ਕੇਂਦਰ ਨੇ ਕਿਸਾਨ ਜਥੇਬੰਦੀਆਂ ਨੂੰ ਭੇਜਿਆ ਸੱਦਾ, ਤੋਮਰ ਤੇ ਗੋਇਲ ਕਰਨਗੇ ਕਿਸਾਨਾਂ ਨਾਲ ਗੱਲਬਾਤ

ਨਵੀ ਦਿੱਲੀ, 10 ਨਵੰਬਰ (ਨਿਊਜ਼ ਪੰਜਾਬ)- ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ 13 ਨਵੰਬਰ ਲਈ ਬਕਾਇਦਾ ਰਸਮੀ ਸੱਦਾ ਭੇਜਿਆ ਹੈ | ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਦੇ ਨਾਮ ਭੇਜੇ ਗਏ ਇਸ ਸੱਦਾ ਪੱਤਰ ਵਿਚ ਦੱਸਿਆ ਹੈ ਕੇ 13 ਨਵੰਬਰ ਨੂੰ ਸਵੇਰੇ 11 ਵਜੇ ਵਿਗਿਆਨ ਭਵਨ ਵਿਖੇ ਹੋਣ ਵਾਲੀ ਮੀਟਿੰਗ ਵਿਚ ਕੇਂਦਰ ਸਰਕਾਰ ਵੱਲੋ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਕਿਸਾਨਾਂ ਨਾਲ ਗੱਲਬਾਤ ਕਰਨਗੇ | ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਪਾਲ ਨੇ ਦੱਸਿਆ ਕੇ 29 ਜਥੇਬੰਦੀਆਂ ਦੇ ਨਾਮ ਸੱਦਾ ਪੱਤਰ ਆ ਗਿਆ ਹੈ| ਹੁਣ ਕਿਸਾਨ ਜਥੇਬੰਦੀਆਂ 12 ਨਵੰਬਰ ਨੂੰ ਆਪਸ ਵਿਚ ਮੀਟਿੰਗ ਕਰਕੇ ਕੇਂਦਰ ਸਰਕਾਰ ਨਾਲ ਗੱਲਬਾਤ ਦਾ ਏਜੰਡਾ ਤੈਅ ਕਰਨਗੀਆਂ | ਸ੍ਰੀ ਦਰਸ਼ਨ ਪਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕੇ ਉਹ ਗੱਲਬਾਤ ਲਈ ਮਾਹੌਲ ਸੁਖਾਵਾਂ ਬਣਾਉਣ ਵਾਸਤੇ ਮੀਟਿੰਗ ਤੋਂ ਪਹਿਲਾ ਹੀ ਮਾਲ ਗੱਡੀਆਂ ਚਲਾਉਣ ਤਾ ਜੋ ਕਿਸਾਨਾਂ ਵਿਚ ਵਿਸ਼ਵਾਸ਼ ਪੈਦਾ ਹੋ ਸਕੇ |