ਜੇਲ੍ਹ ਬੰਦੀਆਂ ਵੱਲੋਂ ਬਣਾਏ 4100 ਮਾਸਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਲੋੜਵੰਦਾਂ ਨੂੰ ਵੰਡੇ
-ਜਸਟਿਸ ਰਾਜਨ ਗੁਪਤਾ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟ ਤਹਿਤ ਹੁਣ ਤੱਕ 14 ਹਜ਼ਾਰ ਮਾਸਕਾਂ ਦੀ ਕੀਤੀ ਗਈ ਵੰਡ : ਰਾਜਿੰਦਰ ਅਗਰਵਾਲ
ਪਟਿਆਲਾ, 30 ਅਕਤੂਬਰ (ਨਿਊਜ਼ ਪੰਜਾਬ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਚੇਅਰਮੈਨ ਜੇਲ੍ਹ ਕਮੇਟੀ ਪੰਜਾਬ ਤੇ ਹਰਿਆਣਾ ਜਸਟਿਸ ਰਾਜਨ ਗੁਪਤਾ ਵੱਲੋਂ ਜੇਲ੍ਹਾਂ ‘ਚ ਮਾਸਕ ਬਣਾਉਣ ਦੇ ਪ੍ਰੋਜੈਕਟ ਦੀ ਜੋ ਸ਼ੁਰੂਆਤ ਕੀਤੀ ਗਈ ਸੀ, ਉਸ ਤਹਿਤ ਹੁਣ ਤੱਕ ਪਟਿਆਲਾ ਜ਼ਿਲ੍ਹੇ ‘ਚ 14 ਹਜ਼ਾਰ ਮਾਸਕ ਬਣਾਕੇ ਲੋੜਵੰਦਾਂ ਨੂੰ ਵੰਡੇ ਜਾ ਚੁੱਕੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਰਵਾਲ ਨੇ ਅੱਜ ਜ਼ਿਲ੍ਹਾ ਕਚਹਿਰੀਆਂ ਵਿਖੇ ਪਟਿਆਲਾ ਜ਼ਿਲ੍ਹੇ ਦੇ ਚਾਰ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਬਜ਼ੀ ਮੰਡੀ ਸਨੌਰ ਦੇ ਅਹੁਦੇਦਾਰਾਂ ਨੂੰ 4100 ਮਾਸਕ ਵੰਡਣ ਸਮੇਂ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਸਮੇਂ ਜੇਲ ਬੰਦੀਆਂ ਵੱਲੋਂ ਕੀਤਾ ਗਿਆ ਮਾਸਕ ਬਣਾਉਣ ਦਾ ਇਹ ਕੰਮ ਸ਼ਲਾਘਾਯੋਗ ਹੈ ਅਤੇ ਇਸ ਔਖੀ ਘੜੀ ਵਿੱਚ ਲੋਕਾਂ ਦੀ ਸਭ ਤੋਂ ਵੱਡੀ ਜ਼ਰੂਰਤ ਮਾਸਕ ਨੂੰ ਤਿਆਰ ਕਰਨ ਵਿੱਚ ਕੈਦੀਆਂ ਵੱਲੋਂ ਦਿਖਾਈ ਦਿਲਚਸਪੀ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਮਾਸਕ ਜਿਥੇ ਬਿਮਾਰੀ ਤੋਂ ਬਚਾਉਣ ਲਈ ਸਹਾਈ ਹੋਣਗੇ, ਉਥੇ ਹੀ ਲੋਕਾਂ ਨੂੰ ਬਿਮਾਰੀ ਪ੍ਰਤੀ ਵੀ ਜਾਗਰੂਕ ਕਰਨਗੇ। ਸ੍ਰੀ ਰਾਜਿੰਦਰ ਅਗਰਵਾਲ ਨੇ ਸਮਾਜ ਸੇਵੀ ਸੰਸਥਾ ਖਾਲਸਾ ਏਡ ਵੱਲੋਂ ਮੁਹੱਈਆ ਕਰਵਾਏ ਕੱਪੜੇ ਦੇ ਕੈਦੀਆਂ ਵੱਲੋਂ ਬਣਾਏ 4100 ਮਾਸਕ ਪਿੰਡ ਜੋਗੀਪੁਰ, ਜਲਾਲਪੁਰ, ਨੂਰਖੇੜੀਆਂ ਅਤੇ ਪਿੰਡ ਚੌਰਾ ਦੇ ਸਰਪੰਚਾਂ ਨੂੰ ਸੌਪੇ ਅਤੇ ਸਨੌਰ ਸਬਜ਼ੀ ਮੰਡੀ ਵਾਸਤੇ ਵੀ ਮਾਸਕਾਂ ਦੀ ਵੰਡ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਮਾਸਕ ਉੱਚ ਕੁਆਲਿਟੀ ਦੇ ਹਨ ਅਤੇ ਧੋਣ ਤੋਂ ਬਾਅਦ ਦੁਬਾਰਾ ਵਰਤੋਂ ਵਿੱਚ ਲਿਆਂਦੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇਲਾਂ ਵਿੱਚ ਮਾਸਕ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ। ਇਸ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਪ੍ਰੀਆ ਸੂਦ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਸੰਜੇ ਕੁਮਾਰ ਸਚਦੇਵਾ, ਸੀ.ਜੇ.ਐਮ. ਮਿਸ ਪਰਮਿੰਦਰ ਕੌਰ, ਖਾਲਸਾ ਏਡ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ. ਅਮਨਪ੍ਰੀਤ ਸਿੰਘ, ਐਡਮਿਸਟਰੇਟਰ ਸ. ਗੁਰਪ੍ਰੀਤ ਸਿੰਘ, ਸਰਪੰਚ ਰਾਜਵੀਰ ਸਿੰਘ, ਸਵਰਨ ਸਿੰਘ, ਬੂਟਾ ਸਿੰਘ ਸੰਧੂ, ਰਮਜਾਨ ਖਾਨ ਅਤੇ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਗੁਰਮੁੱਖ ਸਿੰਘ ਵੀ ਮੌਜੂਦ ਸਨ।