ਲੁਧਿਆਣਾ ‘ਚ 107 ਸਮਾਰਟ ਸਕੂਲਾਂ ਦਾ ਉਦਘਾਟਨ, 38 ਪ੍ਰਾਇਮਰੀ ਸਕੂਲਾਂ ਨੂੰ 267 ਟੈਬਲਟ ਵੰਡੇ

ਲੁਧਿਆਣਾ, 7 ਨਵੰਬਰ (ਨਿਊਜ਼ ਪੰਜਾਬ) – ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਅਤੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਵਿਕਸਤ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਲ 2020-21 ਲਈ 100 ਪ੍ਰਤੀਸ਼ਤ ਨਤੀਜੇ ਪ੍ਰਾਪਤ ਕਰਨ ਲਈ ਅੱਜ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸ਼ੁਰੂਆਤ ਕੀਤੀ ਉਸਦੇ ਨਾਲ ਹੀ ਸਮਾਰਟ ਸਕੂਲਾਂ ਦੇ ਉਦਘਾਟਨ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਟੈਬਲੇਟ ਵੀ ਵੰਡੇ।  ਪੰਜਾਬੀ ਹਫਤੇ ਦੇ ਅਖੀਰਲੇ ਦਿਨ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਬੱਚਤ ਭਵਨ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਸਾਰੇ ਪ੍ਰੋਜੈਕਟਾਂ ਦਾ ਵਰਚੂਅਲੀ ਉਦਘਾਟਨ ਕੀਤਾ। ਇਸ ਸਮਾਗਮ ਮੌਕੇ ਵਿਧਾਇਕ ਉੱਤਰੀ ਸ੍ਰੀ ਸੁਰਿੰਦਰ ਡਾਵਰ, ਵਿਧਾਇਕ ਪੂਰਬੀ ਸ੍ਰੀ ਸੰਜੇ ਤਲਵਾੜ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਅਤੇ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਵੀ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲੇ ਦੇ 107 ਸਮਾਰਟ ਸਕੂਲਾਂ ਦਾ ਵਰਚੂਅਲ ਉਦਘਾਟਨ ਕੀਤਾ ਹੈ, ਜਦੋਂ ਕਿ ਲੁਧਿਆਣਾ ਦੇ 38 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ 267 ਟੈਬਲੇਟ ਵੀ ਵੰਡੇ ਗਏ ਹਨ, ਤਾਂ ਜੋ ਵਿਦਿਆਰਥੀਆਂ ਨੂੰ ਕੋਵਿਡ-19 ਦੌਰਾਨ ਡਿਜੀਟਲ ਐਜੂਕੇਸ਼ਨ ਨਾਲ ਜੋੜਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪ੍ਰਾਇਮਰੀ ਵਰਗ ਦੇ ਕੁੱਲ 993 ਸਕੂਲਾਂ ਵਿਚੋਂ 964 ਸਕੂਲ ਅਤੇ ਅੱਪਰ ਪ੍ਰਾਇਮਰੀ ਵਰਗ ਦੇ ਕੁੱਲ 533 ਸਕੂਲਾਂ ਵਿਚੋਂ 521 ਸਕੂਲ ਪਹਿਲੇ ਪੜਾਅ ਵਿਚ ਸਮਾਰਟ ਸਕੂਲ ਵਿਚ ਤਬਦੀਲ ਹੋ ਗਏ ਹਨ। ਵਰਚੁਅਲ ਪ੍ਰੋਗਰਾਮ ਦੌਰਾਨ ਜ਼ਿਲੇ ਦੇ ਕਸਬਾ ਸਾਹਨੇਵਾਲ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਕਰਮਜੀਤ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਿਲਕੁਲ ਪਾਰਦਰਸ਼ੀ ਅਤੇ ਯੋਗਤਾ ਅਧਾਰਤ ਪ੍ਰਕਿਰਿਆ ਵਿਚ ਸਿੱਧੀ ਭਰਤੀ ਵਜੋਂ ਸ਼ਾਮਲ ਹੋਈ ਹੈ। ਇਸ ਮੌਕੇ ਪ੍ਰਮੁੱਖ ਸ਼ਖਸੀਅਤਾਂ ਵਿੱਚ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰ. ਅਮਰਜੀਤ ਸਿੰਘ ਟਿੱਕਾ, ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।