ਪੰਜਾਬ ਸਰਕਾਰ ਵਲੋਂ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਤਸਦੀਕਸ਼ੁਦਾ ਬੀਜਾਂ ਦੀ ਖਰੀਦ `ਤੇ ਦਿੱਤੀ ਜਾਵੇਗੀ 50 ਫੀਸਦੀ ਸਬਸਿਡੀ-ਡਿਪਟੀ ਕਮਿਸ਼ਨਰ
ਤਰਨ ਤਾਰਨ, 2 ਨਵੰਬਰ (ਨਿਊਜ਼ ਪੰਜਾਬ)-ਪੰਜਾਬ ਸਰਕਾਰ ਵਲੋਂ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਤਸਦੀਕ ਸ਼ੁਦਾ ਬੀਜਾਂ ਦੀ ਖਰੀਦ `ਤੇ 50 ਫੀਸਦੀ ਸਬਸਿਡੀ ਦਿੱਤੀ ਜਾਵੇਗੀ , ਜਿਸ ਲਈ ਜਿਲਾ ਪ੍ਰਸ਼ਾਸ਼ਨ ਵਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੂੰ ਕਿਸਾਨਾਂ ਦੀ ਸਹੂਲਤ ਲਈ ਛੁੱਟੀ ਵਾਲੇ ਦਿਨ ਵੀ ਦਫਤਰ ਖੋਲਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਤਾਂ ਜੋ ਕਿਸਾਨ ਸਮੇਂ ਸਿਰ ਬੀਜ ਲੈ ਕੇ ਬਿਜਾਈ ਕਰ ਸਕਣ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਵਲੋਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਕੇਵਲ ਮਾਨਤਾ ਪ੍ਰਾਪਤ ਫਰਮਾਂ ਤੋਂ ਬੀਜ ਦੀ ਖ੍ਰੀਦ ਲਈ ਜਾਗਰੂਕ ਕੀਤਾ ਜਾਵੇ ਤੇ ਬੀਜ ਦੀ ਵੰਡ ਬਿਨਾਂ ਦੇਰੀ ਕੀਤੀ ਜਾਵੇ। ਉਨਾਂ ਦੱਸਿਆ ਕਿ ਸਬੰਧਿਤ ਵਿਭਾਗ ਵਲੋਂ ਕਣਕ ਦਾ ਬੀਜ ਬਲਾਕ ਪੱਧਰ `ਤੇ ਮੁਹੱਈਆ ਕਰਵਾ ਦਿੱਤਾ ਗਿਆ ਹੈ , ਜਿਸ ਲਈ ਕਿਸਾਨ ਵੀਰ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ।
ਉਹਨਾਂ ਕਿਹਾ ਕਿ ਕਿਸਾਨ ਕੇਵਲ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਵੱਲੋਂ ਰਜਿਸਟਰਡ ਕੀਤੇ ਸਰਕਾਰੀ /ਅਰਧ ਸਰਕਾਰੀ ਸੰਸਥਾਵਾਂ /ਸਹਿਕਾਰੀ ਅਦਾਰੇਜਿਵੇਂ ਕਿ ਪਨਸੀਡ, ਐੱਨ. ਐੱਸ. ਸੀ., ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕਰਿਭਕੋ, ਇਫ਼ਕੋ ਅਦਿ ਦੇ ਸੇਲ ਕਾਉਟਰਾਂ ਤੋਂ ਜਾਂ ਉਹਨਾਂ ਦੇ ਅਧਿਕਾਰਤ ਡੀਲਰਾਂ ਪਾਸੋ ਕੇਵਲ ਸਰਟੀਫਾਇਡ ਬੀਜ ਦੀ ਪੂਰੀ ਕੀਮਤ ਅਦਾ ਕਰਕੇ ਸਬਸਿਡੀ ਦਾ ਲਾਭ ਲੈ ਸਕਦੇ ਹਨ। ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਸ੍ਰੀ ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਹਾੜੀ 2020-21 ਲਈ ਕਣਕ ਦੇ ਬੀਜ ਦੀ ਪਾਲਿਸੀ ਅਨੁਸਾਰ ਬੀਜ ਦੀ ਕੀਮਤ ਦਾ 50% ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮਾਂ ਕਰਵਾਈ ਜਾਵੇਗੀ ਅਤੇ ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ ਬੀਜ ਤੇ ਸਬਸਿਡੀ ਦਿੱਤੀ ਜਾਵੇਗੀ। ਪਹਿਲ ਦੇ ਅਧਾਰ ‘ਤੇ ਸਬਸਿਡੀ ਛੋਟੇ ਕਿਸਾਨ ਭਾਵ ਢਾਈ ਏਕੜ ਤੱਕ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਕਿਸਾਨ ਕਣਕ ਦੇ ਬੀਜ ਦੀ ਸਬਸਿਡੀ ਪ੍ਰਾਪਤ ਕਰਨ ਲਈ ਨਿਰਧਾਰਤ ਪ੍ਰੋਫਾਰਮਾ ਵਿਭਾਗ ਦੀ ਵੈਬਸਾਈਟ ਤੋਂ ਡਾਊਨਲੋਡ ਕਰਕੇ ਬਲਾਕ ਖੇਤੀਬਾੜੀ ਦਫਤਰਾਂ ਵਿੱਚ ਜਮਾਂ ਕਰਵਾਉਣ, ਜੋ ਕਿ ਪਿੰਡ ਦੇ ਸਰਪੰਚ/ ਨੰਬਰਦਾਰ ਜਾਂ ਐੱਮ. ਸੀ. ਤੋਂ ਤਸਦੀਕ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਬਸਿਡੀ ਕਣਕ ਦੀਆ ਕਿਸਮਾਂ ਜਿਵੇਂ ਕਿ ਐੱਚ. ਡੀ. 2967 ਐੱਚ. ਡੀ. 3086 ਉੱਨਤ ਪੀ. ਬੀ. ਡਬਲਿਊ 343, 550, ਪੀ. ਬੀ. ਡਬਲਿਊ. 1 ਜਿੰਕ, 725, 677, 621, 752, 658, 660, 644 ਡਬਲਿਊ. ਐੱਚ. 1105 ਡਬਲਿਯੂ. ਐੱਚ. ਡੀ. 943 ਕਿਸਮਾਂ `ਤੇ ਹੀ ਮਿਲੇਗੀ। ਉਹਨਾਂ ਕਿਹਾ ਕਿ ਕਿਸਾਨ ਬੀਜ ਨੂੰ ਸੋਧ ਕਰਕੇ ਹੀ ਕਣਕ ਦੀ ਬਿਜਾਈ ਕਰਨ।