ਮਹਿਲ ਕਲਾਂ ਦੇ ਦੁਕਾਨਦਾਰਾਂ ਨੇ ਬੀ. ਡੀ. ਪੀ. ਓ. ਨੂੰ ਦਫ਼ਤਰ ‘ਚ ਬਣਾਇਆ ਬੰਦੀ
ਮਹਿਲ ਕਲਾਂ, 2 ਨਵੰਬਰ (ਨਿਊਜ਼ ਪੰਜਾਬ)- ਬੀ. ਡੀ. ਪੀ. ਓ. ਕੰਪਲੈਕਸ ਅੰਦਰ ਉਸਾਰੀਆਂ ਜਾਣ ਵਾਲੀਆਂ 20 ਦੁਕਾਨਾਂ ਦੇ ਡਰਾਅ ਪਿਛਲੇ 10 ਮਹੀਨਿਆਂ ਤੋਂ ਨਾ ਕੱਢੇ ਜਾਣ ਤੋਂ ਰੋਹ ‘ਚ ਦੁਕਾਨਦਾਰਾਂ ਨੇ ਅੱਜ ਬੀ. ਡੀ. ਪੀ. ਓ. ਦਫ਼ਤਰ ਮਹਿਲ ਕਲਾਂ ਦਾ ਘਿਰਾਓ ਕਰਕੇ ਬੀ. ਡੀ. ਪੀ. ਓ. ਮਹਿਲ ਕਲਾਂ ਨੂੰ ਉਸ ਦੇ ਦਫ਼ਤਰ ਅੰਦਰ ਹੀ ਬੰਦੀ ਬਣਾ ਲਿਆ। ਦੁਕਾਨਦਾਰ ਯੂਨੀਅਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਫ਼ਰਵਰੀ 2020 ‘ਚ 20 ਦੁਕਾਨਾਂ ਲਈ 50 ਹਜ਼ਾਰ ਰੁਪਏ ਦੇ ਡਿਮਾਂਡ ਡਰਾਫ਼ਟ ਸਮੇਤ ਅਰਜ਼ੀਆਂ ਲਈਆਂ ਸਨ ਪਰ ਹੁਣ ਤੱਕ ਡਰਾਅ ਨਹੀਂ ਕੱਢੇ ਗਏ। 10 ਮਹੀਨਿਆਂ ਬਾਅਦ ਹੁਣ ਮਹਿਕਮੇ ਦੇ ਅਧਿਕਾਰੀ ਅਰਜ਼ੀਆਂ ਵਾਪਸ ਕਰਨ ਦੀ ਗੱਲ ਕਰ ਰਹੇ ਹਨ, ਜਦਕਿ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਡਰਾਅ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ। ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਭਾਕਿਯੂ ਸਿੱਧੂਪੁਰ ਦੇ ਆਗੂ ਮਨਜੀਤ ਸਿੰਘ ਸਹਿਜੜਾ, ਕਰਮਜੀਤ ਸਿੰਘ ਉੱਪਲ ਨੇ ਬੀ. ਡੀ. ਪੀ. ਓ. ਮਹਿਲ ਕਲਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੁਕਾਨਾਂ ਦੇ ਡਰਾਅ ਕੱਢਣ ‘ਚ ਜਾਣਬੁੱਝ ਕੇ ਕੀਤੀ ਜਾ ਰਹੀ ਦੇਰੀ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ। ਦੁਕਾਨਦਾਰ ਯੂਨੀਅਨ ਦੇ ਆਗੂ ਹਰਦੀਪ ਸਿੰਘ ਬੀਹਲਾ, ਜਗਦੀਸ਼ ਸਿੰਘ ਪੰਨੂੰ ਨੇ ਮੰਗ ਕੀਤੀ ਕਿ ਵਿਭਾਗ ਦੁਕਾਨਦਾਰਾਂ ਨਾਲ ਕੀਤੇ ਵਾਅਦੇ ਅਨੁਸਾਰ ਦੁਕਾਨਾਂ ਦੇ ਡਰਾਅ ਤੁਰੰਤ ਕੱਢੇ ਵਰਨਾ ਇਹ ਸੰਘਰਸ਼ ਅਣਮਿਥੇ ਸਮੇਂ ਲਈ ਜਾਰੀ ਰਹੇਗਾ।