਿੰਡਾ ਤੋਂ ਇਲਾਵਾ ਰਾਜਸਥਾਨ ਨਾਲ ਸਬੰਧ ਰੱਖਦਾ ਸੀ।ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਜਿਹੜੇ 3 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ‘ਚੋਂ 85 ਸਾਲਾ ਮ੍ਰਿਤਕ ਮਰੀਜ਼ ਵਾਸੀ ਕੁੰਦਨਪੁਰੀ, 73 ਸਾਲਾ ਮ੍ਰਿਤਕ ਮਰੀਜ਼ ਵਾਸੀ ਮੈਡ ਕਾਲੋਨੀ ਸ਼ਿਮਲਾਪੁਰੀ ਅਤੇ 57 ਸਾਲਾ ਮ੍ਰਿਤਕ ਮਰੀਜ਼ ਵਾਸੀ ਪਿੰਡ ਬੱਲੋਵਾਲ ਸ਼ਾਮਿਲ ਹੈ।