ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਸਖ਼ਤੀ ਕਰੇਗੀ ਪੁਲਿਸ

– ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕ ਸਹਿਯੋਗ ਕਰਨ – ਜ਼ਿਲ੍ਹਾ ਪੁਲਿਸ ਮੁਖੀ
ਮੋਗਾ, 18 ਨਵੰਬਰ ( ਨਿਊਜ਼ ਪੰਜਾਬ)
ਕੋਵਿਡ 19 ਦਾ ਪ੍ਰਕੋਪ ਮੁੜ ਵਧਣ ਦੇ ਖਦਸ਼ੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਪੁਲਿਸ ਨੇ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਮਨ ਬਣਾਇਆ ਹੈ। ਇਹ ਜਾਣਕਾਰੀ ਅੱਜ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਹਰਮਨਬੀਰ ਸਿੰਘ ਗਿੱਲ ਨੇ ਦਿੱਤੀ।
ਉਹਨਾਂ ਇਸ ਸਬੰਧੀ ਪੰਜਾਬ ਪੁਲਿਸ ਮੁਖੀ ਵੱਲੋਂ ਪ੍ਰਾਪਤ ਹਦਾਇਤਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਜੋ ਲੋਕ ਮਾਸਕ ਨਹੀਂ ਪਾਉਂਦੇ, ਸਮਾਜਿਕ ਦੂਰੀ ਨਹੀਂ ਰੱਖਦੇ ਅਤੇ ਇਕੱਠਾਂ ਸਬੰਧੀ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਹੁਣ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਸਲਾਹ ਮੁਤਾਬਿਕ ਕੋਵਿਡ 19 ਮਾਮਲਿਆਂ ਵਿੱਚ ਉਛਾਲ ਆਉਣ ਦਾ ਖਦਸ਼ਾ ਹੈ। ਇਸ ਲਈ ਹੁਣ ਜਰੂਰੀ ਹੈ ਕਿ ਹਦਾੲਿਤਾਂ ਦੀ ਪੂਰਨ ਤੌਰ ਉੱਤੇ ਪਾਲਣਾ ਕੀਤੀ ਜਾਵੇ।
ਉਹਨਾਂ ਕਿਹਾ ਕਿ ਇਸ ਦਿਸ਼ਾ ਵਿੱਚ ਪੰਜਾਬ ਪੁਲਿਸ ਵੱਲੋਂ ਸੂਬਾ ਪੱਧਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਸਾਡੇ ਪੁਲਿਸ ਕਰਮਚਾਰੀਆਂ ਦੀ ਦੇਖਭਾਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੇ ਵੱਧ ਤੋਂ ਵੱਧ ਸੈਂਪਲਿੰਗ ਅਤੇ ਇਲਾਜ ਕਰਵਾਇਆ ਜਾ ਰਿਹਾ ਤਾਂ ਜੋ ਲੋਕਾਂ ਦੇ ਨਾਲ ਨਾਲ ਇਸ ਡਿਊਟੀ ਵਿੱਚ ਲੱਗੇ ਇਹਨਾਂ ਕਰੋਨਾ ਯੋਧਿਆਂ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇ। ਉਹਨਾਂ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।