ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨੂੰ ਖੇਡਾਂ, ਚੌਗਿਰਦੇ ਤੇ ਸਵੇਰ ਦੀ ਸਭਾ ਦੀ ਸਮੱਗਰੀ ਲਈ 1.23 ਕਰੋੜ ਰੁਪਏ ਦੀ ਗ੍ਰਾਂਟ ਜਾਰੀ

ਪਟਿਆਲਾ, 31 ਅਕਤੂਬਰ (ਨਿਊਜ਼ ਪੰਜਾਬ)-ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ‘ਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਤੰਦਰੁਸਤੀ ਤੇ ਖੇਡ ਮੈਦਾਨਾਂ ਦੀ ਸਾਂਭ-ਸੰਭਾਲ, ਖੇਡ ਸਮੱਗਰੀ ਦੀ ਖਰੀਦ, ਸਵੇਰ ਦੀ ਸਭਾ ਜਾਂ ਸਹਿ-ਅਕਾਦਮਿਕ ਕਿਰਿਆਵਾਂ ਲਈ ਲੋੜੀਂਦੀ ਸਮੱਗਰੀ ਦੀ ਖ਼ਰੀਦ, ਸਕੂਲ ਦੇ ਵਾਤਾਵਰਨ ਨੂੰ ਹਰਿਆਵਲ ਭਰਿਆ ਬਣਾਉਣ ਤੇ ਚੌਗਿਰਦੇ ਦੀ ਸੰਭਾਲ ਲਈ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲਾਂ ਨੂੰ 1 ਕਰੋੜ 23 ਲੱਖ 95 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਯੂਥ ਐਂਡ ਈਕੋ ਕਲੱਬ ਮੱਦ ਅਧੀਨ ਇਹ ਗ੍ਰਾਂਟ ਜਾਰੀ ਕੀਤੀ ਗਈ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹੇ ਦੇ 940 ਪ੍ਰਾਇਮਰੀ ਸਕੂਲਾਂ ਨੂੰ ਪ੍ਰਤੀ ਸਕੂਲ 5 ਹਜ਼ਾਰ ਰੁਪਏ (47 ਲੱਖ ਰੁਪਏ), 173 ਮਿਡਲ ਸਕੂਲਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਸਕੂਲ ( 25.95 ਲੱਖ ਰੁਪਏ) ਅਤੇ 204 ਹਾਈ/ਸੈਕੰਡਰੀ ਸਕੂਲਾਂ ਨੂੰ 25 ਹਜ਼ਾਰ ਰੁਪਏ ਪ੍ਰਤੀ ਸਕੂਲ (51 ਲੱਖ ਰੁਪਏ) ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਇਸ ਗ੍ਰਾਂਟ ਨੂੰ ਖਰਚ ਕਰਨ ਲਈ ਬਣਾਈ ਜਾਣ ਵਾਲੀ ਕਮੇਟੀ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦੇ ਨਾਲ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਸੀਨੀਅਰ ਅਧਿਆਪਕ ਮੈਂਬਰ ਸਕੱਤਰ, ਸਰੀਰਕ ਸਿੱਖਿਆ ਅਧਿਆਪਕ, ਸਾਇੰਸ ਅਧਿਆਪਕ, ਆਰਟ ਐਂਟ ਕਰਾਫ਼ਟ ਅਧਿਆਪਕ, ਇੱਕ ਸਕੂਲ ਮੈਨੇਜਮੈਂਟ ਕਮੇਟੀ ਦਾ ਮੈਂਬਰ ਅਤੇ ਦੋ ਵਿਦਿਆਰਥੀ ਸ਼ਾਮਲ ਹੋਣਗੇ। ਇਸੇ ਤਰਾਂ ਪ੍ਰਾਇਮਰੀ ਸਕੂਲਾਂ ਵਿੱਚ ਸਕੂਲ ਮੁਖੀ ਖਰਚ ਕਮੇਟੀ ਦਾ ਚੇਅਰਮੈਨ, ਇੱਕ ਅਧਿਆਪਕ ਮੈਂਬਰ ਸਕੱਤਰ ਅਤੇ 2 ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ਼ਾਮਲ ਹੋਣਗੇ। ਸਿੱਖਿਆ ਵਿਭਾਗ ਵੱਲੋਂ ਯੂਥ ਕਲੱਬ ਅਤੇ ਈਕੋ ਕਲੱਬ ਅਧੀਨ ਜਿਨ੍ਹਾਂ ਮੱਦਾਂ ‘ਤੇ ਗ੍ਰਾਂਟ ਖਰਚ ਕੀਤੀ ਜਾ ਸਕਦੀ ਹੈ ਇਸ ਸਬੰਧੀ ਵੀ ਪੱਤਰ ਵਿੱਚ ਵਿਸਥਾਰ ਸਹਿਤ ਸਪਸ਼ਟ ਕੀਤਾ ਗਿਆ ਹੈ।