ਕਿਸਾਨ ਹਰਮੇਲ ਸਿੰਘ ਨੇ ਪਿਛਲੇ 3 ਸਾਲਾਂ ਤੋਂ ਫਸਲਾਂ ਦੀ ਨਾੜ ਨੂੰ ਨਹੀਂ ਲਗਾਈ ਅੱਗ

ਲੁਧਿਆਣਾ, 2 ਨਵੰਬਰ (ਨਿਊਜ਼ ਪੰਜਾਬ) – ਹਰਮੇਲ ਸਿੰੰਘ ਪਿੰਡ ਹਲਵਾਰਾ, ਬਲਾਕ ਸੁਧਾਰ ਦਾ ਇੱਕ ਮਿਹਨਤੀ ਕਿਸਾਨ ਹੈ। 12ਵੀਂ ਪਾਸ ਅਗਾਂਹਵਧੂ ਕਿਸਾਨ ਆਪਣੀ 10 ਏਕੜ ਜੱਦੀ ਪੁਸ਼ਤੀ ਅਤੇ 55 ਏਕੜ ਠੇਕੇ ਦੀ ਜ਼ਮੀਨ ਉੱਪਰ ਝੋਨਾ, ਮੱਕੀ, ਕਣਕ, ਸਰੋਂ, ਆਲੂ ਅਤੇ ਮੂੰਗੀ ਦੀ ਫਸਲ ਦੀ ਖੇਤੀ ਕਰਦਾ ਹੈ। ਸਾਲ 2017 ਤੋਂ ਕਿਸਾਨ ਹਰਮੇਲ ਸਿੰਘ ਨੇ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਫਸਲਾਂ ਦੀ ਨਾੜ ਨੂੰ ਅੱਗ ਨਹੀਂ ਲਗਾਈ। ਕਿਸਾਨ ਹਰਮੇਲ ਸਿੰਘ ਜ਼ਿਆਦਾਤਰ ਕਿਸਾਨਾਂ ਦੀ ਤਰਾਂ ਵਾਤਾਵਰਣ ਪ੍ਰੇਮੀ ਹੈ ਅਤੇ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕਿੱਤਾ ਵੀ ਕਰਦਾ ਹੈ। ਅਗਾਂਹਵਧੂ ਤੇ ਉੱਨਤਸ਼ੀਲ ਕਿਸਾਨ ਦੇ ਨਾਲ ਪਿੰਡ ਦੇ ਕਿਸਾਨ ਵੀ ਜੁੜੇ ਹੋਏ ਹਨ। ਕਿਸਾਨ ਹਰਮੇਲ ਸਿੰਘ ਨੇ ਗੱਲਬਾਤ ਦੌਰਾਨ ਖੇਤੀ ਸਮੱਸਿਆਵਾਂ ਦੀ ਚਰਚਾ ਦੇ ਨਾਲ-ਨਾਲ ਖੇਤੀ ਦੀ ਕਾਸ਼ਤ ਅਤੇ ਫਾਇਦੇਮੰਦ ਫਸਲੀ ਝਾੜ ਪ੍ਰਾਪਤ ਕਰਨ ਦੇ ਤਜ਼ਰਬੇ ਵੀ ਸਾਂਝੇ ਕੀਤੇ। ਕਿਸਾਨ ਨੇ ਦੱਸਿਆ ਕਿ ਉਹ ਖੇਤੀਬਾੜੀ ਵਿਭਾਗ ਦੁਆਰਾ ਦਿੱਤੇ ਜਾਂਦੇ ਫਸਲੀ ਤਜ਼ਰਬਿਆਂ ਵਿੱਚ ਵੀ ਦਿਲਚਸਪੀ ਲੈਂਦਾ ਹੈ ਅਤੇ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਤੋਂ ਮਸ਼ੀਨਰੀ ਦੀ ਮਦਦ ਲੈ ਕੇ ਪਰਾਲੀ ਦੀ ਸਾਂਭ-ਸੰਭਾਲ ਕਰਦਾ ਹੈ। ਵਾਤਾਵਰਣ ਪੱਖੀ ਕਿਸਾਨ ਨੇ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਵਿੱਚ ਕਣਕ ਦੀ ਬਿਜਾਈ ਮਲਚਰ ਤੇ ਰੋਟਾਵੇਟਰ ਨਾਲ ਕਰਦਾ ਹੈ ਅਤੇ 25 ਏਕੜ ਵਿੱਚ ਆਲੂਆਂ ਦੀ ਬਿਜਾਈ ਲਈ ਖੇਤ ਵਿੱਚ ਚੌਪਰ ਉਪਰੰਤ ਬੇਲਰ ਦੀ ਵਰਤੋਂ ਨਾਲ ਗੰਢਾਂ ਬਣਵਾਉਂਦਾ ਹੈ। ਕਿਸਾਨ ਹਰਮੇਲ ਸਿੰਘ ਨੇ ਦੱਸਿਆ ਕਿ ਉਸਨੇ 2300/- ਰੁਪਏ ਪ੍ਰਤੀ ਏਕੜ ਨਾਲ ਪਰਾਲੀ ਖੇਤ ਵਿੱਚੋਂ ਚੁਕਵਾਈ ਹੈ। ਕਿਸਾਨ ਹਰਮੇਲ ਸਿੰਘ ਨਾਲ ਦੇ ਕਿਸਾਨਾਂ ਨੂੰ ਵੀ ਚੌਪਰ, ਰੋਟਾਵੇਟਰ ਅਤੇ ਐਮ.ਬੀ.ਪਲਾਓ ਮਸ਼ਨਰੀ ਨਾਲ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਜਜਬ ਕਰਨ ਲਈ ਪ੍ਰੇਰਿਤ ਕਰਦਾ ਹੈ। ਉਸਨੇ ਦੱਸਿਆ ਕਿ ਇਸ ਵਾਰ ਕਣਕ ਦੀ ਕੁੱਝ ਏਕੜ ਦੀ ਬਿਜਾਈ ਸੁਪਰ ਸੀਡਰ ਨਾਲ ਕੀਤੀ ਹੈ। ਕਿਸਾਨ ਹਰਮੇਲ ਸਿੰਘ ਵੱਲੋਂ ਝੋਨੇ ਦੀ ਫਸਲ ਦੀ ਥਾਂ 3 ਏਕੜ ਵਿੱਚ ਮੂੰਗੀ ਅਤੇ ਮੱਕੀ ਦੀ ਕਾਸ਼ਤ ਕੀਤੀ ਗਈ ਅਤੇ ਘਰੇਲੂ ਬਗੀਚੀ ਦੁਆਰਾ ਆਪਣੇ ਪਰਿਵਾਰ ਲਈ ਸਬਜ਼ੀਆਂ ਬਿਨਾਂ ਖਾਦ ਸਪਰੇਅ ਕੀਤੇ ਤਿਆਰ ਕਰਦਾ ਹੈ। ਇਹ ਕਿਸਾਨ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਹੈ।